ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਈਚਾਰੇ ਲਈ ਆਨਲਾਈਨ ਕੋਰਸਾਂ ਦੀ ਸ਼ੁਰੂਆਤ, ਦਾਖਲੇ ਸ਼ੁਰੂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਈਚਾਰੇ ਲਈ ਆਨਲਾਈਨ ਕੋਰਸਾਂ ਦੀ ਸ਼ੁਰੂਆਤ, ਦਾਖਲੇ ਸ਼ੁਰੂ

ਅੰਮ੍ਰਿਤਸਰ, 16 ਜੂਨ (ਗਗਨ ਅਜੀਤ ਸਿੰਘ) – ਦੇਸਾਂ-ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀ ਪ੍ਰਮੁੱਖ ਮੰਗ ਨੂੰ ਅਮਲੀ ਰੂਪ ਦਿੰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਨਲਾਈਨ ਸ਼ੁਰੂ ਕੀਤੇ ਕੋਰਸਾਂ ਵਿਚ ਦਾਖਲੇ ਲੈਣ ਦੀ ਪੰਜਾਬੀ ਵਿਚ ਪੜ੍ਹਾਈ ਕਰਨ ਵਾਲਿਆਂ ਵੱਲੋਂ ਸ਼ੁਰੂਆਤ ਕਰ ਦਿੱਤੀ ਗਈ ਹੈ। ਅੱਜ ਜਿਨ੍ਹਾਂ ਪਲੇਠੇ ਵਿਦਿਆਰਥੀਆਂ ਨੇ ਆਨਲਾਈਨ ਕੋਰਸਾਂ ਵਿਚ ਅਪਲਾਈ ਕੀਤਾ ਹੈ, ਦੇ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਹੁਣ ਪੰਜਾਬੀ ਦੇ ਵਿਚ ਸਿਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਰਸਤੇ ਵਿਚ ਕੋਈ ਵੀ ਰੁਕਾਵਟ ਨਹੀਂ ਰਹੀ ਅਤੇ ਉਨ੍ਹਾਂ ਮਾਪਿਆਂ ਦੀ ਵੀ ਚਿੰਤਾ ਦੂਰ ਹੋ ਗਈ ਹੈ ਜਿਨ੍ਹਾਂ ਨੂੰ ਲਗ ਰਿਹਾ ਸੀ ਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਪੰਜਾਬੀ ਭਾਸ਼ਾ ਤੋਂ ਦੂਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਨਲਾਈਨ ਸ਼ੁਰੂ ਕੀਤੇ ਗਏ ਪੰਜਾਬੀ ਦੇ ਕੋਰਸ ਸਿਰਫ ਕੋਰਸ ਨਹੀਂ ਸਗੋਂ ਪੰਜਾਬ ਦੇ ਸਮੁੱਚੇ ਵਿਰਸੇ ਨਾਲ ਜੁੜਨ ਦਾ ਇਕ ਉਪਰਾਲਾ ਵੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਵਿਸ਼ਵ ਦੀਆਂ ਭਾਸ਼ਾਵਾਂ ਵਿਚੋਂ ਇਕ ਅਮੀਰ ਭਾਸ਼ਾ ਹੈ ਜਿਸ ਦੇ ਨਾਲ ਜੁੜਨ ਦੀ ਵਿਦੇਸ਼ਾਂ ਵਿਚ ਬੈਠੇ ਪਰਵਾਸੀਆਂ ਦੀ ਖਾਸ ਇਛਾ ਸੀ। ਗੁਰੁ ਨਾਨਕ ਦੇਵ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਉਨ੍ਹਾਂ 981 ਯੂਨੀਵਰਸਿਟੀਆਂ ਵਿਚੋਂ ਚੁਣਿਆ ਹੈ ਜੋ ਉਚੇਰੀ ਸਿਖਿਆ ਦੇ ਖੇਤਰ ਅਤੇ ਆਨਲਾਈਨ ਸਿਖਿਆ ਮਹਈਆ ਕਰਵਾਉਣ ਵਾਲੇ ਮਾਪਦੰਡਾਂ ਉਪਰ ਖਰੀ ਉਤਰੀ ਹੈ। ਯੂ.ਜੀ.ਸੀ. ਵੱਲੋਂ ਪ੍ਰਵਾਨਿਤ ਪੰਜਾਬੀ ਭਾਸ਼ਾ ਦੇ ਵੱਖ ਵੱਖ ਆਨਲਾਈਨ ਕੋਰਸ ਪੰਜਾਬ ਇਕੋ ਇਕ ਸਟੇਟ ਯੂਨੀਵਰਸਿਟੀ ਹੈ ਜਿਸ ਵਿਚ ਦਾਖਲਾ ਸ਼ੁਰੂ ਹੋ ਚੁੱਕਾ ਹੈ ਜੋ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਇਤਿਹਾਸ ਵਿਚ ਇਕ ਮੀਲ ਪੱਥਾਰ ਸਾਬਤ ਹੋਵੇਗਾ। ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਦੀ ਵਚਨਬੱਧਤਾ ਦਾ ਹੀ ਇਸ ਪ੍ਰਾਪਤੀ ਹਿੱਸਾ ਦਸਦਿਆਂ ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਵੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੰਮ ਜਾਰੀ ਰੱਖੇ ਜਾਣਗੇ। ਇਹ ਕੋਰਸ ਵਿਸ਼ੇਸ਼ ਪੰਜਾਬੀ ਭਾਸ਼ਾ ਸਿੱਖਣ ਵਾਲਿਆਂ ਲਈ ਲਾਹੇਵੰਦ ਸਾਬਤ ਹੋਣਗੇ ਵਿਸ਼ੇਸ਼ ਕਰਕੇ ਉਨ੍ਹਾਂ ਪੰਜਾਬੀਆਂ ਲਈ ਜੋ ਕਿ ਆਪਣੇ ਮੁਲਕ ਅਤੇ ਆਪਣੀ ਭਾਸ਼ਾ ਤੋ ਦੂਰ ਹੋ ਰਹੇ ਹਨ।

