More

    ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਹੋਲਾ ਮਹੱਲਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ- ਡਾ. ਵਿਜੇ ਸਤਬੀਰ ਸਿੰਘ

    ਅੰਮ੍ਰਿਤਸਰ,26 ਮਾਰਚ (ਹਰਪਾਲ ਸਿੰਘ):-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਹੋਲਾ ਮਹੱਲਾ ਬੜੀ ਸ਼ਰਧਾ ਭਾਵਨਾ ਤੇ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ਵ ਭਰ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਤਖ਼ਤ ਸੱਚਖੰਡ ਸਾਹਿਬ ਵਿਖੇ ਨਤਮਸਤਕ ਹੋਈਆਂ ਤੇ ਹੋਲਾ ਮਹੱਲਾ ਸਮਾਗਮਾਂ ਵਿੱਚ ਹਾਜ਼ਰੀਆਂ ਭਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਡਾ. ਵਿਜੇ ਸਤਬੀਰ ਸਿੰਘ ਮੁੱਖ ਪ੍ਰਬੰਧਕ ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਨੇ ਦਸਿਆ ਕਿ ਮਾਨਯੋਗ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ, ਸਮੂੰਹ ਪੰਜ ਪਿਆਰੇ ਸਾਹਿਬਾਨ ਦੀ ਸਰਪ੍ਰਸਤੀ ਹੇਠ ਤਖ਼ਤ ਸੱਚਖੰਡ ਸਾਹਿਬ ਵਿਖੇ ਹੋਲੇ ਮਹੱਲੇ ਦੇ ਵਿਸ਼ੇਸ਼ ਸਮਾਗਮ ਹੋਏ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜੱਥੇ, ਉਚ ਕੋਟੀ ਦੇ ਕਵੀਸ਼ਰੀ ਤੇ ਢਾਡੀ ਜੱਥਿਆਂ ਨੇ ਹਾਜ਼ਰੀਆਂ ਭਰੀਆਂ । ਡਾ. ਵਿਜੇ ਸਤਬੀਰ ਸਿੰਘ ਨੇ ਹੋਰ ਕਿਹਾ ਕਿ ਇਸ ਵਾਰ ਪੰਜਾਬ, ਹਰਿਆਣਾ, ਹਿਮਾਚਲ, ਯੂ.ਪੀ., ਦਿੱਲੀ, ਝਾਰਖੰਡ, ਮੁੰਬਈ, ਹੈਦਰਾਬਾਦ, ਪੂਨਾ, ਨਾਗਪੁਰ ਇਲਾਕੇ ਦੀਆਂ ਸੰਗਤਾਂ ਨੇ ਪਹਿਲਾਂ ਨਾਲੋਂ ਵੀ ਵਧੇਰੇ ਗਿਣਤੀ ਵਿੱਚ ਸ਼ਮੂਲੀਅਤ ਕੀਤੀ । ਗੁਰਦੁਆਰਾ ਬੋਰਡ ਵਲੋਂ ਵੱਖ ਵੱਖ ਸਰਾਵਾਂ ਤੋਂ ਇਲਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਅਤੇ ਸਾਹਿਬਜ਼ਾਦਾ ਫਤਹਿ ਸਿੰਘ ਮੰਗਲਕਾਰਲਯ ਵਿੱਚ ਵੀ ਸੰਗਤਾਂ ਦੇ ਰਿਹਾਇਸ਼ ਤੇ ਲੰਗਰ ਪਾਣੀ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ । ਪੰਜਾਬ ਤੋਂ ਟਰੱਕਾਂ ਰਾਹੀਂ ਸੰਗਤਾਂ ਨੂੰ ਲਿਆ ਕੇ ਬਾਬਾ ਸੁਲੱਖਣ ਸਿੰਘ ਜੀ ਪੰਜਵੜ੍ਹ ਵਲੋਂ ਯਾਤਰੀ ਨਿਵਾਸ ਦੇ ਖੁਲ੍ਹੇ ਪ੍ਰਾਂਗਣ ‘ਚ ਹਰ ਸਾਲ ਦੀ ਤਰ੍ਹਾਂ 22 ਤੋਂ 26 ਮਾਰਚ ਤੱਕ ਲੰਗਰ ਸੇਵਾ ਕੀਤੀ ਗਈ । ਏਸੇ ਤਰ੍ਹਾਂ ਬਾਬਾ ਸੁੱਚਾ ਸਿੰਘ ਜੀ ਵਲੋਂ ਗੁਰੂ ਕੇ ਲੰਗਰ ਵਿੱਚ ਅਤੇ ਭਾਈ ਲਾਲੋ ਜੀ ਸੰਸਥਾ ਵਲੋਂ ਵੀ ਲੰਗਰਾਂ ਦੀ ਸੇਵਾ ਵਿੱਚ ਯੋਗਦਾਨ ਦਿਤਾ ਗਿਆ । ਡਾ. ਵਿਜੇ ਸਤਬੀਰ ਸਿੰਘ ਨੇ ਦਸਿਆ ਕਿ 24 ਮਾਰਚ ਦੀ ਰਾਤ ਨੂੰ ਸਿੱਖ ਸੇਵਕ ਜੱਥਾ ਦਿਲੀ ਅਤੇ 25 ਮਾਰਚ ਦੀ ਰਾਤ ਨੂੰ ਭਾਈ ਜੈਮਲ ਸਿੰਘ ਸਹਿਗਲ ਪਰਿਵਾਰ ਮੁੰਬਈ ਵਲੋਂ ਕੀਰਤਨ ਸਮਾਗਮ ਕਰਵਾਏ ਗਏ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜੱਥਿਆਂ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ 26 ਮਾਰਚ ਨੂੰ ਸ਼ਾਮ ਠੀਕ 4 ਵਜੇ ਤਖ਼ਤ ਸਾਹਿਬ ਤੋਂ ਨਗਰ ਕੀਰਤਨ (ਮਹੱਲਾ) ਆਰੰਭ ਹੋਇਆ ਜਿਸ ਵਿੱਚ ਨਿਸ਼ਾਨ ਸਾਹਿਬ, ਗੁਰੂ ਸਾਹਿਬ ਜੀ ਦੇ ਘੋੜੇ, ਕੀਰਤਨੀ ਜਥੇ, ਭਜਨ ਮੰਡਲੀਆਂ, ਗਤਕਾ ਪਾਰਟੀਆਂ ਆਦਿ ਸ਼ਾਮਿਲ ਹੋਈਆਂ। ਪੂਰੇ ਜਾਹੋ ਜਲਾਲ ਨਾਲ ਇਹ ਮਹੱਲਾ ਪਰੰਪਰਾਗਤ ਮਾਰਗਾਂ ਤੋਂ ਹੁੰਦੇ ਹੋਏ ਹੱਲਾ ਬੋਲ ਚੌਕ (ਮਹਾਂਵੀਰ ਚੌਕ) ਵਿਖੇ ਪੁਜਿਆ ਤੇ ਏਥੇ ਪਰੰਪਰਾਗਤ ਹੱਲੇ ਦਾ ਦ੍ਰਿਸ਼ ਵੇਖਣ ਯੋਗ ਸੀ । ਇਸ ਮਹੱਲੇ ਦੀ ਸ਼ਹਿਰ ਦੇ ਵੱਖ ਵੱਖ ਮਾਰਗਾਂ ਤੋਂ ਹੋਕੇ ਦੇਰ ਰਾਤ ਚਲਕਰ ਤਖ਼ਤ ਸੱਚਖੰਡ ਸਾਹਿਬ ਵਿਖੇ ਪੁੱਜਕੇ ਸਮਾਪਤੀ ਹੋਈ। ਡਾ. ਵਿਜੇ ਸਤਬੀਰ ਸਿੰਘ ਤੇ ਸ੍ਰ: ਜਸਵੰਤ ਸਿੰਘ ਬੌਬੀ ਨੇ ਪੁੱਜੀਆਂ ਸੰਗਤਾਂ ਦਾ ਤਹਿਦਿਲੋਂ ਧੰਨਵਾਦ ਕੀਤਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img