ਅੰਮ੍ਰਿਤਸਰ, 14 ਸਤੰਬਰ (ਬੁਲੰਦ ਆਵਾਜ਼):-ਅਜੋਕਾ ਯੁੱਗ ਆਧੁਨਿਕ ਯੁੱਗ ਹੈ। ਸਾਇੰਸ ਨੇ ਇੰਨੀ ਕੁ ਤਰੱਕੀ ਕਰ ਲਈ ਹੈ ਕਿ ਅੱਜ ਹਰ ਇੱਕ ਕਿਸਮ ਦੀ ਜੋ ਮਨੁੱਖੀ ਜੀਵਨ ਵਿੱਚ ਕੰਮ ਆਉਣ ਵਾਲੀ ਚੀਜ਼ ਹੈ ਜਾਂ ਰੋਜ਼ਾਨਾ ਦੇ ਕੰਮ ਮਨੁੱਖ ਦੇ ਹੁੰਦੇ ਹਨ, ਉਹਨਾਂ ਕੰਮਾਂ ਦੇ ਨਿਪਟਾਰੇ ਲਈ ਮਸ਼ੀਨਾਂ ਆ ਗਈਆਂ ਹਨ। ਨਵੀਂ ਨਵੀਂ ਕਿਸਮ ਦੀਆਂ ਮਸ਼ੀਨਾਂ ਦਿਨੋਂ ਦਿਨ ਵਧ ਰਹੀਆਂ ਹਨ। ਜਿਨ੍ਹਾਂ ਦੀ ਮਨੁੱਖ ਨੂੰ ਜਾਣਕਾਰੀ ਨਹੀਂ ਹੈ ਕਿਉਂਕਿ ਸਾਡੇ ਸਮਾਜ ਵਿੱਚ ਬਹੁ ਗਿਣਤੀ ਅਨਪੜ੍ਹਤਾ ਦੀ ਹੈ ਅਤੇ ਦੂਸਰਾ ਬੇਰੁਜ਼ਗਾਰਾਂ ਦੀ। ਹੁਣ ਇਥੇ ਇਹ ਸਵਾਲ ਵੀ ਪੈਦਾ ਹੋ ਜਾਂਦਾ ਕਿ ਅਨਪੜ੍ਹਾਂ ਨੂੰ ਤਾਂ ਮੰਨ ਸਕਦੇ ਹਾਂ ਕਿ ਇਹਨਾਂ ਮਸ਼ੀਨਾਂ ਬਾਰੇ ਜਾਣਕਾਰੀ ਨਹੀਂ ਹੋ ਸਕਦੀ ਪਰ ਬੇਰੁਜ਼ਗਾਰਾਂ ਨੂੰ ਤਾਂ ਹੋ ਸਕਦੀ ਹੈ ਕਿਉਂਕਿ ਉਹ ਤਾਂ ਪੜ੍ਹੇ ਲਿਖੇ ਹਨ। ਹਾਂ ਗੱਲ ਮੰਨੀ ਜਾ ਸਕਦੀ ਹੈ ਪਰ ਬੇਰੁਜ਼ਗਾਰ ਪੜ੍ਹੇ ਲਿਖੇ ਤਾਂ ਹਨ ਪਰ ਮਾਨਸਿਕ ਤੌਰ ਉੱਤੇ ਕਮਜ਼ੋਰ ਹਨ। ਇੰਨਾ ਪੜ੍ਹ ਲਿਖ ਜਾਣ ਬਾਅਦ ਇੰਨੇ ਪੈਸੇ ਖਰਚ ਕਰ ਡਿਗਰੀਆਂ ਕਰਕੇ ਜਦ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਤਾਂ ਉਹ ਅੰਦਰੋਂ ਅੰਦਰ ਟੁੱਟ ਜਾਂਦੇ ਹਨ। ਇਹਨਾਂ ਗੱਲਾਂ ਬਾਰੇ ਸੋਚ ਕੇ ਉਹ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦੇ ਹਨ, ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਲੜੀ ਤਹਿਤ ਮੋਬਾਇਲ ਫ਼ੋਨ ਅਜੋਕੇ ਯੁੱਗ ਵਿੱਚ ਮਨੁੱਖ ਦਾ ਇੱਕ ਸਰੀਰਕ ਅੰਗ ਬਣ ਗਿਆ ਹੈ। ਖ਼ਾਸ ਕਰਕੇ ਨੌਜਵਾਨਾਂ ਨੇ ਮੈਂ ਅਖਾਂਗਾ ਕਿ ਇਸ ਨੂੰ ਆਪਣਾ ਮਾਂ ਪਿਓ ਹੀ ਮੰਨ ਲਿਆ ਹੈ। ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਦੋਸਤ ਮਿੱਤਰ, ਸਾਕ ਸਨੇਹੀ, ਮਾਂ ਪਿਓ ਦੀ ਗੱਲ ਨੂੰ ਨਹੀਂ ਸੁਣਦੇ ਹਨ ਉਹਨਾਂ ਤੋਂ ਉਹ ਪਾਸਾ ਵੱਟ ਲੈਂਦੇ ਹਨ। ਅਜਿਹੀ ਸਥਿਤੀ ਨੂੰ ਪੈਦਾ ਕਰਨ ਵਿੱਚ ਸਾਡਾ ਸਭ ਦਾ ਯੋਗਦਾਨ ਹੈ ਕਿਉਂਕਿ ਜੇਕਰ ਅਸੀਂ ਰੀਲਾਂ ਵੇਖਣੀਆਂ ਬੰਦ ਕਰ ਦਈਏ ਤਾਂ ਰੀਲਾਂ ਬਣਨ ਹੀ ਕਿਉਂ..? ਜੇਕਰ ਅਸੀਂ ਫ਼ੋਟੋਆਂ ਵੀਡਿਓਜ਼ ਉੱਤੇ ਅੱਤ, ਸੀਰਾ, ਕੋਕਾ, ਅੱਗ ਨਾ ਲਿਖੀਏ ਤਾਂ ਚੰਦ ਵਿਊਜ਼ ਲੈਣ ਲਈ ਅੱਧਨੰਗੇ ਕੱਪੜਿਆਂ ਵਿੱਚ ਇਹ ਸਭ ਸ਼ੋਸ਼ਲ ਮੀਡੀਆ ਉੱਤੇ ਨਾ ਮਿਲੇ…? ਹਾਂ ਇੱਥੇ ਗੱਲ ਇਹ ਵੀ ਕਰ ਲਈਏ ਕਿ ਅਸੀਂ ਸੋਸ਼ਲ ਮੀਡੀਆ ਤੋਂ ਪਾਸਾ ਨਹੀਂ ਵੱਟ ਸਕਦੇ.. ਪਰ ਇਹਦੀ ਸਹੀ ਵਰਤੋਂ ਤਾਂ ਕਰ ਹੀ ਸਕਦੇ ਹਾਂ। ਸਹੀ ਚੀਜ਼ਾਂ ਨੂੰ ਅਤੇ ਸੱਚ ਨੂੰ ਜੇਕਰ ਅਸੀਂ ਫੈਲਾਈਏ ਤਾਂ ਅਸੀਂ ਇਸ ਮੋਬਾਇਲ ਰੂਪੀ ਬਿਮਾਰੀ ਉੱਤੇ ਕਾਬੂ ਪਾ ਸਕਦੇ ਹਾਂ। ਅਸੀਂ ਤਣਾਅ ਵਰਗੀਆਂ ਬਿਮਾਰੀਆਂ ਤੇ ਹੋਰ ਮਾਨਸਿਕ ਰੋਗਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਨੌਜਵਾਨਾਂ ਦੇ ਜਾਂ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨਾਲ ਗੱਲਬਾਤ ਕਰਦੇ ਰਹਿਣ, ਉਹਨਾਂ ਤੋਂ ਉਹਨਾਂ ਦੀ ਪੜ੍ਹਾਈ ਬਾਰੇ ਅਤੇ ਅੱਗੇ ਭਵਿੱਖ ਵਿੱਚ ਕੁਝ ਬਣਨ ਬਾਰੇ ਵਿਚਾਰਾਂ ਕਰਨ ਅਤੇ ਉਹਨਾਂ ਨੂੰ ਹੌਂਸਲਾ ਦੇਣ। ਅੱਜ ਨੌਜਵਾਨਾਂ ਦੇ ਵਿਗੜ ਜਾਣ ਅਤੇ ਬੱਚਿਆਂ ਦਾ ਸੁਭਾਅ ਚਿੜਚਿੜਾ ਹੋਣ ਦਾ ਕਾਰਨ ਇਹੀ ਹੈ ਕਿ ਮਾਂ ਪਿਓ ਉਹਨਾਂ ਨਾਲੋਂ ਟੁੱਟ ਚੁੱਕੇ ਹਨ, ਉਹਨਾਂ ਤੋਂ ਦੂਰੀਆਂ ਬਣਾ ਚੁੱਕੇ ਹਨ। ਹਰ ਇੱਕ ਘਰ ਦਾ ਜੀਅ ਆਪਣੇ ਆਪਣੇ ਕਮਰੇ ਵਿੱਚ ਜਾਕੇ ਬਹਿ ਜਾਂਦਾ ਤੇ ਆਪਣੇ ਆਪਣੇ ਮੋਬਾਇਲ ਨਾਲ ਚੁੰਬੜ ਜਾਂਦਾ, ਉਹਨਾਂ ਨੂੰ ਕੁਝ ਨਹੀਂ ਪਤਾ ਘਰ ਵਿੱਚ ਕੀ ਚੱਲ ਰਿਹਾ ਹੈ ਜਾਂ ਕੀਹਦੇ ਨਾਲ ਕੀ ਵਾਪਰ ਰਿਹਾ ਹੈ। ਪਰਿਵਾਰਾਂ ਵਿੱਚ ਰਿਸ਼ਤੇ ਨਾਤੇ ਸਭ ਖ਼ਤਮ ਹੋ ਚੁੱਕੇ ਹਨ। ਸਭ ਰਿਸ਼ਤੇ ਮੋਬਾਇਲ ਫ਼ੋਨ ਵਿੱਚ ਹੀ ਸਮੋਏ ਹੋਏ ਹਨ। ਮੋਬਾਇਲ ਫ਼ੋਨ ਨੇ ਸਾਡੀ ਮਾਨਸਿਕਤਾ ਨੂੰ ਇੰਨਾ ਕੁ ਜਕੜ ਲਿਆ ਹੈ ਕਿ ਸਾਨੂੰ ਦੁਨਿਆਵੀ ਕਦਰਾਂ ਕੀਮਤਾਂ ਦੀ ਅਹਿਮੀਅਤ ਦਾ ਕੋਈ ਅੰਦਾਜ਼ਾ ਨਹੀਂ, ਆਪਣੇ ਫ਼ਰਜ਼ਾਂ ਦਾ ਕੁਝ ਪਤਾ ਨਹੀਂ। ਅਸੀਂ ਹੀ ਅਜਿਹਾ ਵਤੀਰਾ ਸਿਰਜਿਆ ਹੈ ਅਤੇ ਇਸ ਤਰ੍ਹਾਂ ਦੇ ਵਤੀਰੇ ਨੂੰ ਅਸੀਂ ਹੀ ਖ਼ਤਮ ਕਰ ਸਕਦੇ ਹਾਂ ਕਿਉਂਕਿ ਜਿਵੇਂ ਕਹਿੰਦੇ ਹਨ ਕਿ “ਜਿਸਕਾ ਕਾਮ ਉਸੀ ਕੋ ਸਾਜੇ” ਭਾਵ ਜਿਹੜਾ ਕੰਮ ਜੀਹਨੇ ਕੀਤਾ, ਜਿਹਨੂੰ ਕਰਨਾ ਆਉਂਦਾ, ਜੀਹਨੇ ਸ਼ੁਰੂ ਕੀਤਾ, ਜਿਹਨੂੰ ਉਸ ਕੰਮ ਬਾਰੇ ਜਾਣਕਾਰੀ ਹੈ, ਉਹ ਹੀ ਉਸ ਦਾ ਨਿਪਟਾਰਾ ਕਰ ਸਕਦਾ ਹੈ। ਸੋ ਮੋਬਾਇਲ ਫ਼ੋਨ ਦੀ ਸਹੀ ਵਰਤੋਂ ਕਰਨਾ ਹੀ ਅਸਲ ਪਰਿਵਰਤਨ ਹੈ, ਭਾਵ ਜੇਕਰ ਅਸੀਂ ਮੋਬਾਇਲ ਫ਼ੋਨ ਦੀ ਸਹੀ ਵਰਤੋਂ ਕਰਾਂਗੇ ਤਾਂ ਹੀ ਸਾਨੂੰ ਸਾਇੰਸ ਦੀ ਤਰੱਕੀ ਦਾ ਅਤੇ ਆਧੁਨਿਕ ਯੁੱਗ ਦਾ ਲਾਭ ਹੋਵੇਗਾ। ਅਸੀਂ ਫਿਰ ਹੀ ਮੰਨ ਸਕਾਂਗੇ ਕਿ ਬਕਾਇਆ ਹੀ ਅਸੀਂ ਆਧੁਨਿਕ ਯੁੱਗ ਵਿੱਚ ਜੀਵਨ ਬਤੀਤ ਕਰ ਰਹੇ ਹਾਂ। ਇਹਨਾਂ ਮੋਬਾਇਲ ਫੋਨਾਂ ਕਰਕੇ ਹੀ ਪਰਿਵਾਰਾਂ ਵਿੱਚ ਆਪਸੀ ਝਗੜੇ ਪੈਦਾ ਹੋਏ ਹਨ, ਅਸੀਂ ਇਹਨਾਂ ਦੀ ਦੁਰਵਰਤੋਂ ਕਰਨ ਵਿੱਚ ਜ਼ਰੂਰ ਮਾਹਿਰ ਬਣ ਚੁੱਕੇ ਹਾਂ, ਪਰ ਅਫ਼ਸੋਸ ਕਿ ਅਸੀਂ ਇਸ ਚੀਜ਼ ਦੀ ਕਦੇ ਸਹੀ ਵਰਤੋਂ ਕਰਕੇ ਹੀ ਨਹੀਂ ਵੇਖੀ, ਅਸੀਂ ਇਸ ਯੰਤਰ ਨੂੰ ਸਮਝਿਆ ਹੀ ਨਹੀਂ ਕਿ ਇਹ ਸਾਡੇ ਲਈ ਕਿੰਨਾ ਲਾਭਦਾਇਕ ਹੈ। ਇਸ ਯੰਤਰ ਬਾਰੇ ਬਹੁਤ ਕੁਝ ਲਿਖਿਆ ਜਾ ਸਕਦਾ ਹੈ ਪਰ ਜਿਵੇਂ ਸਿਆਣੇ ਕਹਿੰਦੇ ਹਨ ਕਿ “ਸਮਝਦਾਰ ਲਈ ਤਾਂ ਇਸ਼ਾਰਾ ਜੀ ਕਾਫ਼ੀ ਹੁੰਦਾ ਹੈ” ਸੋ ਆਓ ਇਸ ਮੋਬਾਇਲ ਫ਼ੋਨ ਦੀ ਦੁਰਵਰਤੋਂ ਕਰਨ ਦੀ ਬਜਾਏ ਸਹੀ ਵਰਤੋਂ ਕਰੀਏ ਅਤੇ ਚੰਗੇ ਸਮਾਜ ਦੀ ਸਿਰਜਣਾ ਕਰਨ ਵਿੱਚ, ਭਾਈਚਾਰਕ ਸਾਂਝ ਕਾਇਮ ਕਰਨ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਈਏ ਅਤੇ ਇਹ ਯੰਤਰ ਨੂੰ ਉਥੋਂ ਤੱਕ ਹੀ ਸੀਮਿਤ ਰੱਖੀਏ ਕਿ ਜਿੰਨਾਂ ਕੁ ਸਾਨੂੰ ਇਹਦੀ ਲੋੜ ਹੈ ਓਨੀ ਕੁ ਇਹਦੀ ਵਰਤੋਂ ਕਰੀਏ ਅਤੇ ਬੇਲੋੜੀ ਵਰਤੋਂ ਕਰਨ ਦੀ ਬਜਾਏ ਚੰਗੀ ਵਰਤੋਂ ਕਰੀਏ ਅਤੇ ਇਹਦਾ ਪੂਰਾ ਪੂਰਾ ਲਾਭ ਉਠਾਈਏ। ਜੇਕਰ ਦੁਰਵਰਤੋਂ ਕਰਨੀ ਬੰਦ ਹੋ ਜਾਵੇ ਤਾਂ ਸਾਡੀ ਬੁੱਧੀ ਦਾ ਵਿਕਾਸ ਇੰਨਾ ਕੁ ਹੋ ਜਾਵੇਗਾ ਕਿ ਅਸੀਂ ਹੱਥ ਦੇ ਕਾਰੀਗਰ ਫਿਰ ਤੋਂ ਬਣ ਜਾਵਾਂਗੇ ਜਿਵੇਂ ਪੁਰਾਣੇ ਸਮਿਆਂ ਵਿੱਚ ਹੱਥ ਦੇ ਕਾਰੀਗਰ ਹੁੰਦੇ ਸਨ… ਹੁਣ ਤੇ ਸਾਡੇ ਉੱਤੇ ਅਤੇ ਸਾਡੇ ਹੱਥੀ ਕੰਮਾਂ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਮਸ਼ੀਨਾਂ ਨੇ ਕਬਜਾ ਕਰ ਲਿਆ ਹੈ। ਸੋ ਇਹ ਯੰਤਰ ਜਿੰਨਾਂ ਕੁ ਲਾਹੇਬੰਦ ਹੈ, ਉਨਾਂ ਹੀ ਇਹ ਨੁਕਸਾਨਦਾਇਕ ਵੀ ਹੈ।