ਪ੍ਰੋ. ਸੰਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਵਿਸ਼ੇਸ਼ ਯਤਨਾਂ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਵਿਖਾਈਆਂ ਗਈਆਂ ਨਿੱਜੀ ਦਿਲਚਸਪੀਆਂ ਅਤੇ ਮਿਹਨਤ ਦਾ ਨਤੀਜਾ ਹੈ ਕਿ ਅੱਜ ਵਿਸ਼ਵ ਭਰ ਦੇ ਪੰਜਾਬੀ ਦੇ ਪੰਜਾਬੀਆਂ ਲਈ ਆਨਲਾਈਨ ਵੱਖ ਵੱਖ ਕੋਰਸਾਂ ਦੀ ਸ਼ੁਰੂਆਤ ਸੰਭਵ ਹੋ ਸਕੀ ਹੈ।ਇਨ੍ਹਾਂ ਕੋਰਸਾਂ ਦਾ ਉਦਘਾਟਨ 3 ਮਈ 2021 ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਡਿਜ਼ੀਟਲੀ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਜਿਸ ਦਾ ਉਦੇਸ਼ ਵਿਦੇਸ਼ਾਂ ਵਿਚ ਵਸਦੇ ਭਾਈਚਾਰੇ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨਾ ਹੈ। ਆਨਲਾਈਨ ਕੋਰਸਾਂ ਦੇ ਦਾਖਲਿਆਂ ਦੀ ਸ਼ੁਰੂਆਤ ਮੌਕੇ ਡੀਨ, ਵਿਦਿਅਕ ਮਾਮਲੇ, ਡਾ. ਹਰਦੀਪ ਸਿੰਘ, ਓ.ਐਸ.ਡੀ. ਪ੍ਰੋ. ਐਸ.ਐਸ. ਬਹਿਲ, ਰਜਿਸਟਰਾਰ, ਪ੍ਰੋ. ਕਰਨਜੀਤ ਸਿੰਘ ਕਾਹਲੋਂ ਅਤੇ ਡਾਇਰੈਕਟਰ ਆਨਲਾਈਨ ਸਟੱਡੀਜ਼ ਡਾ. ਸੁਬੀਤ ਕੁਮਾਰ ਜੈਨ ਹਾਜ਼ਰ ਸਨ। ਪ੍ਰੋ. ਸੰਧੂ ਨੇ ਦੱਸਿਆ ਕਿ ਇਹ ਕੋਰਸ ਸ਼ੁਰੂ ਹੋਣ ਨਾਲ ਪੰਜਾਬੀ ਅਤੇ ਗੈਰਪੰਜਾਬੀਆਂ ਨੂੰ ਪੰਜਾਬ, ਪੰਜਾਬੀ, ਤੇ ਪੰਜਾਬੀਅਤ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ ਅਤੇ ਉਹ ਪੰਜਾਬ ਦੇ ਵਡਮੁੱਲੇੁ ਵਿਰਸੇ ਅਤੇ ਪਰੰਪਰਾਵਾਂ ਤੋਂ ਜਾਣੂੰ ਹੋਣਗੇ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਧੀਆ ਰੈਪੂਟੇਸ਼ਨ ਸਦਕਾ ਯੂਨੀਵਰਸਿਟੀ ਨੂੰ ਇਹ ਕੋਰਸ ਯੂ.ਜੀ.ਸੀ. ਵੱਲੋਂ ਚਲਾਉਣ ਦਾ ਮੌਕਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਯੂ.ਜੀ.ਸੀ. ਵੱਲੋਂ 981 ਯੂਨੀਵਰਸਿਟੀਆਂ ਵਿਚੋਂ 37 ਯੂਨੀਵਰਸਿਟੀਆਂ ਦੀ ਚੋਣ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਆਧਾਰ `ਤੇ ਕੀਤੀ ਗਈ ਸੀ ਜਿਨ੍ਹਾਂ ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਦੀ ਸਟੇਟ ਪਬਲਿਕ ਯੂਨੀਵਰਸਿਟੀ ਹੈ ਜਿਸ ਨੂੰ ਕਿ ਇਹ ਮਾਣ ਪ੍ਰਾਪਤ ਹੋਇਆ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਵਿਚ ਸਰਟੀਫਿਕੇਟ, ਗਰੈਜੂਏਟ ਅਤੇ ਪੋਸਟ-ਗਰੈਜੂਏਟ ਪੱਧਰ ਦੇ ਕੋਰਸ ਸ਼ੁਰੂ ਕੀਤੇ ਗਏ ਹਨ।

