Archives December 2021

ਨਵਾਂ ਸਾਲ

ਨਵਾਂ ਸਾਲ ਇਹ ਆਇਆਂ ਯਾਰੋ,
ਬੰਦ ਕਿਤਾਬ ਲਿਆਇਆ ਯਾਰੋ।
ਕੀ ਕੁਝ ਇਸ ਨੇ ਪੜ੍ਹ ਸੁਣਾਉਣਾ,
ਕਿਸੇ ਨਾ ਯਾਦ ਕਰਾਇਆ ਯਾਰੋ।

ਪਤਾ ਲੱਗੂ ਜਦ ਕਿਤਾਬ ਇਹ ਖੋਲੂ,
ਇਸ ਵਿੱਚ ਕੀ ਲੁਕਾਇਆ ਯਾਰੋ।
ਸਾਰੇ ਮਨਾਉਂਦੇ ਖੁਸ਼ੀਆਂ ਲੋਕੀ,
ਕਿਸੇ ਨੇ ਪਾਠ ਧਰਾਇਆ ਯਾਰੋ।

ਕਈ ਚੱਲੇ ਤੀਰਥ ਨਹਾਵਣ,
ਕਿਸੇ ਨੇ ਭੰਗੜਾ ਪਾਇਆ ਯਾਰੋ।
ਖੱਟੀਆਂ ਮਿੱਠੀਆਂ ਯਾਦਾਂ ਦੇ ਕੇ,
ਪਿਛਲਾ ਸਾਲ ਸਿਧਾਇਆ ਯਾਰੋ।

ਆਪਣਾ ਭਾਈ ਹੁਣ ਨਵਾਂ ਭੇਜਤਾ,
ਅੱਖਰ ਇੱਕ ਵਟਾਇਆ ਯਾਰੋ।
ਪਹਿਲਾਂ ਸੀ ਦੋ ਹਜ਼ਾਰ ਇੱਕੀ,
ਹੁਣ ਵੀਹ ਸੌ ਬਾਈ ਕਹਾਇਆ ਯਾਰੋ।

ਸੌ ਸਾਲ ਬਾਅਦ ਚੱਕਰ ਲਾਉਂਦੇ,
ਵਿੱਚ ਚੱਕਰਾਂ ਜੱਗ ਘੁਮਾਇਆ ਯਾਰੋ।
ਕਈ ਨਵੇਂ ਕਈ ਹੋਣ ਪੁਰਾਣੇ,
ਸਭ ਬੁੱਕਲ ਵਿੱਚ ਸਮਾਇਆ ਯਾਰੋ।

ਰੱਬਾ ਮੇਹਰ ਕਰੀ ਸਭ ਉਪਰ,
ਜੋ ਬਣਿਆ ਨਾ ਜਾਵੇ ਢਾਹਿਆ ਯਾਰੋ।
ਹਰਪ੍ਰੀਤ ਪੱਤੋ ਅਰਦਾਸ ਆਪਾਂ ਕਰੀਏ,
ਸਾਲ ਵਧੀਆ ਜਾਵੇ ਲੰਘਾਇਆ ਯਾਰੋ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ

Exit mobile version