Archives December 2019

ਅਸਲੀ ਸਨਮਾਨ :: ਹਰਪ੍ਰੀਤ ਸਿੰਘ ਜਵੰਦਾ

ਦੱਸਦੇ ਇੱਕ ਵਾਰ ਜੰਗਲ ਦੇ ਨਾਲ ਹੀ ਬਣੀ ਇੱਕ ਫੈਕਟਰੀ ਦੇ ਅਹਾਤੇ ਵਿਚ ਇੱਕ ਆਦਮਖੋਰ ਜਾਨਵਰ ਆਣ ਵੜਿਆ.. ਗੁਸਲਖਾਨੇ ਵਿਚ ਲੁਕ ਕੇ ਬੈਠੇ ਹੋਏ ਨੇ ਅਗਲੀ ਸੁਵੇਰ ਸਭ ਤੋਂ ਪਹਿਲਾਂ ਅੰਦਰ ਵੜਿਆ ਸੁਪਰਵਾਈਜ਼ਰ ਢਾਹ ਲਿਆ..ਫੇਰ ਇੱਕ ਹੋਰ ਮੈਨੇਜਰ ਵੀ ਇਸੇ ਚੱਕਰ ਵਿਚ ਗਾਇਬ ਹੋ ਗਿਆ..।

ਪਰ ਕਿਸੇ ਨੇ ਓਹਨਾ ਦੀ ਗੈਰਹਾਜਰੀ ਵੱਲ ਕੋਈ ਕੋਈ ਖਾਸ ਧਿਆਨ ਨਾ ਦਿੱਤਾ..ਸਗੋਂ ਅੰਦਰੋਂ ਅੰਦਰੀ ਸਾਰੇ ਖੁਸ਼ ਸਨ ਕੇ ਦੋਵੇਂ ਦਿਸੇ ਨਹੀਂ!

ਜਦੋਂ ਦੁਪਹਿਰੇ ਵੇਲੇ ਸਾਰੇ ਕਾਮਿਆਂ ਨੂੰ ਚਾਹ ਵਰਤਾਉਣ ਵਾਲਾ ਇੱਕ ਆਮ ਜਿਹਾ ਬੰਦਾ ਵੀ ਨਾ ਦਿਸਿਆ ਤਾਂ ਸਾਰੇ ਪਾਸੇ ਹਾਹਾਕਾਰ ਮੱਚ ਗਈ..ਸਾਰੇ ਲੱਭਣ ਲੱਗ ਪਏ..ਕਾਰਨ ਇਹ ਸੀ ਕੇ ਸਾਰੇ ਲੋਕ ਹੀ ਉਸਦੀ ਮਿੱਠੀ ਬੋਲੀ ਦੇ ਕਾਇਲ ਸਨ ਤੇ ਦੂਜੇ ਪਾਸੇ ਸੁਪਰਵਾਇਸਰ ਤੇ ਮੈਨੇਜਰ ਦੋਹਾਂ ਦੀ ਰੁੱਖੀ ਬੋਲੀ ਤੋਂ ਹਰ ਬੰਦਾ ਪ੍ਰੇਸ਼ਾਨ ਸੀ..!ਸੋ ਦੋਸਤੋ ਅਸਲ ਮਾਣ ਸਨਮਾਨ ਉਹ ਹੁੰਦਾ ਜਿਹੜਾ ਕਿਸੇ ਨੂੰ ਉਸਦੇ ਚੰਗੇ ਕੰਮਾਂ ਕਰਕੇ ਉਸਦੀ ਪਿੱਠ ਪਿੱਛੇ ਮਿਲੇ..

ਧੱਕੇ ਨਾਲ,ਡਰਾ ਕੇ ਤੇ ਜਾਂ ਫੇਰ ਪੈਸੇ ਧੇਲੇ ਦਾ ਵਕਤੀ ਰੋਹਬ ਵਿਖਾ ਕੇ ਬੱਲੇ ਬੱਲੇ ਹਾਸਿਲ ਕਰਨ ਵਾਲੇ ਕਿੰਨੇ ਸਾਰੇ ਵਕਤੀ ਸਿਕੰਦਰ ਅਕਸਰ ਹੀ ਆਪਣੇ ਆਸ ਪਾਸ ਦੇਖੇ ਜਾ ਸਕਦੇ ਨੇ!

ਦੱਸਦੇ ਇੱਕ ਵਾਰ ਇੰਝ ਹੀ ਇੱਕ ਪਿੰਡ ਦੇ ਦੌਰੇ ਤੇ ਜਾਂਦੇ ਹੋਏ ਕਿਸੇ ਮੰਤਰੀ ਦੀ ਕਾਰ ਦੇ ਅੱਗੇ ਕੁੱਤਾ ਵੱਜ ਕੇ ਮਰ ਗਿਆ..

