ਅੱਜ ਦੇ ਸਮਾਜ ਵਿੱਚ, ਜਿਸਨੂੰ ਅਸੀਂ ਸਰਮਾਏਦਾਰਾ ਸਮਾਜ ਕਹਿੰਦੇ ਹਾਂ, ਪੈਦਾਵਾਰ ਦੇ ਸਾਧਨਾਂ ਉੱਤੇ ਸਰਮਾਏਦਾਰਾ ਜਮਾਤ ਦਾ ਕਬਜਾ ਹੈ ਤੇ ਇਸ ਕਬਜੇ ਤਹਿਤ ਅਖੌਤੀ ਬੌਧਿਕ ਪੈਦਾਵਾਰ ਦੇ ਖੇਤਰ ਮਤਲਬ ਕਲਾ, ਸਾਹਿਤ, ਸੰਗੀਤ, ਫਿਲਮਾਂ, ਪੱਤਰਕਾਰੀ ਆਦਿ ਵਿੱਚ ਵੀ ਸਰਮਾਏਦਾਰਾਂ ਤੇ ਸਰਮਾਏਦਾਰਾ ਵਿਚਾਰਧਾਰਾ ਦਾ ਗਲਬਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਖੇਤਰ ਵਿੱਚ ਸਰਮਾਏਦਾਰਾ ਗਲਬੇ ਦੇ ਨਾਲ਼-ਨਾਲ਼ ਕੁੱਝ ਲੋਕ ਪੱਖੀ ਬਦਲ ਵੀ ਮੌਜੂਦ ਹਨ ਤੇ ਲਗਾਤਾਰ ਇਹਨਾਂ ਬਦਲਾਂ ਦਾ ਖੇਤਰ ਵਧਾਉਣ ਤੇ ਮੌਜੂਦਾ ਗਲਬੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਪਰ ਹਾਲੇ ਸਰਮਾਏਦਾਰਾ ਜਮਾਤ ਦਾ ਇਸ ਖੇਤਰ ਉੱਤੇ ਵਿਆਪਕ ਕਬਜਾ ਹੈ। ਸਿੱਖਿਆ ਦੇ ਖੇਤਰ ਸਮੇਤ ਅਜਿਹੇ ਅਖੌਤੀ ਬੌਧਿਕ ਪੈਦਾਵਾਰ ਦੇ ਖੇਤਰ ਉੱਪਰ ਸਰਮਾਏਦਾਰਾ ਕਬਜੇ ਨਾਲ਼ ਹੀ ਇਸ ਪ੍ਰਬੰਧ ਵਿੱਚ ਅਜਿਹੇ ਲੋਕ ਤੇ ਵਿਚਾਰਕ ਲਗਾਤਾਰ ਤਿਆਰ ਹੁੰਦੇ ਰਹਿੰਦੇ ਹਨ ਜਿਹੜੇ ਇਸ ਪ੍ਰਬੰਧ ਦੇ ਹਾਕਮਾਂ, ਸਰਮਾਏਦਾਰਾਂ, ਦੀ ਵਿਚਾਰਧਾਰਾ ਵਿੱਚ ਰੰਗੇ ਹੁੰਦੇ ਹਨ ਤੇ ਜੋ ਖੁਦ ਇਹਨਾਂ ਵਿਚਾਰਾਂ ਨੂੰ ਅੱਗੇ ਲੈਕੇ ਜਾਣ ਦਾ ਸੰਦ ਬਣਦੇ ਹਨ। ਅੱਜ ਵੀ ਦੇਸ਼ ਤੇ ਸੰਸਾਰ ਪੱਧਰ ਉੱਤੇ ਇਹਨਾਂ ਖੇਤਰਾਂ ਵਿੱਚ ਹਾਕਮ ਜਮਾਤ ਦੇ ਵਿਚਾਰਾਂ ਦਾ ਹੀ ਗਲਬਾ ਹੈ ਤੇ ਵਿਆਪਕ ਲੋਕਾਈ ਤੱਕ ਕਲਾ ਦੇ ਵੱਖੋ-ਵੱਖਰੇ ਰੂਪਾਂ, ਖਬਰਾਂ ਦੇ ਚੈਨਲਾਂ, ਅਖ਼ਬਾਰਾਂ, ਰਸਾਲਿਆਂ ਰਾਹੀਂ ਇਹਨਾਂ ਵਿਚਾਰਾਂ ਦੀ ਸਿੱਧੇ-ਅਸਿੱਧੇ ਤਰੀਕਿਆਂ ਰਾਹੀਂ ਰਸਾਈ ਕੀਤੀ ਜਾਂਦੀ ਹੈ। ਇੱਕ ਪਾਸੇ ਇਹਨਾਂ ਤਰੀਕਿਆਂ ਰਾਹੀਂ ਅੱਜ ਭਾਰਤ ਸਮੇਤ ਹੋਰ ਕਈ ਦੇਸ਼ਾਂ ਵਿੱਚ ਹਾਕਮ ਜਮਾਤ ਦਾ ਮੁੱਖ ਮਕਸਦ ਲੋਕਾਂ ਵਿੱਚ ਤਰ੍ਹਾਂ-ਤਰ੍ਹਾਂ ਦੇ ਤੁਅੱਸਬ ਭਰਕੇ ਉਹਨਾਂ ਨੂੰ ਭਰਾ ਮਾਰ ਲੜਾਈ ਵਿੱਚ ਝੋਕਣਾ ਤੇ ਆਪਣਾ ਰਾਜ ਪ੍ਰਬੰਧ ਸੁਰੱਖਿਅਤ ਰੱਖਣਾ ਹੈ ਉੱਥੇ ਦੂਜੇ ਪਾਸੇ ਸਰਮਾਏਦਾਰਾ ਜਮਾਤ ਦੇ ਵਿਚਾਰਕਾਂ ਦਿਆਂ ਲੇਖਾਂ, ਟਿੱਪਣੀਆਂ ਆਦਿ ਤੋਂ ਕਈ ਵਾਰ ਹਾਕਮ ਜਮਾਤ ਦੀ ਮਾਨਸਿਕਤਾ, ਉਹਨਾਂ ਦੇ ਡਰ ਤੇ ਸ਼ੰਕੇ ਸਮਝਣ ਵਿੱਚ ਵੀ ਮਦਦ ਮਿਲ਼ਦੀ ਹੈ। ਕਿਰਤੀ ਲੋਕਾਂ ਤੇ ਉਹਨਾਂ ਦੇ ਨੁਮਾਇੰਦਿਆਂ ਲਈ ਇਹ ਚੀਜ ਖਾਸ ਹੀ ਮਹੱਤਵ ਵਾਲ਼ੀ ਹੈ ਕਿ ਉਹਨਾਂ ਦੀ ਦੁਸ਼ਮਣ ਜਮਾਤ ਕਿਹੋ ਜਹੀ ਮਾਨਸਿਕਤਾ ਵਿੱਚੋਂ ਗੁਜਰ ਰਹੀ ਹੈ, ਉਹ ਲੋਕਾਂ ਦੇ ਏਕੇ ਨੂੰ ਤੋੜਨ ਲਈ ਕਿਹੜੀਆਂ ਵਿਉਂਤਾਂ ਘੜ ਰਹੀ ਹੈ, ਲੋਕਾਂ ਦੇ ਮੋਢਿਆਂ ਉੱਤੇ ਬੋਝ ਦੂਣ-ਸਵਾਇਆ ਕਰਨ ਲਈ ਕਿਹੜੀਆਂ ਨਵੀਆਂ ਸਕੀਮਾਂ ਲੈਕੇ ਆਉਣ ਦੀ ਤਿਆਰੀ ਵਿੱਚ ਹੈ ਆਦਿ।
ਇਸ ਸੰਦਰਭ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਖਾਸਕਰ ਕਰੋਨਾ ਕਾਲ ਮਗਰੋਂ ਸੰਸਾਰ ਪੱਧਰ ਦਿਆਂ ਰਸਾਲਿਆਂ, ਅਖ਼ਬਾਰਾਂ ਤੇ ਖਾਸ ਕਰ ਆਰਥਿਕ ਮਾਮਲਿਆਂ ਨਾਲ਼ ਸਬੰਧਤ ਮੀਡੀਆ ਵਿੱਚ ਲਗਾਤਾਰ ਹਾਕਮਾਂ ਦੇ ਪੱਖੀ ਵਿਚਾਰਕਾਂ ਵੱਲੋਂ ਅਜਿਹੇ ਲੇਖਾਂ ਦੀ ਝੜੀ ਲਾ ਦਿੱਤੀ ਗਈ ਜਿਸ ਵਿੱਚ ਮੌਜੂਦਾ ਆਰਥਿਕ ਤੇ ਸਿਆਸੀ ਹਾਲਤ ਨੂੰ ਲੈਕੇ ਗੰਭੀਰ ਤੌਖਲੇ ਪ੍ਰਗਟਾਏ ਗਏ ਹਨ। ਇਹਨਾਂ ਵਿਚਾਰਕਾਂ ਵੱਲੋਂ ਇਸ ਡਰ ਦਾ ਪ੍ਰਗਟਾਵਾ ਅਸਲ ਵਿੱਚ ਸਰਮਾਏਦਾਰਾਂ ਦੀ ਹੀ ਮੌਜੂਦਾ ਸਥਿਤੀ ਨੂੰ ਲੈਕੇ ਬੌਖਲਾਹਟ ਦਾ ਪ੍ਰਗਟਾਵਾ ਹੈ ਤੇ ਇਹਨਾਂ ਦੀਆਂ ਚੱਕਰ ਸਰਕਾਰਾਂ ਵੱਲੋਂ ਚੁੱਕੇ ਜਾ ਰਹੇ ਜਾਬਰ ਕਦਮ ਵੀ ਇਸ ਪੂਰੀ ਸਥਿਤੀ ਦਾ ਹੀ ਤਾਰਕਿਕ ਸਿੱਟਾ ਹਨ। ਇਸ ਲੇਖ ਵਿੱਚ ਸੰਸਾਰ ਪੱਧਰ ਉੱਤੇ ਹਾਕਮ ਜਮਾਤ ਦੀ ਵਧ ਰਹੀ ਚਿੰਤਾ ਤੇ ਰਸਾਲਿਆਂ, ਅਖ਼ਬਾਰਾਂ ਖਾਸ ਕਰ ਵਿੱਤੀ ਪ੍ਰਬੰਧ ਨਾਲ਼ ਸਬੰਧਤ ਅਖ਼ਬਾਰਾਂ ਵਿੱਚ ਇਹਨਾਂ ਦੇ ਪ੍ਰਗਟਾਵਿਆਂ ਉੱਪਰ ਗੱਲ ਕੀਤੀ ਜਾਵੇਗੀ।
ਮੌਜੂਦਾ ਆਰਥਿਕ ਸਥਿਤੀ ਨੂੰ ਲੈਕੇ ਹਾਲੋਂ-ਬੇਹਾਲ ਹਾਕਮ ਜਮਾਤ ਦੇ ਵਿਚਾਰਵਾਨ
ਸੰਸਾਰ ਅਰਥਚਾਰਾ ਜਿਹੋ ਜਹੇ ਵਿਆਪਕ ਤੇ ਡੂੰਘੇ ਆਰਥਿਕ ਸੰਕਟ ਵਿੱਚੋਂ ਗੁਜਰ ਰਿਹਾ ਹੈ ਉਸ ਵਿੱਚ ਮੁਨਾਫਿਆਂ ਦੇ ਸੁੱਕਣ ਸਦਕਾ ਸੰਸਾਰ ਪੱਧਰ ਉੱਤੇ ਸਰਮਾਏਦਾਰ ਤੇ ਉਹਨਾਂ ਦੇ ਵਿਚਾਰਕ ਬੇਹੱਦ ਪ੍ਰੇਸ਼ਾਨ ਹਨ, ਓਹੀ ਵਿਚਾਰਕ ਜਿਹੜੇ ਕਿਸੇ ਵੇਲੇ ਸੰਕਟ ਦਾ ਅੰਤਮ ਹੱਲ ਲੱਭਣ ਦੀਆਂ ਫੜਾਂ ਮਾਰਦੇ ਸਨ ਹੁਣ ਇਹ ਮੰਨਣ ਲਈ ਮਜਬੂਰ ਹਨ ਕਿ ਨਾ ਤਾਂ ਉਹ ਚੰਗੀ ਤਰ੍ਹਾਂ ਇਸ ਸੰਕਟ ਦੇ ਕਾਰਨਾਂ ਨੂੰ ਹੀ ਸਮਝਦੇ ਹਨ ਤੇ ਨਾ ਹੀ ਉਹਨਾਂ ਕੋਲ਼ ਇਸ ਦਾ ਕੋਈ ਢੁਕਵਾਂ ਫੌਰੀ ਤੇ ਦੂਰਰਸ ਹੱਲ ਹੈ। ਆਰਥਿਕ ਮਸਲਿਆਂ ਨਾਲ਼ ਸਬੰਧਤ ਕੌਮਾਂਤਰੀ ਰਸਾਲਿਆਂ, ਅਖ਼ਬਾਰਾਂ ਉੱਤੇ ਇੱਕ ਸਰਸਰੀ ਜਿਹੀ ਨਜਰ ਮਾਰਨ ਨਾਲ਼ ਹੀ ਉਪਰੋਕਤ ਗੱਲ ਚਿੱਟੇ ਦਿਨ ਵਾਂਗ ਸਾਫ ਹੋ ਜਾਂਦੀ ਹੈ। ‘ਫਾਇਨੈਨਸ਼ੀਅਲ ਟਾਈਮਜ’, ‘ਵਾਲ ਸਟ੍ਰੀਟ ਜਰਨਲ’ ਆਦਿ ਜਹੇ ਕੌਮਾਂਤਰੀ ਪੱਧਰ ਦੇ ਅਖ਼ਬਾਰਾਂ, ਰਸਾਲਿਆਂ ਵਿੱਚ ਜੋ ਸੰਸਾਰ ਅਰਥਚਾਰੇ ਨੂੰ ਲੈਕੇ ਸਾਂਝੇ ਸ਼ੰਕੇ ਪ੍ਰਗਟਾਏ ਜਾ ਰਹੇ ਹਨ ਉਹਨਾਂ ਵਿੱਚ ਮਹਿੰਗਾਈ, ਅਰਥਚਾਰੇ ਦੀ ਵਿਕਾਸ ਦਰ ਦਾ ਡਿੱਗਣਾ, ਸੰਸਾਰ ਪੱਧਰ ਉੱਤੇ ਪੈਦਾਵਾਰ ਦੀਆਂ ਕੜੀਆਂ ਵਿੱਚ ਰੁਕਾਵਟਾਂ, ਬੇਰੁਜ਼ਗਾਰੀ ਤੇ ਸੰਸਾਰ ਅਰਥਚਾਰੇ ਦੇ ਕੇਂਦਰਾਂ ਖਾਸਕਰ ਸੰਯੁਕਤ ਰਾਜ ਅਮਰੀਕਾ ਵਿੱਚ ਡੂੰਘਾ ਹੁੰਦਾ ਆਰਥਿਕ ਸੰਕਟ ਆਦਿ ਸ਼ਾਮਲ ਹਨ। ਪਿਛਲੇ ਕੁੱਝ ਮਹੀਨਿਆਂ ਅੰਦਰ ‘ਵਾਲ ਸਟ੍ਰੀਟ ਜਰਨਲ’ ਵਿੱਚ ਕਿੰਨੀਆਂ ਹੀ ਇਹਨਾਂ ਮੁੱਦਿਆਂ ਸਬੰਧੀ ਖ਼ਬਰਾਂ ਛਪੀਆਂ ਜਿਵੇਂ ਕਿ ‘ਕਰੋਨਾ ਕਾਲ ਮਗਰੋਂ ਵਧਦੀ ਮਹਿੰਗਾਈ ਕਰਕੇ ਸੰਸਾਰ ਅਰਥਚਾਰਾ ਖੜੋਤ ਵਿੱਚ’, ‘ਅਰਥਸ਼ਾਸਤਰੀਆਂ ਨੇ ਜਰਮਨੀ ਦੀ ਅਨੁਮਾਨਿਤ ਵਿਕਾਸ ਦਰ ਘਟਾਈ’, ‘ਅਮਰੀਕਾ ਵਿੱਚ ਵਧਦੀ ਬੇਰੁਜਜ਼ਗਾਰੀ’ ਜਾਂ ‘ਵਧਦੀ ਮਹਿੰਗਾਈ ਅੱਗ ਵਾਂਗ ਅਰਥਚਾਰਿਆਂ ਵਿੱਚ ਫੈਲਦੀ ਹੋਈ’ ਆਦਿ। ਲਗਭਗ ਇਹੋ ਜਹੀਆਂ ਹੀ ਖ਼ਬਰਾਂ ‘ਫਾਇਨੈਨਸ਼ੀਅਲ ਟਾਈਮਜ’ ਤੇ ਹੋਰ ਕੌਮਾਂਤਰੀ ਪੱਧਰ ਦੇ ਰਸਾਲਿਆਂ, ਅਖ਼ਬਾਰਾਂ ਵਿੱਚ ਪਿਛਲੇ ਅਰਸੇ ਅੰਦਰ ਛਪਦੀਆਂ ਰਹੀਆਂ ਹਨ।
ਕਿੰਨੇ ਹੀ ਲੇਖਾਂ ਵਿੱਚ ਕੌਮਾਂਤਰੀ ਪੱਧਰ ਉੱਤੇ ਮਾਨਤਾ ਪ੍ਰਾਪਤ (ਹਾਕਮ ਜਮਾਤ ਵੱਲੋਂ) ਅਰਥਸ਼ਾਸਤਰੀ ਇਹ ਵੀ ਲਿਖ ਰਹੇ ਹਨ ਕਿ “ਪੁਰਾਣੇ ਭੈੜੇ ਸਮੇਂ (1970ਵਿਆਂ ਤੇ 1930ਵਿਆਂ ਦੇ ਸੰਕਟ ਦੇ ਸਮੇਂ) ਦੀਆਂ ਗੂੰਜਾਂ ਹਰ ਪਲ ਵਧੇਰੇ ਨੇੜੇ ਤੋਂ ਸੁਣਾਈ ਦੇ ਰਹੀਆਂ ਹਨ।” ਹਾਲੀਆ ਬੈਂਕਾਂ ਤੇ ਵਿੱਤੀ ਸਥਿਤੀ ਨੂੰ ਦੇਖਦਿਆਂ ਕਈ ਆਰਥਿਕ ‘ਮਾਹਿਰਾਂ’ ਨੇ ਲਿਖਿਆ ਹੈ ਕਿ ਜਿਸ ਹੱਦ ਤੱਕ ਪਿਛਲੇ ਸਮੇਂ ਵਿੱਚ ਕਰਜੇ ਵਿੱਚ ਵਿਸਥਾਰ ਕੀਤਾ ਗਿਆ ਹੈ ਉਸ ਨਾਲ਼ “ਮੌਜੂਦਾ ਹਾਲਤ ਕੇਂਦਰੀ ਬੈਂਕਾਂ ਹੱਥੋਂ ਬਾਹਰ ਹੋ ਚੁੱਕੀ ਹੈ।” ਇੰਝ ਹੀ ਹੋਰ ਵੱਖੋ-ਵੱਖ ਲਿਖਤਾਂ ਵਿੱਚ ਸਮੁੱਚੇ ਸੰਕਟਗ੍ਰਸਤ ਅਰਥਚਾਰੇ ਤੇ ਇਸਦੇ ਵੱਖੋ-ਵੱਖ ਪੱਖਾਂ ਉੱਤੇ ਖਦਸੇ ਜਤਾਏ ਗਏ ਹਨ।
