ਅੰਮ੍ਰਿਤਸਰ, 22 ਮਈ (ਰਛਪਾਲ ਸਿੰਘ) – ਬਿਨਾਂ ਕਿਸੇ ਤੋਂ ਇਕ ਪੈਸਾ ਵੀ ਇਕੱਠਾ ਕੀਤੀਆਂ ਆਪਣੀ ਜੇਬ ‘ਚੋਂ ਹੀ ਕਰੋੜਾਂ ਰੁਪਏ ਖਰਚ ਕਰ ਕੇ ਹਰ ਔਖੀ ਘੜੀ ਵੇਲੇ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ‘ਚ ਸਭ ਤੋਂ ਅੱਗੇ ਹੋ ਕੇ ਮਸਾਲੀ ਸੇਵਾ ਨਿਭਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਹੁਣ ਜਿੱਥੇ ਆਪਣੇ ਪੱਧਰ ਤੇ ਹੀ ਸੂਬੇ ‘ਚ ਪੰਜ ਆਕਸੀਜਨ ਪਲਾਂਟ ਲਾਉਣ ਦੀ ਕਾਰਵਾਈ ਆਰੰਭ ਦਿੱਤੀ ਹੈ ਉਥੇ ਹੀ ਹਰੇਕ ਜ਼ਿਲ੍ਹੇ ਅੰਦਰ ਪ੍ਰਸ਼ਾਸ਼ਨ ਨੂੰ ਲੋੜੀਂਦੇ ਆਕਸੀਜਨ ਕੰਸਟ੍ਰੇਟਰ,ਵੈਂਟੀਲੇਟਰ,ਐਂਬੂਲੈਂਸਾਂ,ਅੰਤਿਮ ਯਾਤਰਾ ਵੈਨਾਂ,ਮ੍ਰਿਤਕ ਸਰੀਰ ਸਾਂਭਣ ਲਈ ਫਰੀਜ਼ਰ ਤੇ ਵੱਡੀ ਮਾਤਰਾ ‘ਚ ਦਵਾਈਆਂ ਸਮੇਤ ਹੋਰ ਲੋੜੀਂਦੇ ਸਮਾਨ ਦੀ ਸਪਲਾਈ ਦੇਣੀ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਦੂਜੇ ਪੜਾਅ ਦੌਰਾਨ ਪੈਦਾ ਹੋਏ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਹੁਣ ਸਰਬੱਤ ਦਾ ਭਲਾ ਟਰੱਸਟ ਵੱਲੋਂ ਆਪਣੇ ਪੱਧਰ ਤੇ ਹੀ ਸੂਬੇ ਅੰਦਰ ਸਿਹਤ ਪ੍ਰਸ਼ਾਸਨ ਵੱਲੋਂ ਨਿਰਧਾਰਤ ਕੀਤੀਆਂ ਗਈਆਂ ਥਾਵਾਂ ਤੇ 5 ਨਵੇਂ ਆਕਸੀਜਨ ਪਲਾਂਟ ਸਥਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ‘ਚੋਂ ਇੱਕ ਪਲਾਂਟ ਮਾਝਾ ਖੇਤਰ ਦੇ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ‘ਚ ਜਦ ਕਿ ਮਾਲਵਾ ਖੇਤਰ ਅੰਦਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ,ਮੈਡੀਕਲ ਕਾਲਜ ਬਠਿੰਡਾ ਅਤੇ ਮੈਡੀਕਲ ਕਾਲਜ ਪਟਿਆਲਾ ‘ਚ ਇੱਕ-ਇੱਕ ਪਲਾਂਟ ਸਥਾਪਿਤ ਕਰਨ ਤੋਂ ਇਲਾਵਾ ਇੱਕ ਪਲਾਂਟ ਦੋਆਬਾ ਖੇਤਰ ‘ਚ ਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਇਸ ਪ੍ਰਾਜੈਕਟ ਨੂੰ ਜਲਦ ਨੇਪਰੇ ਚੜ੍ਹਾਉਣ ਲਈ ਵੱਡੇ ਪੱਧਰ ਤੇ ਯਤਨ ਆਰੰਭੇ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਇਹ ਸਾਰੇ ਪਲਾਂਟ ਜੂਨ ਮਹੀਨੇ ਅੰਦਰ ਕੰਮ ਕਰਨਾ ਸ਼ੁਰੂ ਕਰ ਦੇਣਗੇ।
