Archives December 2019

ਇੰਸ਼ੋਰੈਂਸ ਦੀ ਰਕਮ ਲੈਣ ਲਈ ਅੰਮ੍ਰਿਤਸਰ ਦੇ ਕਾਰੋਬਾਰੀ ਨੇ ਮਜਦੂਰ ਨੂੰ ਮਾਰ ਕੇ ਸਾੜਿਆ

ਤਰਨ ਤਾਰਨ, ਬੀਤੇ ਦਿਨ ਅੰਮ੍ਰਿਤਸਰ ਦੇ ਕਾਰੋਬਾਰੀ ਅਨੂਪ ਸਿੰਘ (27) ਦੀ ਕਥਿਤ ਅੱਧਸੜੀ ਲਾਸ਼ ਹਰੀਕੇ ਨੇੜਲੇ ਪਿੰਡ ਬੂਹਵੰਝਾਂ ਤੋਂ ਮਿਲੀ ਸੀ , ਸ਼ੱਕ ਹੋਣ ਤੇ ਜਦੋਂ ਪੁਲਿਸ ਨੇ ਇਸ ਦੀ ਘੋਗ ਕੀਤੀ ਤਾਂ ਇਹ ਝੂਠੀ ਕਹਾਣੀ ਘੜਨ ਦਾ ਮਾਮਲਾ ਸਾਹਮਣੇ ਆਇਆ ਹੈ। ਅਸਲ ਵਿਚ ਪਰਿਵਾਰ ਨੇ ਕਾਰੋਬਾਰ ਵਿਚ ਪਏ ਘਾਟੇ ਕਾਰਨ ਬੀਮਾ ਰਾਸ਼ੀ ਲੈਣ ਲਈ ਇਕ ਪਰਵਾਸੀ ਮਜ਼ਦੂਰ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਅਨੂਪ ਸਿੰਘ ਦੀ ਦੱਸਿਆ ਸੀ। ਇਸ ਸਬੰਧੀ ਪੁਲੀਸ ਨੇ ਦਫ਼ਾ 302 (ਕਤਲ ਕਰਨਾ), 201 (ਸਬੂਤ ਖ਼ਤਮ ਕਰਨ ਦੀ ਚਾਲ) ਅਧੀਨ ਪਹਿਲਾਂ ਹੀ ਕੇਸ ਦਰਜ ਕੀਤਾ ਹੋਇਆ ਹੈ।
ਹਰੀਕੇ ਥਾਣਾ ਦੇ ਮੁਖੀ ਇੰਸਪੈਕਟਰ ਜਰਨੈਲ ਸਿੰਘ ਸਰਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਝਬਾਲ ਸੜਕ ਦੀ ਵਾਹਿਗੁਰੂ ਸਿਟੀ ਅਬਾਦੀ ਦੇ ਵਸਨੀਕ ਅਨੂਪ ਸਿੰਘ (27) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਮਗਰੋਂ ਲਾਸ਼ ਸਾੜਨ ਦੀ ਕਹਾਣੀ ਉਸ ਦੇ ਪਰਿਵਾਰ ਨੇ ਹੀ ਘੜੀ ਸੀ। ਇਸ ਕਾਰੋਬਾਰੀ ਪਰਿਵਾਰ ਨੂੰ ਕੰਮ ਕਾਜ ਵਿਚ ਪਏ ਘਾਟੇ ਕਰਕੇ ਆਰਥਿਕ ਤੰਗੀ ਦਾ ਸ਼ਿਕਾਰ ਹੋਣ ਪੈ ਰਿਹਾ ਸੀ, ਜਿਸ ਕਾਰਨ ਕਾਰੋਬਾਰੀ ਅਨੂਪ ਸਿੰਘ ਅਤੇ ਉਸ ਦੇ ਛੋਟੇ ਭਰਾ ਕਰਨਦੀਪ ਸਿੰਘ ਨੇ ਪਰਵਾਸੀ ਮਜ਼ਦੂਰ ਦਾ ਕਤਲ ਕਰ ਕੇ ਉਸ ਦੀ ਪਛਾਣ ਅਨੂਪ ਸਿੰਘ ਵਜੋਂ ਕਰਾਉਣ ਦੀ ਯੋਜਨਾ ਤਿਆਰ ਕੀਤੀ ਸੀ। ਅਧਿਕਾਰੀ ਨੇ ਦੱਸਿਆ ਕਿ ਅਸਲ ਵਿਚ ਇਸ ਵਾਰਦਾਤ ਵਿਚ ਪਰਵਾਸੀ ਮਜ਼ਦੂਰ ਬੱਬਾ (27) ਨੂੰ ਹਜ਼ਾਮਤ ਕਰਨ ਵਾਲੇ ਉਸਤਰੇ ਅਤੇ ਗੰਡਾਸੀ ਨਾਲ ਮਾਰ ਕੇ ਉਸ ਦੀ ਲਾਸ਼ ਹਰੀਕੇ-ਪੱਟੀ ਸੜਕ ’ਤੇ ਬੂਹਵੰਝਾਂ ਨੇੜੇ ਲਿਆ ਕੇ ਸਾੜ ਦਿੱਤੀ ਗਈ ਸੀ। ਬੱਬਾ ਕਿਸੇ ਵੇਲੇ ਇਸ ਪਰਿਵਾਰ ਦੀ ਫੈਕਟਰੀ ਵਿਚ ਕੰਮ ਕਰਦਾ ਸੀ ਅਤੇ ਦਸ ਸਾਲਾ ਪਹਿਲਾਂ ਕਿਸੇ ਹੋਰ ਥਾਂ ਚਲਾ ਗਿਆ ਸੀ। ਉਹ ਕਦੇ ਕਦਾਈਂ ਉਨ੍ਹਾਂ ਨੂੰ ਮਿਲਣ ਆ ਜਾਂਦਾ ਸੀ। ਉਸ ਦੇ ਮਾਪਿਆਂ ਬਾਰੇ ਕੁਝ ਪਤਾ ਨਾ ਹੋਣ ਕਰਕੇ ਕਾਰੋਬਾਰੀ ਪਰਿਵਾਰ ਸਮਝਦਾ ਸੀ ਕਿ ਘਟਨਾ ਪਿੱਛੋਂ ਇਸ ਮਾਮਲੇ ਦੀ ਪੈਰਵੀ ਕਰਨ ਵਾਲਾ ਕੋਈ ਨਹੀਂ ਹੋਵੇਗਾ। ਦੋਵਾਂ ਭਰਾਵਾਂ ਨੇ ਬੱਬਾ ਨੂੰ ਆਪਣੇ ਕੋਲ ਬੁਲਾਇਆ ਅਤੇ ਘਟਨਾ ਨੂੰ ਅੰਜਾਮ ਦਿੱਤਾ। ਅਨੂਪ ਸਿੰਘ ਤੇ ਉਸ ਦੇ ਭਰਾ ਨੇ ਘਟਨਾ ਸਥਾਨ ’ਤੇ ਪਰਿਵਾਰ ਦੀ ਕਾਰ ਵੀ ਛੱਡ ਦਿੱਤੀ ਤੇ ਅਨੂਪ ਸਿੰਘ ਦੀ ਫੋਟੋ ਅਤੇ ਪੈਨ ਕਾਰਡ ਵੀ ਸੁੱਟ ਦਿੱਤਾ ਤਾਂ ਕਿ ਲਾਸ਼ ਅਨੂਪ ਸਿੰਘ ਦੀ ਹੀ ਲੱਗੇ। ਥਾਣਾ ਮੁਖੀ ਨੇ ਦੱਸਿਆ ਕਿ ਅਨੂਪ ਸਿੰਘ ਦੇ ਪਿਤਾ ਤਰਲੋਕ ਸਿੰਘ ਨੇ ਵੀ ਯੋਜਨਾ ਅਨੁਸਾਰ ਲਾਸ਼ ਦੀ ਸ਼ਨਾਖ਼ਤ ਕੀਤੀ ਸੀ ਤੇ ਕਿਹਾ ਸੀ ਕਿ ਅਨੂਪ ਸਿੰਘ ਕਾਰੋਬਾਰ ਦੇ ਸਬੰਧ ਵਿਚ ਘਰੋਂ ਦਿੱਲੀ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਅਗਲੀ ਤਫ਼ਤੀਸ਼ ਜਾਰੀ ਹੈ। ਇਹ ਪਰਿਵਾਰ ਕੋਲਡ ਡਰਿੰਕਸ ਦਾ ਧੰਦਾ ਕਰਦਾ ਹੈ। ਪਰਿਵਾਰ ਨੇ ਅਨੂਪ ਸਿੰਘ ਦੀ ਮੰਗਣੀ ਕੀਤੀ ਹੋਈ ਸੀ ਅਤੇ ਅਗਲੇ ਸਾਲ ਫ਼ਰਵਰੀ ਮਹੀਨੇ ਉਸ ਦਾ ਵਿਆਹ ਤੈਅ ਕੀਤਾ ਹੋਇਆ ਸੀ।