ਪੱਟੀ, 27 ਮਈ (ਰਛਪਾਲ ਸਿੰਘ) – ਇਥੇ ਸ਼ਹਿਰ ਦੇ ਸਰਹਾਲੀ ਰੋਡ ਉੱਤੇ ਅੱਜ ਸਵੇਰੇ ਗੋਲੀਆਂ ਮਾਰ ਕੇ ਦੋ ਨੌਜਵਾਨਾਂ ਦਾ ਕਤਲ ਤੇ ਇੱਕ ਨੌਜਵਾਨ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਗਿਆ ਹੈ। ਮਿ੍ਤਕ ਨੌਜਵਾਨਾਂ ਦੀ ਪਛਾਣ ਪੂਰਨ ਸਿੰਘ ਤੇ ਅਮਨਦੀਪ ਸਿੰਘ ਅਮਨ ਫੋਜੀ ਪੁੱਤਰ ਬਲਵੀਰ ਸਿੰਘ ਵਾਸੀ ਪੱਟੀ ਵਜੋਂ ਦੱਸੀ ਗਈ ਹੈ। ਗੰਭੀਰ ਜ਼ਖ਼ਮੀ ਸ਼ੇਰਾ ਵੀ ਪੱਟੀ ਦਾ ਰਹਿਣ ਵਾਲਾ ਹੈ। ਮਿ੍ਤਕ ਅਮਨ ਫੌਜੀ ਇਲਾਕੇ ਦੇ ਪ੍ਰਮੁੱਖ ਅਕਾਲੀ ਆਗੂ ਦੇ ਨੇੜਲਿਆਂ ਵਿੱਚੋਂ ਦੱਸਿਆ ਜਾਂਦਾ ਹੈ। ਸਥਾਨਕ ਪੁਲੀਸ ਇਸ ਘਟਨਾ ਨੂੰ ਗੈਂਗਵਾਰ ਵਜੋਂ ਵੇਖ ਰਹੀ ਹੈ। ਮੌਕੇ ਉੱਤੇ ਪਹੁੰਚੇ ਡੀਐਸਪੀ ਪੱਟੀ ਕੁਲਜਿੰਦਰ ਸਿੰਘ ਨੇ ਕਿਹਾ ਕਿ ਘਟਨਾ ਦੀ ਜਾਂਚ ਜਾਰੀ ਹੈ।
ਇਸ ਦੌਰਾਨ ਅਕਾਲੀ ਦਲ ਦੇ ਆਗੂ ਗੁਰਮੁੱਖ ਸਿੰਘ ਘੁੱਲਾ ਬਲੇਰ ਤੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਧਾਰੀਵਾਲ ਦੀ ਅਗਵਾਈ ਹੇਠ ਸ਼ਹਿਰ ਦੇ ਕੁੱਲਾ ਚੋਂਕ ਵਿੱਚ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਰੱਖ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪ੍ਰਸ਼ਾਸਨ ਖ਼ਿਲਾਫ਼ ਧਰਨਾ ਲਾ ਦਿੱਤਾ ਗਿਆ ਹੈ। ਉਧਰ ਗੈਂਗਸਟਰ ਜੱਗੂ ਭਗਵਾਨ ਪੁਰੀਏ ਦੇ ਗਰੁੱਪ ਨੇ ਸੋਸ਼ਲ ਮੀਡੀਆ ਉੱਤੇ ਇਨ੍ਹਾਂ ਕਤਲਾਂ ਦੀ ਜਿ਼ੰਮੇਵਾਰੀ ਕਬੂਲਦਿਆਂ ਕਤਲ ਕੀਤੇ ਨੌਜਵਾਨਾਂ ਦੇ ਸਾਥੀਆਂ ਨੂੰ ਤਿਆਰ ਰਹਿਣ ਦੀ ਧਮਕੀ ਦਿੱਤੀ ਹੈ।