ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਤਰਨ ਤਾਰਨ ਵਿਖੇ ਇੰਟੀਗੇ੍ਰਟਿਡ ਸਪੋਰਟਸ ਕੰਪਲੈਕਸ ਦਾ ਉਦਘਾਟਨ

ਡੀ.ਜੀ.ਪੀ. ਦਿਨਕਰ ਗੁਪਤਾ ਵੱਲੋਂ ਤਰਨ ਤਾਰਨ ਵਿਖੇ ਇੰਟੀਗੇ੍ਰਟਿਡ ਸਪੋਰਟਸ ਕੰਪਲੈਕਸ ਦਾ ਉਦਘਾਟਨ

10000 ਕਾਂਸਟੇਬਲਾਂ, ਸਬ-ਇੰਸਪੈਕਟਰਾਂ ਦੀ ਭਰਤੀ ਜਲਦ; ਡੀ.ਜੀ.ਪੀ. ਦਿਨਕਰ ਗੁਪਤਾ

ਤਰਨ ਤਾਰਨ, 29 ਜੂਨ (ਬੁਲੰਦ ਆਵਾਜ ਬਿਊਰੋ) -ਪੁਲਿਸ ਮੁਲਾਜ਼ਮਾਂ ਅਤੇ ਉਨਾਂ ਦੇ ਪਰਿਵਾਰਾਂ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਦਿਨਕਰ ਗੁਪਤਾ ਨੇ ਅੱਜ ਤਰਨਤਾਰਨ ਵਿੱਚ ਪੁਲਿਸ ਲਾਈਨਜ਼ ਵਿਖੇ ਇੰਟੀਗੇ੍ਰਟਿਡ ਸਪੋਰਟਸ ਕੰਪਲੈਕਸ ਦਾ ਉਦਘਾਟਨ ਕੀਤਾ। ਡੀ.ਜੀ.ਪੀ. ਨੇ ਪੁਲਿਸ ਕਰਮਚਾਰੀਆਂ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਸਪੋਰਟਸ ਕੰਪਲੈਕਸ ਸਹੂਲਤਾਂ ਦੀ ਵਰਤੋਂ ਕਰਨ ਦੀ ਆਗਿਆ ਦੇ ਦਿੱਤੀ ਹੈ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਉਦਘਾਟਨ ਸਮਾਰੋਹ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਵੀ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ਵੱਖ-ਵੱਖ ਕਾਡਰਾਂ ਵਿੱਚ ਸਬ-ਇੰਸਪੈਕਟਰਾਂ, ਹੈਡ ਕਾਂਸਟੇਬਲਾਂ ਅਤੇ ਕਾਂਸਟੇਬਲਾਂ ਦੇ ਪੱਧਰ ‘ਤੇ 10,000 ਤੋਂ ਵੱਧ ਪੁਲਿਸ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਵੱਖ ਵੱਖ ਖੇਤਰਾਂ ਜਿਵੇਂ ਫੋਰੈਂਸਿਕ ਸਾਇੰਸ, ਸਾਈਬਰ ਕ੍ਰਾਈਮ, ਕਾਨੂੰਨੀ ਮਾਹਰਾਂ, ਵਿੱਤ ਅਤੇ ਡਿਜੀਟਲ ਫੋਰੈਂਸਿਕ ਵਿੱਚ ਵਿਸ਼ੇਸ਼ ਮਾਹਿਰਾਂ ਦੀ ਭਰਤੀ ਵੀ ਕੀਤੀ ਜਾ ਰਹੀ ਹੈ।

ਉਨਾਂ ਪੰਜਾਬ ਦੇ ਨੌਜਵਾਨਾਂ ਨੂੰ ਕਿਹਾ ਕਿ ਉਹ ਇਸ ਮੌਕੇ ਦੀ ਵਰਤੋਂ ਕਰਦਿਆਂ ਲਿਖਤੀ ਅਤੇ ਸਰੀਰਕ ਜਾਂਚ ਟੈਸਟ ਦੀ ਤਿਆਰੀ ਸ਼ੁਰੂ ਕਰ ਦੇਣ।ਡੀ.ਜੀ.ਪੀ. ਨੇ ਇਸ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ, ਤਰਨ ਤਾਰਨ ਤੋਂ ਵਿਧਾਇਕ ਧਰਮਵੀਰ ਅਗਨੀਹੋਤਰੀ, ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ, ਖੇਮਕਰਨ ਤੋਂ ਵਿਧਾਇਕ ਸੁਖਪਾਲ ਸਿੰਘ ਭੁੱਲਰ, ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ, ਦਾ ਉਨਾਂ ਦੇ ਸਹਿਯੋਗ ਲਈ ਵੀ ਧੰਨਵਾਦ ਕੀਤਾ। ਡੀ.ਜੀ.ਪੀ. ਨੇ 1.70 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਏਕੜ ਰਕਬੇ ਵਿਚ ਸਥਾਪਤ ਕੀਤੇ ਗਏ ਨਵੇਂ ਬਣੇ ਸਪੋਰਟਸ ਕੰਪਲੈਕਸ ਦਾ ਦੌਰਾ ਕਰਦਿਆਂ ਕਿਹਾ ਕਿ ਇਸ ਮਜ਼ਬੂਤ ਖੇਡ ਢਾਂਚੇ ਦਾ ਉਦੇਸ਼ ਪੁਲਿਸ ਨੂੰ ਖੇਡਾਂ ਅਤੇ ਤੰਦਰੁਸਤੀ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਕਰਨਾ ਹੈ।ਇਸ ਮੌਕੇ ਉਨਾਂ ਨਾਲ ਡਿਪਟੀ ਕਮਿਸ਼ਨਰ, ਤਰਨ ਤਾਰਨ ਕੁਲਵੰਤ ਸਿੰਘ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀ.ਆਈ.ਜੀ.) ਹਰਦਿਆਲ ਸਿੰਘ ਮਾਨ ਅਤੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸ.ਐਸ.ਪੀ.) ਤਰਨ ਤਾਰਨ ਧਰੂਮਨ ਨਿੰਬਲੇ ਵੀ ਮੌਜੂਦ ਸਨ।

