ਤਾਲਿਬਾਨੀਆਂ ਨੇ ਕੀਤਾ ਆਜ਼ਾਦੀ ਦਾ ਐਲਾਨ, ਮਨਾਏ ਜਸ਼ਨ
ਕਾਬੁਲ, 31 ਅਗਸਤ (ਬੁਲੰਦ ਆਵਾਜ ਬਿਊਰੋ) – ਤਾਲਿਬਾਨ ਦੇ ਅਲਟੀਮੇਟਮ ਤੋਂ ਇਕ ਦਿਨ ਪਹਿਲਾਂ ਹੀ ਅਮਰੀਕੀ ਫ਼ੌਜ ਮੁਕੰਮਲ ਤੌਰ ’ਤੇ ਅਫ਼ਗਾਨਿਸਤਾਨ ਛੱਡ ਗਈ ਅਤੇ 20 ਸਾਲ ਤੋਂ ਚੱਲ ਰਹੇ ਸੰਘਰਸ਼ ਦਾ ਅੰਤ ਹੋ ਗਿਆ। ਅਮਰੀਕੀ ਫ਼ੌਜ ਦਾ ਆਖਰੀ ਜਹਾਜ਼ ਰਵਾਨਾ ਹੋਣ ਸਾਰ ਤਾਲਿਬਾਨੀਆਂ ਨੇ ਆਜ਼ਾਦੀ ਦਾ ਐਲਾਨ ਕਰ ਦਿਤਾ ਅਤੇ ਕਿਹਾ ਕਿ ਉਨ੍ਹਾਂ ਨੇ ਜੰਗ ਜਿੱਤ ਲਈ ਹੈ ਜਦਕਿ ਘੁਸਪੈਠੀਆਂ ਨੂੰ ਸਬਕ ਮਿਲਿਆ ਹੈ। ਜਿਉਂ ਹੀ ਅਮਰੀਕਾ ਦੇ ਆਖਰੀ ਸੀ-17 ਜਹਾਜ਼ ਨੇ ਉਡਾਣ ਭਰੀ ਤਾਂ ਤਾਲਿਬਾਨੀਆਂ ਨੇ ਜਸ਼ਨ ਵਿਚ ਫ਼ਾਇਰਿੰਗ ਸ਼ੁਰੂ ਕਰ ਦਿਤੀ।
ਤਾਲਿਬਾਨ ਦੇ ਬੁਲਾਰੇ ਅਮਾਨਉਲਾ ਵਸੀਕ ਨੇ ਟਵਿਟਰ ’ਤੇ ਸੁਨੇਹਾ ਜਾਰੀ ਕਰਦਿਆਂ ਕਿਹਾ, ‘‘ਕਾਬੁਲ ਦੇ ਲੋਕ ਘਬਰਾਉ ਨਾ, ਇਹ ਗੋਲੀਆਂ ਹਵਾ ਵਿਚ ਦਾਗੀਆਂ ਜਾ ਰਹੀਆਂ ਹਨ। ਮੁਜਾਹਿਦੀਨ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਨ। ਇਸੇ ਦੌਰਾਨ ਨੋਟਿਸ ਟੂ ਏਅਰਮੈਨ ਵੱਲੋਂ ਐਮਰਜੰਸੀ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ ਕਾਬੁਲ ਹਵਾਈ ਅੱਡੇ ’ਤੇ ਹੁਣ ਕਿਸੇ ਦਾ ਕੰਟਰੋਲ ਨਹੀਂ ਰਿਹਾ ਅਤੇ ਕਿਸੇ ਵੀ ਜਹਾਜ਼ ਦਾ ਇਥੋਂ ਟੇਕਔਫ਼ ਕਰਨਾ ਜਾਂ ਲੈਂਡ ਕਰਨਾ ਸੁਰੱਖਿਅਤ ਨਹੀਂ। ਦੂਜੇ ਪਾਸੇ ਤਾਲਿਬਾਨ ਨੇ ਕਿਹਾ ਕਿ ਉਸ ਦੀ ਸਪੈਸ਼ਲ ਫ਼ੋਰਸ ਬਦਰੀ 313 ਨੇ ਕਾਬੁਲ ਹਵਾਈ ਅੱਡੇ ਦੀ ਸੁਰੱਖਿਆ ਕਮਾਨ ਸੰਭਾਲ ਲਈ ਹੈ ਜਦਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਫ਼ੌਜਾਂ ਦੀ ਮੁਕੰਮਲ ਵਾਪਸੀ ਦਾ ਐਲਾਨ ਕਰ ਦਿਤਾ।