ਚਿੱਟਾ ਹੁੰਦਾ ਜਾ ਰਿਹੈ ਖ਼ੂਨ, ਭਰਾ ਵੱਲੋਂ ਭਰਾ ਦਾ ਬੇਰਹਿਮੀ ਨਾਲ ਕਤਲ

ਨਾਭਾ, 8 ਜੂਨ (ਬੁਲੰਦ ਆਵਾਜ ਬਿਊਰੋ) –  ਸਮਾਜ ਵਿਚਲੇ ਰਿਸ਼ਤੇ ਨਾਤਿਆਂ ਵਿਚ ਇਸ ਕਦਰ ਤਰੇੜਾਂ ਪੈਦੀਆਂ ਜਾ ਰਹੀਆਂ ਨੇ ਕਿ ਅਪਣਿਆਂ ਵੱਲੋਂ ਹੀ ਅਪਣਿਆਂ ਦਾ ਖ਼ੂਨ ਵਹਾਇਆ ਜਾ ਰਿਹੈ। ਤਾਜ਼ਾ ਮਾਮਲਾ ਨਾਭਾ ਦੇ ਪਿੰਡ ਰਾਇਮਲ ਮਾਜਰੀ ਵਿਖੇ ਸਾਹਮਣੇ ਆਇਆ ਏ, ਜਿੱਥੇ ਇਕ ਭਰਾ ਨੇ ਸਾਥੀਆਂ ਨਾਲ ਮਿਲ ਕੇ ਅਪਣੇ ਹੀ ਭਰਾ ਦਾ ਕਤਲ ਕਰ ਦਿੱਤਾ। ਦਰਅਸਲ ਦੋ ਦਿਨ ਪਹਿਲਾਂ ਬਲਵਿੰਦਰ ਸਿੰਘ ਸ਼ਰਾਬੀ ਹਾਲਤ ਵਿਚ ਘਰ ਦੀ ਛੱਤ ’ਤੇ ਖੜ੍ਹ ਕੇ ਬਲਜਿੰਦਰ ਸਿੰਘ ਨੂੰ ਗਾਲੀ ਗਲੋਚ ਕਰ ਰਿਹਾ ਸੀ ਜਦੋਂ ਉਸ ਦੇ ਭਤੀਜੇ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਅਪਣੇ ਸਾਥੀਆਂ ਨਾਲ ਮਿਲ ਕੇ ਪਹਿਲਾਂ ਮ੍ਰਿਤਕ ਦੇ ਬੇਟੇ ਭੁਪਿੰਦਰ ਸਿੰਘ ਦੀ ਕੁੱਟਮਾਰ ਕੀਤੀ ਅਤੇ ਫਿਰ ਅਪਣੇ ਭਰਾ ਬਲਜਿੰਦਰ ਸਿੰਘ ’ਤੇ ਸਾਥੀਆਂ ਸਮੇਤ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਮਗਰੋਂ ਜ਼ਖ਼ਮੀ ਹੋਏ ਬਲਜਿੰਦਰ ਸਿੰਘ ਦੀ ਹਸਪਤਾਲ ਵਿਚ ਮੌਤ ਹੋ ਗਈ।
ਇਸ ਮੌਕੇ ਪਿੰਡ ਵਾਸੀਆਂ ਨੇ ਆਖਿਆ ਕਿ ਦੋਵੇਂ ਭਰਾਵਾਂ ਦੀ ਲੜਾਈ ਹੋਈ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਭਰਾ ਹੀ ਭਰਾ ਦਾ ਕਤਲ ਕਰਵਾ ਦੇਵੇਗਾ।
ਉਧਰ ਇਸ ਮਾਮਲੇ ਨੂੰ ਲੈ ਕੇ ਨਾਭਾ ਦੇ ਡੀਐਸਪੀ ਰਾਜੇਸ਼ ਛਿੱਬਰ ਨੇ ਆਖਿਆ ਕਿ ਸਾਡੇ ਵੱਲੋਂ ਪੀੜਤ ਪਰਿਵਾਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਐ।
ਫਿਲਹਾਲ ਪਰਿਵਾਰ ਵੱਲੋਂ ਰੋ ਰੋ ਕੇ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਐ, ਦੇਖਣਾ ਹੋਵੇਗਾ ਕਿ ਪੁਲਿਸ ਅਸਲ ਦੋਸ਼ੀਆਂ ਨੂੰ ਕਦੋਂ ਤਕ ਗ੍ਰਿਫ਼ਤਾਰ ਕਰਦੀ ਐ।