ਫ਼ਤਹਿਗੜ੍ਹ ਸਾਹਿਬ, 1 ਦਸੰਬਰ (ਬੁਲੰਦ ਆਵਾਜ ਬਿਊਰੋ) – ਗੋਤਾਖੋਰਾਂ ਵੱਲੋਂ ਸਰਹਿੰਦ ਨੇੜਲੇ ਪਿੰਡ ਸੌਂਢਾ ਕੋਲੋਂ ਗੁਜ਼ਰਦੀ ਭਾਖੜਾ ਨਹਿਰ ’ਚੋਂ ਇੱਕ ਸਵਿਫਟ ਡਿਜ਼ਾਇਰ ਕਾਰ ਕੱਢ ਕੇ ਪੁਲੀਸ ਹਵਾਲੇ ਕੀਤੀ ਗਈ ਹੈ। ਇਸ ਸਬੰਧੀ ਭੋਲੇ ਸ਼ੰਕਰ ਡਾਈਵਰਜ਼ ਕਲੱਬ ਪਟਿਆਲਾ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੀਆਈਏ ਸਟਾਫ ਸਰਹਿੰਦ ਦੇ ਇੰਚਾਰਜ ਨੂੰ ਇਸ ਕਾਰ ਦੇ ਸਬੰਧ ਵਿਚ ਦੱਸਿਆ ਗਿਆ ਸੀ ਕਿ ਉਨ੍ਹਾਂ ਦੇ ਗੋਤਾਖੋਰਾਂ ਨੂੰ ਪਿੰਡ ਸੌਂਢਾ ਨੇੜੇ ਨਹਿਰ ’ਚ ਕਾਰ ਵਰਗੀ ਕੋਈ ਚੀਜ਼ ਦਿਖਾਈ ਦੇ ਰਹੀ ਹੈ। ਉਪਰੰਤ ਪੁਲੀਸ ਵੱਲੋਂ ਇਹ ਕਾਰ ਨਹਿਰ ’ਚੋਂ ਕਢਵਾਈ ਗਈ। ਸੂਤਰਾਂ ਮੁਤਾਬਕ ਉਕਤ ਕਾਰ ਸਾਲ 2018 ’ਚ ਕਤਲ ਕਰ ਕੇ ਕਾਰ ਸਮੇਤ ਭਾਖੜਾ ਨਹਿਰ ’ਚ ਸੁੱਟੇ ਗਏ ਵਿਅਕਤੀ ਨਰਿੰਦਰ ਸਿੰਘ ਵਾਸੀ ਪਿੰਡ ਬਹਿਬਲਪੁਰ ਦੀ ਹੈ ਜਿਸ ਦੇ ਕਤਲ ਦੇ ਮਾਮਲੇ ’ਚ ਮੰਡੀ ਗੋਬਿੰਦਗੜ੍ਹ ਥਾਣੇ ਦੀ ਪੁਲੀਸ ਵੱਲੋਂ ਮ੍ਰਿਤਕ ਦੀ ਪਤਨੀ ਜਸਵੀਰ ਕੌਰ ਅਤੇ ਉਸ ਦੇ ਕਥਿਤ ਸਾਥੀਆਂ ਹਰਪ੍ਰੀਤ ਸਿੰਘ ਪ੍ਰੀਤ, ਗੁਰਵਿੰਦਰ ਸਿੰਘ ਉਰਫ ਗਿੰਦਾ, ਸੁਖਵਿੰਦਰ ਸਿੰਘ ਗੱਗੀ ਅਤੇ ਰਵੀ ਸਿੰਘ ਨੂੰ ਇਸ ਸਬੰਧੀ ਦਰਜ ਕੀਤੇ ਗਏ ਕੇਸ ’ਚ ਨਾਮਜ਼ਦ ਕੀਤਾ ਗਿਆ ਸੀ।
2 ਸਾਲ ਬਾਅਦ ਭਾਖੜਾ ਨਹਿਰ ’ਚੋਂ ਗੋਤਾਖੋਰਾਂ ਦੇ ਹੱਥ ਲੱਗੀ ਕਤਲ ਮਾਮਲੇ ‘ਚ ਲੋੜੀਂਦੀ ਕਾਰ
