ਜ਼ੀਰੋ ’ਤੇ ਆਊਟ ਹੋ ਕੇ ਫੇਰ ਟੌਪ ’ਤੇ ਪਰਤੇ
ਚੰਡੀਗੜ੍ਹ, 20 ਜੁਲਾਈ (ਬੁਲੰਦ ਆਵਾਜ ਬਿਊਰੋ) – ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਸਫਰ ਉਨ੍ਹਾਂ ਦੇ ਕ੍ਰਿਕਟ ਕਰੀਅਰ ਦੀ ਤਰ੍ਹਾਂ ਹੀ ਰਿਹਾ ਹੈ। ਕ੍ਰਿਕਟ ਦੇ ਮੈਦਾਨ ਵਿਚ ਸੰਨਿਆਸ ਤੋਂ ਬਾਅਦ ਵਧੀਆ ਵਾਪਸੀ ਕੀਤੀ ਤੇ ਸਿਆਸੀ ਸੰਨਿਆਸ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ। ਕਦੇ ਵਕਾਰ ਯੂਨਿਸ ਦੀ ਗੇਂਦ ’ਤੇ ਜ਼ੀਰੋ ’ਤੇ ਆਊਟ ਹੋਣ ਤੋਂ ਬਾਅਦ ਸਿੱਧੂ ਜਿਵੇਂ ਸਿਕਸਰ ਕਿੰਗ ਬਣੇ ਉਸ ਤਰ੍ਹਾਂ ਦਾ ਹੀ ਜਜ਼ਬਾ ਉਨ੍ਹਾਂ ਨੇ ਸਿਆਸਤ ਦੀ ਪਾਰੀ ਵਿਚ ਵੀ ਦਿਖਾਇਆ। ਕ੍ਰਿਕਟ ਦੇ ਮੈਦਾਨ ਵਿਚ ਅਪਣੇ ਛੱਕਿਆਂ ਦੇ ਲਈ ਮਸ਼ਹੂਰ ਰਹੇ ਸਿੱਧੂ ਨੇ ਸਿਆਸਤ ਵਿਚ ਹੈਟ੍ਰਿਕ ਬਣਾਈ ਅਤੇ ਅੰਮ੍ਰਿਤਸਰ ਤੋਂ ਲਗਾਤਾਰ ਤਿੰਨ ਵਾਰ ਲੋਕ ਸਭਾ ਚੋਣ ਜਿੱਤੇ। ਸਿੱਧੂ ਦੇ ਬਾਰੇ ਵਿਚ ਖ਼ਾਸ ਗੱਲ ਇਹ ਹੈ ਕਿ ਕ੍ਰਿਕਟ ਵਿਚ ਵੀ ਉਨ੍ਹਾਂ ਦਾ ਅਪਣੇ ਕਪਤਾਨ ਨਾਲ ਵਿਵਾਦ ਹੋਇਆ ਅਤੇ ਇਸ ਕਾਰਨ ਅਚਾਨਕ ਸੰਨਿਆਸ ਲੈ ਲਿਆ । ਹੁਣ ਰਾਜਨੀਤੀ ਦੇ ਮੈਦਾਨ ਵਿਚ ਵੀ ਉਨ੍ਹਾਂ ਦਾ ਵਿਵਾਦ ਹੋਇਆ ਅਤੇ ਮੰਤਰੀ ਛੱਡ ਕੇ ਸਿਆਸੀ ਸੰਨਿਆਸ ’ਤੇ ਚਲੇ ਗਏ। ਫੇਰ ਕ੍ਰਿਕਟ ਮੈਦਾਨ ਵਿਚ ਰਿਟਾਇਰਮੈਂਟ ਤੋਂ ਪਰਤੇ ਅਤੇ ਹੁਣ ਸਿਆਸਤ ਵਿਚ ਵੀ ਜ਼ੋਰਦਾਰ ਵਾਪਸੀ ਕੀਤੀ ਹੈ।
ਨਵਜੋਤ ਸਿੰਘ ਸਿੱਧੂ ਨੇ ਅਪਣਾ ਸਿਆਸੀ ਸਫਰ 2004 ਵਿਚ ਸ਼ੁਰੂ ਕੀਤਾ ਸੀ। ਭਾਜਪਾ ਦੇ ਸੀਨਅਰ ਨੇਤਾ ਅਰੁਣ ਜੇਤਲੀ ਨੇ 2004 ਵਿਚ ਸਿੱਧੂ ਨੂੰ ਭਾਜਪਾ ਵਿਚ ਸ਼ਾਮਲ ਕੀਤਾ ਸੀ। ਇਸ ਤੋਂ ਬਾਅਦ ਸਿੱਧੂ ਹਮੇਸ਼ਾ ਜੇਤਲੀ ਨੂੰ ਅਪਣਾ ਸਿਆਸੀ ਗੁਰੂ ਮੰਨਦੇ ਰਹੇ, ਭਾਜਪਾ ਵਿਚ ਰਹਿਣ ਦੌਰਾਨ ਵੀ ਅਤੇ ਉਸ ਨੂੰ ਛੱਡਣ ਤੋਂ ਬਾਅਦ ਵੀ। 2004 ਵਿਚ ਹੀ ਸਿੱਧੂ ਨੇ ਪਹਿਲੀ ਵਾਰ ਅੰਮ੍ਰਿਤਸਰ ਲੋਕ ਸਭਾ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜੀ । ਸਿੱਧੂ ਨੇ ਕਾਂਗਰਸ ਦੇ ਦਿੱਗਜ ਨੇਤਾ ਰਘੂਨੰਦਨ ਲਾਲ ਭਾਟੀਆ ਨੂੰ ਕਾਫੀ ਵੋਟਾਂ ਦੇ ਫਰਕ ਨਾਲ ਹਰਾਇਆ।
ਸਿੱਧੂ ਨੇ ਪਟਿਆਲਾ ਦੇ ਗੈਰ ਇਰਾਦਤਨ ਹੱਤਿਆ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਫੈਸਲਾ ਦੇਣ ਤੋਂ ਪਹਿਲਾਂ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸੁਪਰੀਮ ਕੋਰਟ ਵਲੋਂ ਚੋਣ ਲੜਨ ਦੀ ਆਗਿਆ ਮਿਲਣ ਤੋਂ ਬਾਅਦ 2007 ਵਿਚ ਅੰਮ੍ਰਿਤਸਰ ਤੋਂ ਜ਼ਿਮਨੀ ਚੋਣ ਲੜੀ ਸੀ। ਇਸ ਚੋਣ ਵਿਚ ਉਨ੍ਹਾਂ ਨੇ ਕਾਂਗਰਸੀ ਨੇਤਾ ਸੁਰਿੰਦਰ ਸਿੰਗਲਾ ਨੂੰ ਹਰਾਇਆ। 2009 ਵਿਚ ਸਿੱਧੂ ਓਪੀ ਸੋਨੀ ਨੂੰ ਹਰਾ ਕੇ ਤੀਜੀ ਵਾਰ ਸੰਸਦ ਪੁੱਜੇ। 2014 ਵਿਚ ਭਾਜਪਾ ਨੇ ਉਨ੍ਹਾਂ ਟਿਕਟ ਨਹੀਂ ਦਿੱਤਾ ਸੀ। ਬਾਅਦ ਵਿਚ ਭਾਜਪਾ ਨੇ ਉਨ੍ਹਾਂ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਸੀ ਲੇਕਿਨ ਸਿੱਧੂ ਰਾਜ ਸਭਾ ਤੋਂ ਅਸਤੀਫ਼ਾ ਦੇ ਕੇ 2017 ਵਿਚ ਕਾਂਗਰਸ ਵਿਚ ਸ਼ਾਮਲ ਹੋ ਗਏ । ਕਾਂਗਰਸ ਦੀ ਸਰਕਾਰ ਬਣਨ ’ਤੇ ਉਨ੍ਹਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਣਾਇਆ ਗਿਆ ਲੇਕਿਨ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਨਾਲ ਉਨ੍ਹਾਂ ਦੇ ਮੱਤਭੇਦ ਚਲਦੇ ਰਹੇ। ਹੁਣ ਜਾ ਕੇ ਇਨ੍ਹਾਂ ਨੇ ਫੇਰ ਸਿਆਸਤ ਵਿਚ ਬਾਜ਼ੀ ਮਾਰ ਲਈ। ਹੁਣ ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣ ਗਏ ਹਨ।