ਲੁਧਿਆਣਾ, 12 ਜੁਲਾਈ (ਬੁਲੰਦ ਆਵਾਜ ਬਿਊਰੋ) – ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸ: ਸਿਮਰਜੀਤ ਸਿੰਘ ਬੈਂਸ ਅਤੇ 6 ਹੋਰਨਾਂ ਦੇ ਖਿਲਾਫ਼ ਬਲਾਤਕਾਰ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ।ਮਾਮਲਾ ਲੁਧਿਆਣਾ ਦੀ ਇਕ 45 ਸਾਲਾ ਔਰਤ ਦਾ ਹੈ ਜਿਸ ਨੇ ਸਿਮਰਜੀਤ ਸਿੰਘ ਬੈਂਸ ’ਤੇ ਦੋਸ਼ ਲਗਾਏ ਸਨ ਕਿ ਉਸਨੇ ਉਸ ਨਾਲ ਜਬਰ ਜਨਾਹ ਕੀਤਾ ਹੈ। ਉਸਨੇ ਵਿਧਾਇਕ ਅਤੇ ਉਸਦੇ ਸਾਥੀਆਂ ’ਤੇ ਹੋਰ ਵੀ ਗੰਭੀਰ ਦੋਸ਼ ਲਗਾਏ ਸਨ। ਪੁਲਿਸ ਥਾਣਾ ਡਿਵੀਜ਼ਨ ਨੰਬਰ 6 ਵਿੱਚ ਐਫ.ਆਈ.ਆਰ.ਨੰਬਰ 180 ਧਾਰਾ 376, 354, 354-ਏ, 506 ਅਤੇ 120-ਬੀ ਆਈ.ਪੀ.ਸੀ. ਤਹਿਤ 10 ਜੁਲਾਈ ਨੂੰ ਦਰਜ ਕੀਤੀ ਗਈ ਸੀ।ਇਸ ਮਾਮਲੇ ਵਿੱਚ ਬੈਂਸ ਦੇ ਭਰਾ ਕਰਮਜੀਤ ਸਿੰਘ ਸਣੇ ਕੁਝ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਦੇ ਪੀ.ਏ. ਗੋਗੀ ਸ਼ਰਮਾ ਦੇ ਨਾਂਅ ਵੀ ਹਨ।
ਸ: ਬੈਂਸ, ਸ: ਕਰਮਜੀਤ ਸਿੰਘ, ਸ:ਪਰਮਜੀਤ ਸਿੰਘ ਅਤੇ ਗੋਗੀ ਸ਼ਰਮਾ ਤੋਂ ਇਲਾਵਾ ਬਲਜਿੰਦਰ ਕੌਰ, ਜਸਬੀਰ ਕੌਰ ਅਤੇ ਸੁਖ਼ਚੈਨ ਸਿੰਘ ਨੂੰ ਵੀ ਇਸ ਐਫ.ਆਈ.ਆਰ. ਵਿੱਚ ਨਾਮਜ਼ਦ ਕੀਤਾ ਗਿਆ ਹੈ।ਐਫ.ਆਈ.ਆਰ. ਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਇਹ ਮੁਕੱਦਮਾ ਲੁਧਿਆਣਾ ਦੇ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ: ਹਰਸਿਮਰਨਜੀਤ ਸਿੰਘ ਦੇ ਹੁਕਮਾਂ ’ਤੇ ਦਰਜ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਸ: ਬੈਂਸ ਇਸ ਮਾਮਲੇ ਵਿੱਚ ਹਾਈ ਕੋਰਟ ਦਾ ਰੁਖ਼ ਕਰ ਚੁੱਕੇ ਹਨ। ਉਨ੍ਹਾਂ ਨੇ ਹਾਈਕੋਰਟ ਵਿੱਚ ਲੁਧਿਆਣਾ ਦੀ ਅਦਾਲਤ ਦੇ ਉਕਤ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਪਾਈ ਹੈ ਜਿਸਦੀ ਸੁਣਵਾਈ ਅਜੇ ਹੋਣੀ ਹੈ।