More

    ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 49ਵੀਂ ਸਾਲਾਨਾ ਕਾਨਵੋਕੇਸ਼ਨ

    ਪੀ.ਐਚ.ਡੀ., ਪੋਸਟ ਗਰੈਜੂਏਟ ਤੇ ਗਰੈਜੂਏਟ ਖੋਜਾਰਥੀਆਂ-ਵਿਦਿਆਰਥੀਆਂ ਦਾ ਡਿਗਰੀਆਂ ਅਤੇ ਮੈਡਲਾਂ ਨਾਲ ਸਨਮਾਨ

    ਅੰਮ੍ਰਿਤਸਰ, 06 ਅਪ੍ਰੈਲ (ਬੁਲੰਦ ਆਵਾਜ ਬਿਊਰੋ):-ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲਪਤੀ ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਸਮਰਪਣ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਚੰਗੇ ਪੇਸ਼ੇਵਰ ਅਤੇ ਮਨੁੱਖ ਬਣਨਾ ਚਾਹੀਦਾ ਹੈ। ਭਾਰਤੀ ਸਿੱਖਿਆ ਦੇ ਇਸ ਮੰਤਰ ਨੂੰ ਕਿ “ਸਿੱਖਿਆ ਲਈ ਆਓ ਸੇਵਾ ਲਈ ਜਾਓ”, ਨੂੰ ਦੁਹਰਾਉਂਦਿਆਂ ਕਿਹਾ ਕਿ ਤੁਸੀਂ ਵਿਦਿਆ ਪ੍ਰਾਪਤ ਕਰਨ ਲਈ ਯੂਨੀਵਰਸਿਟੀ ‘ਚ ਆਏ ਸੀ ਹੁਣ ਤੁੁਸਾਂ ਯੂਨੀਵਰਸਿਟੀ ‘ਚ ਪ੍ਰਾਪਤ ਕੀਤੇ ਗਏ ਗਿਆਨ ਨੂੰ ਸਮਾਜ ਅਤੇ ਦੇਸ਼ ਦੀ ਸੇਵਾ ਲਈ ਵਰਤਣਾ ਹੈ। ਉੁਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਯੋਜਿਤ 49ਵੀਂ ਸਾਲਾਨਾ ਕਾਨਵੋਕੇਸ਼ਨ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਇਥੇ ਪੁੱਜੇ ਸਨ। ਉਨ੍ਹਾਂ ਨੇੇ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਂਸ਼ਨ ਹਾਲ ਵਿਖੇ ਡਿਗਰੀਆਂ ਪ੍ਰਾਪਤ ਕਰਨ ਆਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨੈਤਿਕ ਕਦਰਾਂ ਕੀਮਤਾਂ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਤੁਸੀਂ ਜੋ ਵੀ ਕਰੋ , ਤੁਸੀਂ ਜਿੱਥੇ ਵੀ ਜਾਓ, ਹਮੇਸ਼ਾ ਸੱਚ ਦੇ ਮਾਰਗ ਉੱਤੇ ਚੱਲਣ ਦਾ ਪ੍ਰਣ ਕਰਨਾ ਹੈ। ਉਨ੍ਹਾਂ ਗੁਰਬਾਣੀ ਦਾ ਹਵਾਲਾ ਦਿੰਦਿਆਂ ਇਹ ਵੀ ਕਿਹਾ ਗਿਆ ਹੈ ਕਿ ਸੱਚ ਸਭ ਤੋਂ ਉੱਪਰ ਹੈ ਅਤੇ ਜੇਕਰ ਕੋਈ ਇਸ ਤੋਂ ਵੀ ਉੱਪਰ ਹੈ ਤਾਂ ਉਹ ਹੈ ਸੱਚਾ ਆਚਰਣ, ਸੱਚ ਸਰਬ-ਉੱਚ ਹੈ, ਜੇ ਇਸ ਤੋਂ ਵੀ ਉੱਚਾ ਕੁਝ ਹੈ, ਤਾਂ ਉਹ ਹੈ, ਸਚਿਆਰਤਾ ਦੇ ਮਾਰਗ ਉੱਤੇ ਚੱਲਣਾ। ਉਨ੍ਹਾਂ ਦਾ ਮੰਨਣਾ ਸੀ ਕਿ “ਚਰਿੱਤਰ ਦਾ ਸੰਕਟ” ਅੱਜ ਦੇਸ਼ ਅਤੇ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀਆਂ ਚੁਨੌਤੀਆਂ ਵਿੱਚੋਂ ਇੱਕ ਹੈ। ਸਿੱਖਿਆ ਪ੍ਰਣਾਲੀ ਨੂੰ ਚਰਿੱਤਰ ਦੇ ਸੰਕਟ ‘ਚੋਂ ਉਭਾਰਨ ਲਈ ਸਾਡੀ ਸਿੱਖਿਆ ਪ੍ਰਣਾਲੀ ਨੂੰ ਇਸ ਮੂਲ ਟੀਚੇ ਵੱਲ ਮੁੜਨਾ ਚਾਹੀਦਾ ਹੈ।
    ਇਸ ਮੌਕੇ ਪੀ.ਐਚ.ਡੀ., ਪੋਸਟ ਗਰੈਜੂਏਟ ਅਤੇ ਅੰਡਰ ਗਰੈਜੂਏਟ ਦੀਆਂ 370 ਡਿਗਰੀਆਂ ਅਤੇ 171 ਮੈਡਲ ਵੱਖ ਵੱਖ ਫੈਕਲਟੀ ਦੇ ਵਿਦਿਆਰਥੀਆਂ-ਖੋਜਾਰਥੀਆਂ ਨੂੰ ਪ੍ਰਦਾਨ ਕੀਤੇ ਗਏ। ਪ੍ਰਸਿੱਧ ਗੀਤਕਾਰ, ਕਵੀ, ਲੇਖਕ, ਪਟਕਥਾ ਲੇਖਕ, ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਵਜੋਂ ਆਪਣੇ ਯੋਗਦਾਨ ਲਈ ਜਾਣੇ ਜਾਂਦੇ ਨਾਮਵਰ ਬਾਲੀਵੁੱਡ ਸ਼ਖਸੀਅਤ, ਗੁਲਜ਼ਾਰ (ਸ. ਸੰਪੂਰਨ ਸਿੰਘ ਕਾਲੜਾ) ਨੂੰ ਭਾਸ਼ਾਵਾਂ ਫੈਕਲਟੀ ਵਿੱਚ ਆਨਰਜ਼ ਕਾਜ਼ਾ ਡਾਕਟਰੇਟ ਡਿਗਰੀ ਆਫ ਲਿਟਰੇਰਚਰ ਨਾਲ ਸਨਮਾਨਿਤ (ਆਨਲਾਈਨ) ਕੀਤਾ ਗਿਆ। ਪ੍ਰੋ. ਯੋਗੇਸ਼ ਕੇ. ਚਾਵਲਾ, ਸਾਬਕਾ ਡਾਇਰੈਕਟਰ ਅਤੇ ਐਮਰੀਟਸ ਪ੍ਰੋਫੈਸਰ, ਅਤੇ ਪੀਜੀਆਈਐਮਈਆਰ, ਚੰਡੀਗੜ੍ਹ ਵਿਖੇ ਹੈਪੇਟੋਲੋਜੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਨੂੰ ਮੈਡੀਕਲ ਸਾਇੰਸਜ਼ ਫੈਕਲਟੀ ਵਿੱਚ ਸਾਇੰਸ ਦੀ ਆਨਰਜ਼ ਕਾਜ਼ਾ ਡਾਕਟਰੇਟ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਦੇ ਵਾਈਸ ਚਾਂਸਲਰ, ਪ੍ਰੋ. ਰਾਜੀਵ ਸੂਦ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਸਨ। ਇਸ ਤੋਂ ਪਹਿਲਾਂ ਵਾਈਸ-ਚਾਂਸਲਰ, ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਪੰਜਾਬ ਦੇ ਮਾਨਯੋਗ ਰਾਜਪਾਲ ਬਨਵਾਰੀਲਾਲ ਪੁਰੋਹਿਤ ਦਾ ਇੱਥੇ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਅਤੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਡੀਨ, ਅਕਾਦਮਿਕ ਮਾਮਲੇ, ਪ੍ਰੋ. ਪਲਵਿੰਦਰ ਸਿੰਘ ਨੇ ਕਾਨਵੋਕੇਸ਼ਨ ਵਿਚ ਪੁੱਜੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਡੀਨ ਵਿਦਿਆਰਥੀ ਭਲਾਈ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਤੋਂ ਇਲਾਵਾ ਸਿੰਡੀਕੇਟ ਤੇ ਸੈਨੇਟ ਮੈਂਬਰ ਅਤੇ ਹੋਰ ਪਤਵੰਤੇ ਇਸ ਮੌਕੇ ਹਾਜ਼ਰ ਸਨ। ਸ੍ਰੀ ਪੁਰੋਹਿਤ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨਾਨਕ ਦੇਵ ਜੀ ਨੇ ਸਮਾਨਤਾ ਅਤੇ ਦਇਆ ਦਾ ਉਪਦੇਸ਼ ਦਿੱਤਾ ਅਤੇ ਹਨੇਰੇ ਵਿੱਚ ਡੁੱਬੀ ਹੋਈ ਦੁਨੀਆ ਵਿੱਚ ਗਿਆਨ ਦੀ ਰੌਸ਼ਨੀ ਦੇ ਰੂਪ ਵਿੱਚ ਪ੍ਰਗਟ ਹੋਏ। ਉਨ੍ਹਾਂ ਕਿਹਾ ਕਿ ਇਹ ਉਹ ਯੂਨੀਵਰਸਿਟੀ ਹੈ ਜੋ 1969 ਤੋਂ ਗਿਆਨ ਦੀ ਰੌਸ਼ਨੀ ਫੈਲਾ ਰਹੀ ਹੈ ਅਤੇ ਇਸ ਨੇ ਦੇਸ਼ ਦੇ ਉੱਚ ਸਿੱਖਿਆ ਵਿੱਚ ਗੌਰਵਮਈ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਯੂਨੀਵਰਸਿਟੀ ਆਪਣੇ ਨਾਮ ਉੱਤੇ ਕਾਇਮ ਹੈ ਅਤੇ ਆਪਣੇ ਵਿਦਿਆਰਥੀਆਂ ਵਿੱਚ ਸਹਿਨਸ਼ੀਲਤਾ, ਲਗਨ, ਦ੍ਰਿੜਤਾ ਅਤੇ ਆਤਮ-ਨਿਰਭਰਤਾ ਦੇ ਗੁਣਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਆਪਣੀ ਰੈਂਕਿੰਗ ਅਤੇ ਕਾਰਗੁਜ਼ਾਰੀ ਵਿੱਚ ਨਿਰੰਤਰ ਵਿਕਾਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂਕੁਲ ਪਰੰਪਰਾ ਵਿੱਚ ਵਿੱਦਿਆ ਦੀ ਪ੍ਰਕਿਰਿਆ ਦੇ ਤਿੰਨ ਪੜਾਅ ਸਨ- ਸ਼੍ਰਵਣ, ਮਨਨ ਅਤੇ ਨਿਧਆਸਨ। ਸ਼੍ਰਵਣ ਦਾ ਅਰਥ ਹੈ ਇੰਦਰੀਆਂ ਰਾਹੀਂ ਗਿਆਨ ਪ੍ਰਾਪਤ ਕਰਨਾ, ਮਨਨ ਦਾ ਅਰਥ ਹੈ ਸੁਣੀ ਹੋਈ ਗੱਲ ਨੂੰ ਮਨ ਦੇ ਮਾਧਿਅਮ ਰਾਹੀਂ ਸੋਚਣ ਅਤੇ ਮੰਥਨ ਕਰਨ ਦੀ ਪ੍ਰਕਿਰਿਆ ਅਤੇ ਨਿਧਆਸਨ ਦਾ ਅਰਥ ਹੈ ਸੁਣੇ ਹੋਏ ਗਿਆਨ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ। ਇਸ ਲਈ, ਉਨ੍ਹਾਂ ਕਿਹਾ ਕਿ, ਹੁਣ ਗਿਆਨ ਪ੍ਰਾਪਤੀ ਦੀ ਇਕ ਨਿਸ਼ਚਿਤ ਮਿਆਦ ਨੂੰ ਪੂਰਾ ਕਰਨ ਤੋਂ ਬਾਅਦ, ਹੁਣ ਤੁਸੀਂ ਇਸਨੂੰ ਇਕ ਵਿਹਾਰਕ ਰੂਪ ਦੇਣਾ ਹੈ। ਸ਼੍ਰੀ ਪੁਰੋਹਿਤ ਨੇ ਕਿਹਾ ਕਿ ਅਸੀਂ ਅੱਜ 5ਵੀਂ ਸਭ ਤੋਂ ਵੱਡੀ ਅਰਥ-ਵਿਵਸਥਾ ਹਾਂ ਅਤੇ ਇੱਕ ਪ੍ਰਫੁੱਲਿਤ ਅਤੇ ਕੁਸ਼ਲ ਕਾਰਜਸ਼ੈਲੀ ਵਾਲਾ ਲੋਕਤੰਤਰ ਹਾਂ। ਅਸੀਂ ਚੰਦ ਤਕ ਪਹੁੰਚ ਕਰ ਲਈ ਹੈ ਅਤੇ ਹੁਣ ਸਾਡੀਆਂ ਨਜ਼ਰਾਂ ਸੂਰਜ ‘ਤੇ ਟਿਕੀਆਂ ਹਨ । ਸਾਡੇ ਵਿਕਾਸ ਦੀ ਕਹਾਣੀ ਦੁਨੀਆ ਨੂੰ ਅਚੰਭਿਤ ਅਤੇ ਪ੍ਰੇਰਿਤ ਕਰਦੀ ਹੈ ਪਰ ਸਾਨੂੰ ਸੁਚੇਤ ਹੋਣ ਦੀ ਲੋੜ ਹੈ, ਸੰਤੁਸ਼ਟ ਹੋਣ ਦੀ ਨਹੀਂ।  ਇਸ ਲਈ ਉਨ੍ਹਾਂ ਕਿਹਾ ਕਿ ਉਤਸੁਕ ਰਹੋ, ਗਿਆਨ ਦੇ ਤਲਬਗ਼ਾਰ ਰਹੋ ਤੇ ਆਪਣੇ ਦਿਸਹੱਦਿਆਂ ਨੂੰ ਵਿਸ਼ਾਲ ਕਰਨ ਅਤੇ ਦ੍ਰਿਸ਼ਟੀਕੋਣ ਦੇ ਫੈਲਾਉ  ਲਈ ਨਵੇਂ ਮੌਕਿਆਂ ਦੀ ਭਾਲ ‘ਤੇ ਰੋਕ  ਨਾ ਲਾਉ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਦੇ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਫ੍ਰੈਂਕਲਿਨ ਡੀ ਰੂਜ਼ਵੈਲਟ ਜਿਨ੍ਹਾਂ ਨੇ ਇਕ ਵਾਰ ਕਿਹਾ ਸੀ “ਅਸੀਂ ਹਮੇਸ਼ਾ ਨੌਜਵਾਨਾਂ ਲਈ ਭਵਿੱਖ ਦਾ ਨਿਰਮਾਣ ਨਹੀਂ ਕਰ ਸਕਦੇ ਪਰ ਅਸੀਂ ਭਵਿੱਖ ਲਈ ਆਪਣੇ ਨੌਜਵਾਨਾਂ ਨੂੰ ਤਿਆਰ ਕਰ ਸਕਦੇ ਹਾਂ। “

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img