ਬੰਪਰ ਟੁੱਟਣ ਕਰਕੇ ਅੱਗੇ ਜਾਣਾ ਸੰਭਵ ਨਹੀਂ ਸੀ!ਮੰਤਰੀ ਨੇ ਡਰਾਈਵਰ ਨੂੰ ਪਿੰਡ ਭੇਜਿਆ ਕੇ ਜਾ ਕੇ ਸੂਚਿਤ ਕਰ ਦੇਵੇ ਤੇ ਨਾਲ ਹੀ ਥੋੜੀ ਬਹੁਤ ਮੱਦਤ ਵੀ ਲੈ ਕੇ ਆਵੇ!ਘੰਟੇ ਕੂ ਬਾਅਦ ਹਾਰਾਂ ਨਾਲ ਪੂਰੀ ਤਰਾਂ ਲੱਦਿਆ ਹੋਇਆ ਵਾਪਿਸ ਮੁੜਿਆ ਤਾਂ ਮੰਤਰੀ ਹੈਰਾਨ-ਪ੍ਰੇਸ਼ਾਨ..

ਪੁੱਛਣ ਲੱਗਾ ਬੀ ਤੈਨੂੰ ਏਨੇ ਹਾਰ ਕਿਥੋਂ ਪੈ ਗਏ ? ਆਖਣ ਲੱਗਾ ਜੀ ਪਿੰਡ ਅੱਪੜ ਅਜੇ ਮੇਰੇ ਮੂਹੋਂ ਏਨੀ ਗੱਲ ਹੀ ਨਿੱਕਲੀ ਸੀ ਕੇ “ਮੰਤਰੀ ਜੀ ਦੀ ਦਾ ਐਕਸੀਡੈਂਟ..ਕੁੱਤਾ ਮਰ ਗਿਆ ਏ..ਅਗਲਿਆਂ ਮੈਨੂੰ ਓਸੇ ਵੇਖੇ ਹਾਰਾਂ ਨਾਲ ਲੱਦ ਦਿੱਤਾ..ਰੌਲੇ-ਰੱਪੇ ਵਿਚ ਮੇਰੀ ਅਗਲੀ ਗੱਲ ਕਿਸੇ ਸੁਣੀ ਹੀ ਨਹੀਂ”

ਅਖੀਂ ਦੇਖੀ ਗੱਲ ਏ..ਉਣੰਨਵੇਂ ਦੇ ਦੌਰਾਨ ਮਾਝੇ ਵਿਚ ਸ੍ਰੀਹਰਗੋਬਿੰਦਪੁਰ ਇਲਾਕੇ ਦੇ ਭਾਈ ਜੁਗਰਾਜ ਸਿੰਘ ਤੂਫ਼ਾਨ ਦੇ ਭੋਗ ਤੇ ਕੋਈ ਦੋ ਢਾਈ ਲੱਖ ਦੀ ਸੰਗਤ ਦਾ ਇਕੱਠ ਅਤੇ ਜ਼ਾਰੋ-ਜਾਰ ਹੰਜੂ ਵਹਾਉਂਦੇ ਇਲਾਕੇ ਦੇ ਪਿੰਡਾ-ਥਾਵਾਂ ਦੇ ਹਜਾਰਾਂ ਹਿੰਦੂ ਭਰਾ ਇਸ ਗੱਲ ਦੀ ਸ਼ਾਹਦੀ ਭਰਦੇ ਸਨ ਕੇ ਹਥਿਆਰਬੰਦ ਹੁੰਦੇ ਹੋਏ ਵੀ ਮਜਲੂਮਾਂ ਦੀ ਰਾਖੀ ਕਰਨਾ ਕਿਸੇ ਵਿਰਲੇ-ਟਾਵੇਂ ਦੇ ਹਿੱਸੇ ਹੀ ਆਉਂਦਾ ਏ ਨਹੀਂ ਤੇ ਸਾਰੀ ਉਮਰ ਗੁਰੂ ਘਰਾਂ ਦੀਆਂ ਗੋਲਕਾਂ ਨਿੱਜੀ ਮਨੋਰਥਾਂ ਲਈ ਲੁੱਟਣ ਅਤੇ ਲੁਟਾਉਣ ਵਾਲੇ ਕਈ “ਭਮੱਕੜ” ਆਏ ਦਿਨ ਮਰਦੇ ਖਪਦੇ ਤੁਸੀਂ ਆਮ ਹੀ ਵੇਖੇ ਹੋਣਗੇ!

Exit mobile version