ਇਸ ਤੋਂ ਇਲਾਵਾ ਟੈਕਨੀਕਲ ਅਤੇ ਸਕਿੱਲ ਆਧਾਰਤ ਕੋਰਸਾਂ ਵਿਚ ਕੰਪਿਊਟਰ ਸਾਇੰਸ, ਕਾਮਰਸ ਅਤੇ ਮੈਨੇਜਮੈਂਟ ਦੇ ਖੇਤਰ ਵਿਚ ਵੀ ਆਨਲਾਈਨ ਕੋਰਸ ਸ਼ਾਮਿਲ ਹਨ ਜੋ ਪੰਜਾਬ ਦੇ ਵਿਦਿਆਰਥੀਆਂ ਤੋਂ ਇਲਾਵਾ ਪੰਜਾਬ ਤੋਂ ਬਾਹਰ ਵਸਦੇ ਲੋਕਾਂ ਲਈ ਵੀ ਲਾਹੇਵੰਦ ਹੋਣਗੇ।
ਆਨਲਾਈਨ ਕੋਰਸਾਂ ਦੇ ਡਾਇਰੈਕਟਰ, ਡਾ. ਸੁਬੀਤ ਕੁਮਾਰ ਜੈਨ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਆਨਲਾਈਨ ਕੋਰਸ ਚਲਾਉਣ ਵਾਸਤੇ ਹਰ ਤਰ੍ਹਾਂ ਦੇ ਆਲਾ ਦਰਜੇ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਜਿਸ ਤਹਿਤ ਵਿਸ਼ੇਸ਼ ਸਟੂਡੀਓ ਸਥਾਪਤ ਕੀਤਾ ਗਿਆ ਹੈ ਜਿਸ ਦੇ ਵਿਚ ਆਨਲਾਈਨ ਕਲਾਸ ਰੂਮ ਟੀਚਿੰਗ, ਵੀਡੀਓ ਲੈਕਚਰਾਂ ਦੀ ਰਿਕਾਡਿੰਗ, ਇਮਤਿਹਾਨਾਂ ਦਾ ਸੰਚਾਲਨ ਆਦਿ ਸ਼ਾਮਿਲ ਹੈ।

Bulandh-Awaaz

Website: