ਭਾਰਤ, 12 ਦਸੰਬਰ (ਬੁਲੰਦ ਆਵਾਜ ਬਿਊਰੋ) – ਭਾਰਤੀ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਅਗਲੇ 4-5 ਦਿਨ ‘ਚ ਮੀਂਹ ਪਵੇਗਾ। ਇਸ ਤੋਂ ਇਲਾਵਾ ਕੁੱਝ ਇਲਾਕਿਆਂ ਵਿਚ ਧੁੰਦ ਵੀ ਛਾਈ ਰਹੇਗੀ। ਪਹਾੜੀ ਇਲਾਕਿਆਂ ਵਿਚ ਵੀ ਬਰਫਬਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਦੇ ਅਨੁਸਾਰ ਵੈਸਟਰਨ ਡਿਸਟਰਬੈਂਸ ਦੇ ਕਾਰਨ ਮੀਂਹ ਹੋਵੇਗਾ।ਪੱਛਮੀ ਡਿਸਟਰਬੈਂਸ ਦਾ ਅਸਰ 13 ਦਸੰਬਰ ਨੂੰ ਪੱਛਮੀ ਹਿਮਾਲਿਆ ਦੇ ਖੇਤਰ ‘ਚ ਦਿਖੇਗਾ। ਇਸ ਦੇ ਕਾਰਨ ਮੀਂਹ ਤੇ ਬਰਫਬਾਰੀ ਹੋ ਸਕਦੀ ਹੈ। ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਤਿਸਤਾਨ, ਮੁਜ਼ੱਫਰਾਬਾਦ ਤੇ ਹਿਮਾਚਲ ਪ੍ਰਦੇਸ਼ ਵਿਚ ਵੈਸਟਰਨ ਡਿਸਟਰਬੈਂਸ ਦਾ ਅਸਰ 13 ਤੋਂ 15 ਦਸੰਬਰ ਦੇ ਵਿਚਾਲੇ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਦੱਖਣੀ ਭਾਰਤ ਵਿਚ ਵੀ ਮੀਂਹ ਦਾ ਕਹਿਰ ਦਿਖ ਸਕਦਾ ਹੈ।
ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਆਂਧਰਾ ਪ੍ਰਦੇਸ਼, ਰਾਇਲਸੀਮਾ, ਸਾਊਥ ਕਰਨਾਟਕ, ਤਮਿਲਨਾਡੂ ਤੇ ਕੇਰਲ ਵਿਚ ਅਗਲੇ 4-5 ਦਿਨ ਵਿਚ ਮੀਂਹ ਪਵੇਗਾ। ਮੌਸਮ ਵਿਭਾਗ ਨੇ ਇਸ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਧੁੰਦ ਦਾ ਅਸਰ ਵੀ ਭਾਰਤ ਦੇ ਕੁੱਝ ਇਲਾਕਿਆਂ ਵਿਚ ਦਿਖੇਗਾ। ਭਾਰਤ ਦੇ ਉੱਤਰ-ਪੱਛਮੀ ਹਿੱਸੇ ਤੇ ਓਡਿਸ਼ਾ ਵਿਚ ਸਵੇਰ ਦੇ ਸਮੇਂ 2-3 ਘੰਟਿਆਂ ਤੱਕ ਲੋਕਾਂ ਨੂੰ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਬਰਫਬਾਰੀ ਦੇ ਕਾਰਨ ਕਸ਼ਮੀਰ ਵਿਚ ਹੌਲੀ-ਹੌਲੀ ਸ਼ੀਤਲਹਿਰ ਦਾ ਅਸਰ ਦਿਖਣ ਲੱਗਿਆ ਹੈ। ਕਈ ਇਲਾਕਿਆਂ ਵਿਚ ਪਾਰਾ ਸਿਫਰ ਤੋਂ ਹੇਠਾਂ ਚਲਿਆ ਗਿਆ ਹੈ। ਸ਼੍ਰੀਨਗਰ ਸਣੇ ਘਾਟੀ ਵਿਚ ਤਕਰੀਬਨ ਸਾਰੇ ਜ਼ਿਲ੍ਹਿਆਂ ਵਿਚ ਕੜਾਕੇ ਦੀ ਠੰਡ ਹੋ ਰਹੀ ਹੈ।