ਉਨਾਂ ਕਿਹਾ ਕਿ ਇਸ ਕੰਪਲੈਕਸ ਵਿੱਚ ਵਿਸ਼ਵ ਪੱਧਰੀ ਸਹੂਲਤਾਂ ਹਨ ਜਿਨਾਂ ਵਿੱਚ ਅੰਤਰਰਾਸ਼ਟਰੀ ਮਾਪਦੰਡਾਂ ਵਾਲਾ 400 ਮੀਟਰ ਰਨਿੰਗ ਟ੍ਰੈਕ, ਉੱਚੀ ਅਤੇ ਲੰਬੀ ਛਾਲ ਦਾ ਟਰੈਕ, ਇੱਕ ਵੱਡਾ ਪਵੇਲੀਅਨ, ਆਊਟਡੋਰ ਟ੍ਰੇਨਿੰਗ ਲਈ ਅਬਸਟੈਕਲ ਕੋਰਸ, ਬਾਸਕਟਬਾਲ ਕੋਰਟ, ਤੰਦਰੁਸਤੀ ਕੇਂਦਰ, ਇਨਡੋਰ ਅਤੇ ਆਊਟਡੋਰ ਜਿੰਮ, ਬਾਕਸਿੰਗ ਰਿੰਗ ਅਤੇ ਕਿ੍ਰਕਟ ਪਿਚ ਤੋਂ ਇਲਾਵਾ ਫਿਜ਼ੀਓਥੈਰੇਪੀ ਅਤੇ ਕਾਉਂਸਲਿੰਗ ਸੈਂਟਰ ਵੀ ਸ਼ਾਮਲ ਹਨ। ਡੀ.ਜੀ.ਪੀ. ਨੇ ਕਿਹਾ ਕਿ ਸਪੋਰਟਸ ਕੰਪਲੈਕਸ ਵਿਖੇ ਇਹ ਸਹੂਲਤਾਂ ਪੁਲਿਸ ਕਰਮਚਾਰੀਆਂ ਨੂੰ ਨਾ ਸਿਰਫ ਉਨਾਂ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਵਿਚ ਵਾਧਾ ਕਰਨ ਵਿਚ ਸਹਾਇਤਾ ਕਰਨਗੀਆਂ ਬਲਕਿ ਉਨਾਂ ਅਤੇ ਉਨਾਂ ਦੇ ਪਰਿਵਾਰਾਂ ਤੋਂ ਇਲਾਵਾ ਆਮ ਜਨਤਾ ਵਿੱਚ ਵੀ ਆਊਟਡੋਰ ਖੇਡ ਗਤੀਵਿਧੀਆਂ ’ਚ ਰੁਚੀ ਪੈਦਾ ਕਰਨਗੀਆਂ। ਐਸ.ਐਸ.ਪੀ. ਧਰੂਮਨ ਨਿੰਬਲੇ ਨੇ ਦੱਸਿਆ ਕਿ ਇੱਥੇ ਪੁਲਿਸ ਕਰਮਚਾਰੀਆਂ ਦੀ ਤੰਦਰੁਸਤੀ/ਮਨੋਰੰਜਨ ਵਾਸਤੇ ਲਗਭਗ ਕੋਈ ਸਹੂਲਤ ਨਾ ਹੋਣ ਕਰਕੇ ਉਨਾਂ ਨੇ ਪੁਲਿਸ ਲਾਈਨਜ਼ ਵਿਚ ਖਾਲੀ ਪਈ ਬੰਜਰ ਜ਼ਮੀਨ ਨੂੰ ਇਸ ਖੇਡ ਕੰਪਲੈਕਸ ਦੀ ਸਥਾਪਨਾ ਲਈ ਵਰਤਣ ਦਾ ਫੈਸਲਾ ਕੀਤਾ। ਉਨਾਂ ਕਿਹਾ ਕਿ ਤੰਦਰੁਸਤ ਅਤੇ ਸਾਫ਼ ਵਾਤਾਵਰਣ ਲਈ ਰੁੱਖ ਲਗਾਉਣ ਦੀ ਇੱਕ ਵੱਡੀ ਮੁਹਿੰਮ ਵੀ ਚਲਾਈ ਗਈ ਅਤੇ ਪੁਲਿਸ ਲਾਈਨਜ਼ ਵਿਖੇ 2000 ਤੋਂ ਵੱਧ ਬੂਟੇ ਲਗਾਏ ਗਏ।ਇਸ ਦੌਰਾਨ ਡੀ.ਜੀ.ਪੀ. ਦਿਨਕਰ ਗੁਪਤਾ ਨੇ ਨਸ਼ਿਆਂ ਖਿਲਾਫ ਜੰਗ ਅਤੇ ਬਲਵਿੰਦਰ ਸਿੰਘ ਕਤਲ ਕੇਸ ਵਿੱਚ ਚੰਗੀ ਕਾਰਗੁਜ਼ਾਰੀ ਵਿਖਾਉਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਪ੍ਰਸੰਸਾ ਪੱਤਰ ਵੀ ਦਿੱਤੇ।

Bulandh-Awaaz

Website:

Exit mobile version