ਸ.ਓਬਰਾਏ ਨੇ ਇਹ ਵੀ ਦੱਸਿਆ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਸਿਵਲ,ਸਿਹਤ ਤੇ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਟਰੱਸਟ ਦੀਆਂ ਜ਼ਿਲ੍ਹਾ ਇਕਾਈਆਂ ਵੱਲੋਂ ਲੋੜੀਂਦੇ ਸਾਮਾਨ ਦੀਆਂ ਆ ਰਹੀਆਂ ਡਿਮਾਂਡਾ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨੇ ਹਰੇਕ ਜ਼ਿਲ੍ਹੇ ਨੂੰ ਲੋੜੀਂਦੇ ਆਕਸੀਜਨ ਕੰਸਟ੍ਰੇਟਰ,ਵੈੰਟੀਲੇਟਰ,ਐਂਬੂਲੈਂਸ ਗੱਡੀਆਂ,ਮ੍ਰਿਤਕ ਸਰੀਰ ਲੈ ਕੇ ਜਾਣ ਲਈ ਅੰਤਮ ਯਾਤਰਾ ਵੈਨਾਂ, ਮ੍ਰਿਤਕ ਸਰੀਰ ਸਾਂਭਣ ਲਈ ਫਰੀਜ਼ਰ,ਪੱਲਸ ਆਕਸੀਮੀਟਰ, ਇਨਫਰਾਰੈੱਡ ਥਰਮਾਮੀਟਰ, ਡਿਜੀਟਲ ਥਰਮਾਮੀਟਰ,ਪੀ.ਪੀ. ਈ. ਕਿੱਟਾਂ,ਸੈਨੀਟਾਈਜ਼ਰ, ਫੇਸ ਮਾਸਕ ਅਤੇ ਸਰਜੀਕਲ ਟ੍ਰਿਪਲ ਲੇਅਰ ਮਾਸਕ ਦੇਣ ਤੋਂ ਇਲਾਵਾ ਵੱਡੀ ਮਾਤਰਾ ‘ਚ ਦਵਾਈਆਂ ਆਦਿ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵੱਲੋਂ ਇਸ ਵਾਰ ਲੋੜਵੰਦ ਲੋਕਾਂ ਨੂੰ ਵੰਡਣ ਲਈ ਦਵਾਈਆਂ ਦੀ 1 ਲੱਖ ਕਿੱਟ ਵੀ ਤਿਆਰ ਕਰਵਾ ਕੇ ਜ਼ਿਲ੍ਹਿਆਂ ਨੂੰ ਭੇਜੀ ਜਾ ਰਹੀ ਹੈ,ਜਿਸ ‘ਚ ਪੈਰਾਸੀਟਾਮੋਲ,ਵਿਟਾਮਿਨ ਸੀ,ਵਿਟਾਮਿਨ ਡੀ,ਮਲਟੀ ਵਿਟਾਮਿਨ ਅਤੇ ਜਿੰਕ ਆਦਿ ਪੰਜ ਦਵਾਈਆਂ ਸ਼ਾਮਿਲ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਦੇ ਇਲਾਜ ਲਈ ਦਿੱਲੀ ਤੋਂ ਪੰਜਾਬ ਆਉਣ ਜਾਂ ਇੱਥੋਂ ਦਿੱਲੀ ਜਾਣ ਵਾਲੇ ਮਰੀਜ਼ਾਂ ਨੂੰ ਲੁੱਟ-ਖਸੁੱਟ ਤੋਂ ਬਚਾਉਣ ਲਈ ਟਰੱਸਟ ਵੱਲੋਂ ਕੇਵਲ ਤੇਲ ਖ਼ਰਚ ਤੇ ਐਂਬੂਲੈਂਸ ਦੀ ਸੇਵਾ ਵੀ ਜਾਰੀ ਹੈ।
ਡਾ.ਓਬਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਦ ਵੀ ਕਿਸੇ ਥਾਂ ਤੋਂ ਮੈਡੀਕਲ ਨਾਲ ਸਬੰਧਤ ਕਿਸੇ ਸਾਮਾਨ ਦੀ ਡਿਮਾਂਡ ਟਰੱਸਟ ਕੋਲ ਪਹੁੰਚਦੀ ਹੈ ਤਾਂ ਉਸ ਨੂੰ ਤੁਰੰਤ ਪੂਰਿਆਂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਸਰਬੱਤ ਦਾ ਭਲਾ ਟਰੱਸਟ ਵੱਲੋਂ ਜਿੱਥੇ ਵੱਖ-ਵੱਖ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਆਦਿ ਨੂੰ ਲੋੜੀਂਦਾ ਸਾਮਾਨ ਅਤੇ ਲੋੜਵੰਦਾਂ ਨੂੰ ਰਾਸ਼ਨ ਆਦਿ ਲਗਾਤਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਉਥੇ ਹੀ ਦਿੱਲੀ ਵਿਖੇ ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ ਲਈ ਹੋਰਨਾਂ ਵੱਡੀਆਂ ਸਹੂਲਤਾਂ ਤੋਂ ਇਲਾਵ ਵੱਡੀ ਮਾਤਰਾ ‘ਚ ਦਵਾਈ ਦੀਆਂ ਕਿੱਟਾਂ ਅਤੇ ਅਫ਼ਗ਼ਾਨਿਸਤਾਨ ਤੋਂ ਉੱਜੜ ਕੇ 20 ਹਜ਼ਾਰ ਸ਼ਰਨਾਰਥੀਆਂ ਲਈ ਵੀ ਮੈਡੀਕਲ ਦਾ ਸਾਮਾਨ ਅਤੇ ਰਾਸ਼ਨ ਦਿੱਤਾ ਜਾ ਰਿਹਾ ਹੈ। ਕੈਪਸ਼ਨ – ਜਾਣਕਾਰੀ ਦਿੰਦੇ ਹੋਏ ਟਰੱਸਟ ਮੁਖੀ ਡਾ.ਐੱਸ.ਪੀ.ਸਿੰਘ ਓਬਰਾਏ।