ਸਿੱਖਿਆ ਅਧਿਕਾਰੀਆਂ ਵਲੋਂ ਪ੍ਰੀਖਿਆ ਕੇਂਦਰਾਂ ਦਾ ਦੌਰਾ
ਅੰਮ੍ਰਿਤਸਰ, 21 ਜੂਨ (ਗਗਨ ਅਜੀਤ ਸਿੰਘ) – ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਅਤੇ ਸਕੱੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ ਹੇਠ ਭਰਤੀ ਡਾਇਰੈਕਟੋਰੇਟ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਹੱਦੀ ਖੇਤਰ ਵਿੱਚ ਮਾਸਟਰ ਕਾਡਰ ਦੇ ਵੱਖ ਵੱਖ ਵਿਸ਼ਾ ਅਧਿਆਪਕਾਂ ਦੀਆਂ ਅਸਾਮੀਆਂ ਦਾ ਬੈਕਲਾਗ ਪੂਰਾ ਕਰਨ ਲਈ ਅੱਜ ਗਣਿਤ ਵਿਸ਼ੇ ਦਾ ਲਿਖਤੀ ਟੈਸਟ ਕਰਵਾ ਕੇ ਭਰਤੀ ਪ੍ਰਕਿਰਿਆ ਦਾ ਇਕ ਹੋਰ ਪੜਾਅ ਪੂਰਾ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਤਿੰਦਰਬੀਰ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਅਤੇ ਸੰਜੀਵ ਭੂਸ਼ਣ ਜ਼ਿਲ੍ਹਾ ਨੋਡਲ ਅਫਸਰ ਅੰਮ੍ਰਿਤਸਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਗਣਿਤ ਵਿਸ਼ੇ ਦੇ ਲਿਖਤੀ ਟੈਸਟ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਤੇ ਆਧਾਰਿਤ 2 ਪ੍ਰੀਖਿਆ ਕੇਂਦਰ ਬਣਾਏ ਗਏ ਸੀ ਜਿੰਨਾਂ ਵਿੱਚ ਕੁੱਲ 352 ਵਿਚੋਂ 315 ਉਮੀਦਵਾਰਾਂ ਵਲੋਂ ਲਿਖਤੀ ਟੈਸਟ ਦਿਤਾ ਗਿਆ ਜਦਕਿ 37 ਉਮੀਦਵਾਰ ਗੈਰ ਹਾਜਰ ਰਹੇ। ਉਨ੍ਹਾਂ ਦੱਸਿਆ ਕਿ ਬੀਤੇ ਕੱਲ ਹੋਈ ਅੰਗਰੇਜੀ ਵਿਸ਼ੇ ਦੀ ਲਿਖਤੀ ਪ੍ਰੀਖਿਆ ਵਿੱਚ 828 ਉਮੀਦਵਾਰਾਂ ਵਿਚੋਂ 744 ਉਮੀਦਵਾਰਾਂ ਨੇ ਟੈਸਟ ਦਿਤਾ ਜਦਕਿ ਸਾਇੰਸ ਵਿਸ਼ੇ ਦੀ ਲਿਖਤੀ ਪ੍ਰੀਖਿਆ ਵਿੱਚ ਕੁੱਲ 238 ਉਮੀਦਵਾਰਾਂ ਵਿਚੋਂ 214 ਨੇ ਪ੍ਰੀਖਿਆ ਕੇਂਦਰਾਂ ਵਿੱਚ ਹਾਜਰੀ ਭਰੀ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਲਈ ਕੋਵਿਡ-19 ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੁਖਤਾ ਪ੍ਰਬੰਧ ਕੀਤੇ ਗਏ ਸਨ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦੀ ਖੇਤਰ ਵਿੱਚ ਬੈਕਲਾਗ ਦੀਆਂ ਅੰਗਰੇਜੀ ਵਿਸ਼ੇ ਦੀਆਂ 380, ਗਣਿਤ ਦੀਆਂ 595, ਸਾਇੰਸ ਦੀਆਂ 518 ਤੋਂ ਇਲਾਵਾ ਵੱਖ ਵੱਖ ਵਿਸ਼ਿਆਂ ਦੀਆਂ ਵਿਕਲਾਂਗ ਸ਼੍ਰੇਣੀ ਦੀਆਂ 136 ਬੈਕਮਾਗ ਅਸਾਮੀਆਂ ਭਰੀਆਂ ਜਾਣ ਦੇ ਨਾਲ ਨਾਲ ਸਰਹੱਦੀ ਖੇਤਰ ਲਈ ਅੰਗਰੇਜੀ ਵਿਸ਼ੇ ਲਈ ਨਵੀਂ ਭਰਤੀ ਤਹਿਤ 899 ਅਸਾਮੀਆਂ ਵੀ ਭਰੀਆਂ ਜਾਣੀਆਂ ਹਨ। ਇੰਨ੍ਹਾਂ ਪ੍ਰੀਖਿਆਵਾਂ ਲਈ ਸਤਿੰਦਰਬੀਰ ਸਿੰਘ, ਸੁਸ਼ੀਲ ਕੁਮਾਰ ਤੁੱਲੀ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਅਤੇ ਐ.ਸਿੱ) ਅੰਮ੍ਰਿਤਸਰ, ਸੰਜੀਵ ਭੂਸ਼ਣ ਜ਼ਿਲ੍ਹਾ ਨੋਡਲ ਅਫਸਰ, ਹਰਭਗਵੰਤ ਸਿੰਘ, ਸ਼੍ਰੀਮਤੀ ਰੇਖਾ ਮਹਾਜਨ (ਦੋਵੇਂ ਉੱਪ ਜ਼ਿਲ਼੍ਹਾ ਸਿੱਖਿਆ ਅਫਸਰ), ਪ੍ਰਿੰਸੀਪਲ ਬਲਰਾਜ ਸਿੰਘ ਢਿਲੋਂ ਡੀ.ਐਸ.ਐਮ., ਪਰਮਿੰਦਰ ਸਿੰਘ ਸਰਪੰਚ ਡੀ.ਐਮ.ਸੀ., ਦਵਿੰਦਰ ਕੁਮਾਰ ਮੰਗੋਤਰਾ ਡੀ.ਐਮ.ਸੀ. (ਸੋਸ਼ਲ ਮੀਡੀਆ), ਰਾਜਦੀਪ ਸਿੰਘ ਸਟੈਨੋ ਵਲੋਂ ਪ੍ਰੀਖਿਆ ਕੇਂਦਰਾਂ ਦਾ ਮੁਆਇਨਾ ਕੀਤਾ ਗਿਆ।