ਤਜਿੰਦਰਪਾਲ ਤੂਰ ਦੀ ਟੋਕੀਓ ਓਲੰਪਿਕ ਲਈ ਹੋਈ ਚੋਣ

ਤਜਿੰਦਰਪਾਲ ਤੂਰ ਦੀ ਟੋਕੀਓ ਓਲੰਪਿਕ ਲਈ ਹੋਈ ਚੋਣ

ਚੰਡੀਗੜ੍ਹ, 23 ਜੂਨ (ਬੁਲੰਦ ਆਵਾਜ ਬਿਊਰੋ) – ਪੰਜਾਬ ਦੇ ਜਾਏ ਤਜਿੰਦਰਪਾਲ ਤੂਰ ਨੇ ਅੱਜ 21.49 ਮੀਟਰ ਦੇ ਸ਼ਾਟ ਪੁਟ ਥ੍ਰੋ ਨਾਲ, ਐਨ.ਆਈ.ਐਸ. ਪਟਿਆਲਾ ਵਿਖੇ ਇੰਡੀਅਨ ਗ੍ਰਾਂ ਪ੍ਰੀ ਵਿਚ ਆਪਣਾ ਹੀ ਕੌਮੀ ਰਿਕਾਰਡ ਤੋੜਦਿਆਂ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਲਿਆ।ਤੂਰ ਦੀ ਇਸ ਬੇਮਿਸਾਲ ਪ੍ਰਾਪਤੀ ‘ਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਹੋਰਨਾਂ ਅਥਲੀਟਾਂ ਵਿਚ ਵਿਸ਼ਵਾਸ ਭਰਦਿਆਂ ਵਿਸ਼ਵ ਦੇ ਨਾਮੀ ਮੁਕਾਬਲੇਬਾਜ਼ਾਂ ‘ਤੇ ਜਿੱਤ ਦਿਵਾਉਣ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਤੂਰ ਨੇ ਇਸ ਪ੍ਰਾਪਤੀ ਨਾਲ ਸੁਲਤਾਨ ਅਬਦੁੱਲਮਜੀਦ ਅਲ-ਹੇਬਸ਼ੀ ਦੇ 21.13 ਮੀਟਰ ਦੇ ਏਸ਼ੀਅਨ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ।ਦੱਸ ਦੇਈਏ ਕਿ ਤਜਿੰਦਰਪਾਲ ਸਿੰਘ ਤੂਰ ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਪਾਂਡੋ ਦਾ ਰਹਿਣ ਵਾਲਾ ਹੈ। ਉਸ ਨੇ ਆਪਣੇ ਪਿਤਾ ਦੇ ਕਹਿਣ ‘ਤੇ ਸ਼ਾਟ ਪੁੱਟ ਨੂੰ ਅਪਣਾਇਆ। ਇਸ ਤੋਂ ਪਹਿਲਾਂ ਉਹ ਕ੍ਰਿਕਟ ਨੂੰ ਸਮਰਪਿਤ ਸੀ। ਉਸ ਦਾ ਪਹਿਲਾ ਕੌਮਾਂਤਰੀ ਤਮਗ਼ਾ 2017 ਵਿੱਚ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਆਇਆ, ਜਿਥੇ ਉਸ ਨੇ 19.77 ਦੇ ਥ੍ਰੋਅ ਨਾਲ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ। ਤੂਰ ਨੇ 2018 ਏਸ਼ੀਅਨ ਖੇਡਾਂ ਵਿੱਚ 20.75 ਮੀਟਰ ਦੇ ਰਿਕਾਰਡ ਥਰੋਅ ਨਾਲ ਸੋਨ ਤਮਗ਼ਾ ਜਿੱਤਦਿਆਂ ਕੌਮੀ ਰਿਕਾਰਡ ਵੀ ਤੋੜ ਦਿੱਤਾ ਸੀ।

Bulandh-Awaaz

Website:

Exit mobile version