ਉੱਤਰ ਪ੍ਰਦੇਸ਼ ਦੇ ਇਲਾਕੇ ਚਿਤ੍ਰਕੂਟ ਵਿੱਚ ਲੋਕ ਭਿਅੰਕਰ ਗ਼ਰੀਬੀ, ਭੁੱਖਮਰੀ ਤੇ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਤੋਂ ਪੀੜਤ ਹਨ| ਜ਼ਿਆਦਾਤਰ ਲੋਕ ਇੱਥੇ ਕਨੂੰਨੀ ਤੇ ਗ਼ੈਰ-ਕਨੂੰਨੀ ਦੋਹਾਂ ਤਰ੍ਹਾਂ ਦੀਆਂ ਖਾਣਾਂ ਵਿੱਚ ਕੰਮ ਕਰਕੇ ਘਰ ਦਾ ਤੋਰੀ ਫੁਲਕਾ ਚਲਾਉਂਦੇ ਨੇ| ਛੋਟੇ ਬੱਚੇ ਵੀ ਸਕੂਲ ਜਾਣ ਦੀ ਥਾਂ ਮਾਂ-ਪਿਓ ਨਾਲ਼ ਖਾਣਾਂ ਵਿੱਚ ਕੰਮ ਕਰਾਉਂਦੇ ਹਨ|
‘ਇੰਡੀਆ ਟੁਡੇ’ ਦੀ ਰਿਪੋਰਟ ਅਨੁਸਾਰ ਇੱਥੇ ਸਭ ਤੋਂ ਮਾੜੀ ਹਾਲਾਤ ਨਾਬਾਲਗ ਕੁੜੀਆਂ ਦੀ ਹੈ ਜਿਹਨਾਂ ਦੀ ਨਾ ਸਿਰਫ਼ ਆਰਥਿਕ ਲੁੱਟ ਸਗੋਂ ਸ਼ਰੀਰਕ ਸ਼ੋਸ਼ਣ ਵੀ ਹੁੰਦਾ ਹੈ| 12-12 ਸਾਲ ਦੀਆਂ ਕੁੜੀਆਂ ਜੋ ਖਾਣਾਂ ਵਿੱਚ ਕੰਮ ਕਰਦੀਆਂ ਹਨ ਓਹਨਾ ਨੂੰ ਉਜਰਤਾਂ ਮਿਲਣ ਦੀ ਸ਼ਰਤ ਹੀ ਇਹ ਹੈ ਕਿ ਉਹ ਮਾਲਕ/ਠੇਕੇਦਾਰ ਤੇ ਓਹਦੇ ਮਿੱਤਰਾਂ ਤੋਂ ਆਪਦਾ ਬਲਾਤਕਾਰ ਕਰਵਾਏ| ਬਿਨ੍ਹਾਂ ਇਸਦੇ ਇਹਨਾਂ ਕੁੜੀਆਂ ਨੂੰ ਤਨਖ਼ਾਹ ਹੀ ਨਹੀਂ ਦਿੱਤੀ ਜਾਂਦੀ| ਮਾਂ-ਬਾਪ ਕੋਲ਼ ਦੋ ਹੀ ਰਾਸਤੇ ਹਨ, ਇਹ ਸਭ ਜਾਣਦੇ ਹੋਏ ਕੁੜੀਆਂ ਨੂੰ ਕੰਮ ਉੱਤੇ ਭੇਜਣ ਜਾਂ ਭੁੱਖੇ ਮਰਨ|
ਹੁਣ ਕਰੋਨਾ ਦੇ ਨਾਮ ਉੱਤੇ ਜੜੀ ਪੂਰਨਬੰਦੀ ਕਰਕੇ ਖਾਣ ਮਾਲਕਾਂ ਦਾ ਪੱਲੜਾ ਹੋਰ ਵੀ ਭਾਰੀ ਹੋ ਗਿਆ ਹੈ ਤੇ ਓਹਨਾਂ ਨੇ ਲੋਕਾਂ ਦੀ ਮਜ਼ਬੂਰੀ ਦਾ ਫ਼ਾਇਦਾ ਚੁੱਕਦਿਆਂ 100-150 ਰੁਪਏ ਬਹਾਨੇ ਹੀ ਇਹਨਾਂ ਮਾਸੂਮਾਂ ਦੇ ਸ਼ਰੀਰ ਨੋਚਣੇ ਸ਼ੁਰੂ ਕਰ ਦਿੱਤੇ ਹਨ| ਇਹ ਹੈ ਭਾਰਤ ਦੀ ਧਰਤੀ ਉੱਤੇ ਪਿੰਡ-ਪਿੰਡ, ਸ਼ਹਿਰ-ਸ਼ਹਿਰ ਵਸਦਾ ਅਸਲ ਪਾਤਾਲ ਲੋਕ|