ਮੌਜੂਦਾ ਆਰਥਿਕ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਮੁੱਖਧਾਰਾ ਦੇ ਕਈ ਅਰਥਸ਼ਾਸਤਰੀਆਂ ਨੇ ਤਾਂ ਮੁੱਖਧਾਰਾ ਅਰਥਸ਼ਾਸਤਰ ਉੱਤੇ ਵੀ ਸਵਾਲੀਆ ਨਿਸ਼ਾਨ ਲਾਉਣੇ ਸ਼ੁਰੂ ਕਰ ਦਿੱਤੇ ਹਨ। ‘ਵਾਲ ਸਟ੍ਰੀਟ ਜਰਨਲ’ ਵਿੱਚ ਛਪੇ ਇੱਕ ਲੇਖ ਰਾਹੀਂ ਅਰਥਸ਼ਾਸਤਰੀ ਜੇਰੇਮੀ ਰੂਡ ਨੇ ਲਿਖਿਆ ਹੈ ਕਿ, “ਮੁੱਖਧਾਰਾ ਅਰਥਸ਼ਾਸਤਰ ਅਜਿਹੇ ਵਿਚਾਰਾਂ ਨਾਲ਼ ਭਰਿਆ ਪਿਆ ਹੈ ਜਿਹਨਾਂ ਨੂੰ ਸਾਰੇ ਸਹੀ ਮੰਨਦੇ ਹਨ ਪਰ ਅਸਲ ਵਿੱਚ ਇਹ ਕੋਰੀ ਬਕਵਾਸ ਤੋਂ ਬਿਨਾਂ ਕੁੱਝ ਨਹੀਂ ਹਨ।” ਇਸੇ ਲੇਖ ਵਿੱਚ ਅੱਗੇ ਰੂਡ ਨੇ ਲਿਖਿਆ ਕਿ ਮੁੱਖਧਾਰਾ ਅਰਥਸ਼ਾਸਤਰ ਉੱਤੇ ਇਹ ਵੀ ਦੋਸ਼ ਲਾਇਆ ਜਾਂਦਾ ਹੈ ਕਿ ਅਸਲ ਵਿੱਚ ਇਸਦਾ ਮਕਸਦ ਇੱਕ “ਲੋਟੂ, ਜਾਬਰ ਢਾਂਚੇ ਨੂੰ ਨਿਆਂ ਸੰਗਤ ਸਿੱਧ ਕਰਨਾ ਹੈ।” ਭਾਵੇਂ ਮੁੱਖਧਾਰਾ ਨਾਲ਼ ਹੀ ਸਬੰਧ ਰੱਖਦੇ ਰੂਡ ਨੇ ਇਸ ‘ਇਲਜਾਮ’ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਮੁੱਖਧਾਰਾ ਅਰਥਸ਼ਾਸਤਰ ਸਬੰਧੀ ਅਜਿਹੀ ਗੱਲ ਖੁੱਲ੍ਹਕੇ ਲਿਖਣ ਦਾ ਇਹੋ ਮਤਲਬ ਹੈ ਕਿ ਆਪਣੀ ਰਵਾਇਤੀ ਸਿੱਖਿਆ ਨਾਲ਼ ਹਾਕਮ ਜਮਾਤ ਦੇ ਅਰਥਸ਼ਾਸਤਰੀ ਹੁਣ ਮੌਜੂਦਾ ਹਾਲਤ ਨੂੰ ਸਮਝਣ ਤੋਂ ਅਸਮਰੱਥ ਹਨ। ਸਰਮਾਏਦਾਰਾਂ ਤੇ ਉਹਨਾਂ ਦੇ ਵਿਚਾਰਕਾਂ ਦਾ ਆਰਥਿਕ ਸੰਕਟ ਨੂੰ ਲੈਕੇ ਡੂੰਘੀ ਚਿੰਤਾ ਦਾ ਸਾਫ ਪ੍ਰਗਟਾਵਾ ਇਹਨਾਂ ਰਸਾਲਿਆਂ, ਅਖ਼ਬਾਰਾਂ ਵਿੱਚ ਨਿੱਤ ਦਿਹਾੜੀ ਦੇਖਣ ਨੂੰ ਮਿਲ਼ਦਾ ਹੈ।
ਕਿਰਤੀ ਲੋਕਾਂ ਵਿੱਚ ਵਧਦਾ ਰੋਹ ਤੇ ਹਾਕਮ ਜਮਾਤ
ਮਹਿੰਗਾਈ, ਵਿਕਾਸ ਦਰ ਦਾ ਸੁੰਗੜਨਾ, ਮੁਨਾਫਿਆਂ ਦੀ ਤੋਟ, ਆਰਥਿਕ ਸੰਕਟ ਦੀ ਆਮਦ ਆਦਿ ਭਾਵੇਂ ਸਰਮਾਏਦਾਰਾ ਜਮਾਤ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹਨ ਪਰ ਇਸ ਤੋਂ ਵੀ ਵਧੇਰੇ ਹਾਕਮ ਜਮਾਤ ਆਮ ਲੋਕਾਈ ਦੇ ਵਧਦੇ ਰੋਹ ਤੋਂ ਡਰਦੀ ਹੈ ਕਿਉਂਕਿ ਇਹ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਕਿਰਤੀ ਲੋਕਾਈ ਦੇ ਵੱਡੇ ਹਿੱਸੇ ਦੀ ਲਹਿਰ ਹੀ ਹੈ ਜੋ ਮੌਜੂਦਾ ਨਿਜਾਮ ਦੀਆਂ ਜੜਾਂ ਹਿਲਾਉਣ ਦੀ ਤਾਕਤ ਰੱਖਦੀ ਹੈ ਤੇ ਕੋਈ ਵੀ ਹਾਕਮ ਜਮਾਤ ਏਨਾਂ ਕਿਸੇ ਚੀਜ ਤੋਂ ਨਹੀਂ ਡਰਦੀ ਹੁੰਦੀ ਜਿੰਨਾਂ ਆਪਣੇ ਰਾਜ ਭਾਗ ਖੁੱਸਣ ਦੀ ਸੰਭਾਵਨਾ ਤੋਂ। ਹਾਕਮ ਜਮਾਤ ਦੇ ਵਿਚਾਰਕਾਂ ਦੀ ਸੁਣੀਏ ਤਾਂ ਉਹਨਾਂ ਅਨੁਸਾਰ, ਉਹੀ ਵਿਚਾਰਕ ਜਿਹੜੇ ਕੁੱਝ ਸਾਲ ਪਹਿਲਾਂ ਸਰਮਾਏਦਾਰੀ ਦੇ ਸਦੀਵੀ ਰਹਿਣ ਦੀਆਂ ਕੂਕਾਂ ਮਾਰ ਰਹੇ ਸਨ, ਸਰਮਾਏਦਾਰਾ ਰਾਜ ਪ੍ਰਬੰਧ ਵੱਖੋ-ਵੱਖ ਦੇਸ਼ਾਂ ਵਿੱਚ ਤਿੱਖੇ ਸਿਆਸੀ ਸੰਕਟ ਦਾ ਸ਼ਿਕਾਰ ਹੈ । ‘ਫਾਇਨੈਨਸ਼ੀਅਲ ਟਾਈਮਜ’ ਵਿੱਚ ਪਿੱਛੇ ਜਹੇ ਸੰਯੁਕਤ ਰਾਜ ਅਮਰੀਕਾ ਵਿੱਚ ‘ਕੈਲੋਗਜ’ ਕੰਪਨੀ ਦੇ ਮਜ਼ਦੂਰਾਂ ਦੀ ਹੜਤਾਲ ਉੱਤੇ ਕੁੱਝ ਲੇਖ ਛਪੇ, ਜਿਹਨਾਂ ਵਿੱਚੋਂ ਇੱਕ ਲੇਖ ਵਿੱਚ ਮਜ਼ਦੂਰ ਲਹਿਰਾਂ ਦੇ ਇਤਿਹਾਸਕਾਰ ਬਰਾਇੰਟ ਸਾਈਮਨ ਨੇ ਲਿਖਿਆ ਕਿ ਮਜ਼ਦੂਰ ਜਮਾਤ ਦੇ ਕਈ ਹਿੱਸਿਆਂ ਵਿੱਚ ਇਸ ਪ੍ਰਬੰਧ “ਨੂੰ ਲੈਕੇ ਨਿਰਾਸ਼ਾ ਸਿਖਰਾਂ ਉੱਤੇ ਹੈ।”
ਸਾਈਮਨ ਅਨੁਸਾਰ ਇਹ ਨਿਰਾਸ਼ਾ ਸਿਰਫ ਨੌਕਰੀ ਤੋਂ ਮਿਲ਼ਦੀ ਘੱਟ ਤਨਖਾਹ ਤੇ ਭੱਤਿਆਂ ਤੱਕ ਹੀ ਸੀਮਤ ਨਹੀਂ ਸਗੋਂ ਹੋਰ ਡੂੰਘੇ ਸਮਾਜਕ ਹਾਲਤਾਂ ਨਾਲ਼ ਵੀ ਸਬੰਧਤ ਹੈ। ‘ਫਾਇਨੈਨਸ਼ੀਅਲ ਟਾਈਮਜ’ ਤੇ ‘ਵਾਲ ਸਟ੍ਰੀਟ ਜਰਨਲ’ ਵਿੱਚ ਮਜ਼ਦੂਰ ਜਮਾਤ ਤੇ ਕਿਰਤੀ ਲੋਕਾਂ ਅੰਦਰ ਵਧਦੇ ਰੋਹ ਨੂੰ ਲੈਕੇ ਕਈ ਤਰ੍ਹਾਂ ਦੇ ਲੇਖ ਪਿਛਲੇ ਕੁੱਝ ਮਹੀਨਿਆਂ ਤੋਂ ਛਪ ਰਹੇ ਹਨ ਤੇ ਇਹਨਾਂ ਲੇਖਾਂ ਵਿੱਚ ਸਰਮਾਏਦਾਰਾ ਵਿਚਾਰਕਾਂ ਦੀ ਜੋ ਸਾਂਝੀ ਦੁਖਦੀ ਰਗ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਹੁਣ ਲੋਕਾਈ ਦਾ ਰੋਹ ਸਿਰਫ ਸਮਾਜਿਕ ਧਨ ਤੋਂ ਆਪਣਾ ਬਣਦਾ ਹਿੱਸਾ ਲੈਣ ਤੱਕ ਹੀ ਸੀਮਤ ਨਹੀਂ ਰਹਿ ਰਿਹਾ ਸਗੋਂ ਸੰਘਰਸ਼ ਆਰਥਿਕ ਹੱਦਾਂ ਲੰਘਕੇ ਸਿਆਸੀ ਰੂਪ ਧਾਰ ਰਹੇ ਹਨ। ਅੱਗੋਂ ਇਹਨਾਂ ਸੰਘਰਸ਼ਾਂ ਦੇ ਸਿਆਸੀਕਰਨ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਇਹ ਸੰਘਰਸ਼ ਇੱਕ ਫੈਕਟਰੀ ਵਿਚਲੇ ਪ੍ਰਬੰਧ, ਇੱਕ ਮਾਲਕ ਜਾਂ ਇੱਕ ਸਰਕਾਰ ਖਿਲਾਫ ਲੜਨ ਦੇ ਨਾਲ਼-ਨਾਲ਼ ਪੂਰੇ ਸਰਮਾਏਦਾਰਾ ਸਮਾਜ ਉੱਤੇ ਹੀ ਸਵਾਲੀਆ ਨਿਸ਼ਾਨ ਲਾ ਰਹੇ ਹਨ ਤੇ ਇਸਦੀ ਵਾਜਬਤਾ ਨੂੰ ਮੂਲੋਂ ਹੀ ਰੱਦ ਕਰਨ ਤੱਕ ਜਾ ਰਹੇ ਹਨ। ਹੋਰ ਜਿਹੜੀ ਗੱਲ ਹਾਕਮ ਜਮਾਤ ਦੇ ਸ਼ੁਭਚਿੰਤਕਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਉਹ ਇਹ ਹੈ ਕਿ ਕਿਰਤੀ ਲੋਕਾਂ ਵਿਚਲਾ ਇਹ ਰੋਹ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਤਾਂ ਵਧ-ਫੁੱਲ ਰਿਹਾ ਹੀ ਹੈ ਸਗੋਂ ਇਸ ਤੋਂ ਵੀ ਅੱਗੇ ਸੰਸਾਰ ਪੱਧਰ ਉੱਤੇ ਇਸ ਵਧਦੇ ਰੋਹ ਨੇ ਸੰਸਾਰ ਸਾਮਰਾਜੀ ਪ੍ਰਬੰਧ ਦੇ ਕੇਂਦਰ, ਸੰਯੁਕਤ ਰਾਜ ਅਮਰੀਕਾ ਦੇ ਕਿਰਤੀਆਂ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਲਿਆ ਹੈ ਤੇ ਸੰਸਾਰ ਸਰਮਾਏਦਾਰੀ ਦੇ ਸੁਪਨਲੋਕ ਦੀ ਸਚਾਈ ਵੀ ਹੁਣ ਲੋਕਾਈ ਅੱਗੇ ਸਾਫ ਹੋਣ ਲੱਗ ਪਈ ਹੈ। ਲੋਕਾਈ ਵਿੱਚ ਇਹ ਧੁਖਦਾ ਰੋਹ ਕਦੇ ਵੀ ਵਧੇਰੇ ਵਿਸਫੋਟਕ ਰੂਪ ਲੈ ਸਕਦਾ ਹੈ ਤੇ ਇਹੀ ਸੰਭਾਵਨਾ ਨੇ ਹਾਕਮ ਜਮਾਤ ਦੀਆਂ ਨੀਂਦਾਂ ਹਰਾਮ ਕਰ ਰੱਖੀਆਂ ਹਨ।
ਨਿਚੋੜ
ਸੰਸਾਰ ਆਰਥਿਕ ਸੰਕਟ ਤੇ ਲੋਕਾਂ ਵਿਚਲੇ ਵਧਦੇ ਰੋਹ ਦਾ ਇੱਕ ਪ੍ਰਗਟਾਵਾ ਜਿੱਥੇ ਹਾਕਮ ਜਮਾਤ ਤੇ ਉਹਦੇ ਵਿਚਾਰਕਾਂ ਦੀਆਂ ਵਧਦੀਆਂ ਚਿੰਤਾਵਾਂ ਵਿੱਚ ਹੋ ਰਿਹਾ ਹੈ ਉੱਥੇ ਦੂਜੇ ਪਾਸੇ ਇਸ ਚਿੰਤਾ, ਸਮੱਸਿਆ ਦਾ ਹੱਲ ਕੱਢਣ ਲਈ ਹਾਕਮ ਜਮਾਤ ਵਧੇਰੇ ਤੋਂ ਵਧੇਰੇ ਬਰਬਰ ਰੂਪ ਅਖਤਿਆਰ ਕਰ ਰਹੀ ਹੈ। ਸੰਸਾਰ ਪੱਧਰ ਉੱਤੇ ਹੀ ਫਾਸੀਵਾਦੀ ਤੇ ਧੁਰ ਸੱਜੇਪੱਖੀ ਸਰਕਾਰਾਂ ਦਾ ਆਉਣਾ, ਲੋਕ ਦੋਖੀ ਆਰਥਿਕ ਨੀਤੀਆਂ ਨੂੰ ਵਧੇਰੇ ਤੇਜੀ ਨਾਲ਼ ਲਾਗੂ ਕਰਨਾ, ਲੋਕਾਂ ਦੇ ਜਮਹੂਰੀ ਹੱਕਾਂ ਉੱਤੇ ਡਾਕਾ, ਜਬਰ ਦੇ ਸੰਦਾਂ ਨੂੰ ਹੋਰ ਵਧੇਰੇ ਤਿੱਖਾ ਕਰਨਾ ਆਦਿ ਇਹ ਸਰਮਾਏਦਾਰਾਂ ਦੀ ਚਿੰਤਾ ਦਾ ਹੀ ਤਾਂ ਪ੍ਰਗਟਾਵਾ ਹੈ, ਆਪਣੇ ਆਰਥਿਕ ਤੇ ਸਿਆਸੀ ਦਾਬੇ ਨੂੰ ਜਾਰੀ ਰੱਖਣ ਦੀ ਚਿੰਤਾ, ਲੋਕਾਂ ਦੀ ਲੁੱਟ ਤੇ ਉਹਨਾਂ ’ਤੇ ਜਬਰ ਨੂੰ ਜਾਰੀ ਰੱਖ ਸਕਣ ਦੀ ਚਿੰਤਾ। ਇਤਿਹਾਸ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਸਰਮਾਏਦਾਰਾ ਜਮਾਤ ਦੇ ਇਸ ਵਿਉਂਤਬੰਦ ਹਮਲੇ ਨੂੰ ਲੋਕਾਂ ਦੀ ਜਥੇਬੰਦ ਤਾਕਤ ਹੀ ਟੱਕਰ ਦੇ ਸਕਦੀ ਹੈ ਤੇ ਹਰਾ ਸਕਦੀ ਹੈ। ਹਾਲੇ ਭਾਵੇਂ ਕਿਸੇ ਵੀ ਦੇਸ਼ ਵਿੱਚ ਲੋਕਾਂ ਦੀ ਅਜਿਹੀ ਤਾਕਤਵਰ ਲਹਿਰ ਨਹੀਂ ਹੈ ਜੋ ਪੂਰੇ ਸਰਮਾਏਦਾਰਾ ਢਾਂਚੇ ਨੂੰ ਮੂਲੋਂ ਤਬਦੀਲ ਕਰ ਸਕੇ ਪਰ ਅਜਿਹੀ ਤਾਕਤ ਵਿਕਸਿਤ ਹੋਣ ਦੀ ਸੰਭਾਵਨਾ ਹਰ ਰੋਜ਼ ਵਧਦੀ ਜਾ ਰਹੀ ਹੈ, ਇੱਕ ਅਜਿਹੀ ਤਾਕਤਵਰ ਲਹਿਰ ਜੋ ਇਸ ਜਾਬਰ ਢਾਂਚੇ ਦਾ ਭੋਗ ਪਾਉਣ ਦੇ ਕਾਬਲ ਹੋਵੇਗੀ।
(ਧੰਨਵਾਦ ਸਹਿਤ ਲਲਕਾਰ ਮੈਗਜ਼ੀਨ)