ਨਵੀਂ ਦਿੱਲੀ, 13 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਵਿਖੇ ਪੂਰਬੀ ਦਿੱਲੀ ਸਕੂਲਾਂ ਦੇ ਪੰਜਾਬੀ ਅਧਿਆਪਕਾਂ ਲਈ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਜਾਬੀ ਅਤੇ ਪੰਜਾਬੀਅਤ ਦਾ ਪ੍ਰਚਾਰ ਕਿਵੇਂ ਕੀਤਾ ਜਾਏ ਅਤੇ ਵੱਧ ਤੋੋਂ ਵੱਧ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨ ਲਈ ਕਿਵੇਂ ਪ੍ਰੇਰਿਤ ਕੀਤਾ ਜਾਵੇ ਇਸ ਸੰਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਵਰਕਸ਼ਾਪ ਵਿਚ ਉੱਤਰ ਪੂਰਬੀ ਜ਼ਿਲੇ੍ਹ ਦੇ ਜ਼ੋਨ ਪੰਜ ਦੀ ਡਿਪਟੀ ਡਾਇਰੈਕਟਰ ਮੈਡਮ ਹਰਪ੍ਰੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਅਤੇ ਡਾ: ਇੰਦਰਜੀਤ ਸਿੰਘ ਚੇਅਰਮੈਨ ਸੰਕਲਪ ਗਰੁੱਪ ਆਫ਼ ਕਾਲੇਜ਼ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਪਰਵਿੰਦਰ ਸਿੰਘ ਲੱਕੀ, ਸੀਨੀਅਰ ਵਾਈਸ ਚੇਅਰਮੈਨ ਦਲਵਿੰਦਰ ਸਿੰਘ ਅਤੇ ਪ੍ਰਿੰਸੀਪਲ ਸਤਬੀਰ ਸਿੰਘ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਐਸ.ਸੀ.ਈ.ਆਰ.ਟੀ ਦੀ ਡਾਈਟ ਕੜਕੜਡੂਮਾ ਦੇ ਐਸੋਸੀਏਟ ਪ੍ਰੋਫੈਸਰ ਪ੍ਰਦੀਪ ਕੁਮਾਰ, ਤਰਕਸ਼ ਹੋਰਾਨ ਨੇ ਉਚੇਰੀ ਸਿੱਖਿਆ ਵਿੱਚ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਚਰਚਾ ਕੀਤੀ, ਦਿਆਲ ਸਿੰਘ ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ: ਪ੍ਰਿਥਵੀ ਰਾਜ ਥਾਪਰ ਨੇ ਦਿੱਲੀ ਦੇ ਕਾਲਜਾਂ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਅਤੇ ਸੀ.ਬੀ.ਐਸ.ਈ. ਵਿਚ ਪੰਜਾਬੀ ਦੀ ਮੌਜੁਦਾ ਸਥਿਤੀ ਬਾਰੇ ਕਰੀਅਰ ਸਕਿੱਲ ਪ੍ਰਕਾਸ਼ ਸਿੰਘ ਗਿੱਲ ਨੇ ਪੰਜਾਬੀ ਭਾਸ਼ਾ ਰਾਹੀਂ ਰੁਜ਼ਗਾਰ ਕਿਵੇਂ ਹਾਸਲ ਕੀਤਾ ਜਾਵੇ ਇਸ ’ਤੇ ਵੀ ਚਾਨਣਾ ਪਾਇਆ।