ਪੰਜਾਬ, 21 ਸਤੰਬਰ (ਬੁਲੰਦ ਆਵਾਜ ਬਿਊਰੋ) – ਦਿਨ ’ਚ ਸਾਢੇ ਨੌਂ ਘੰਟੇ ਜਾਂ ਇਸ ਤੋਂ ਜ਼ਿਆਦਾ ਸਮਾਂ ਬੈਠ ਕੇ ਬਤੀਤ ਕਰਨ ਵਾਲਿਆਂ ’ਚ ਬੇਵਕਤੀ ਮੌਤ ਦਾ ਖ਼ਤਰਾ ਵਧ ਜਾਂਦਾ ਹੈ, ਉੱਥੇ ਹੀ ਸਰੀਰਕ ਰੂਪ ਨਾਲ ਸਰਗਰਮ ਰਹਿਣ ਵਾਲਿਆਂ ’ਚ ਇਹ ਖ਼ਤਰਾ ਘੱਟ ਰਹਿੰਦਾ ਹੈ ਹਾਲੀਆ ਸ਼ੋਧ ’ਚ ਇਹ ਗੱਲ ਸਾਹਮਣੇ ਆਈ ਹੈ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਮੁਤਾਬਕ, 18 ਤੋਂ 64 ਸਾਲ ਦੀ ਉਮਰ ਵਾਲਿਆਂ ਨੂੰ ਹਫ਼ਤੇ ’ਚ ਘੱਟੋ ਘੱਟ 150 ਮਿੰਟ ਹਲਕੀ ਕਸਰਤ ਜਾਂ 75 ਮਿੰਟ ਦੀ ਸਖ਼ਤ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਹਾਲਾਂਕਿ ਇਸ ਗੱਲ ਦਾ ਕੋਈ ਸਪਸ਼ਟ ਅੰਕੜਾ ਨਹੀਂ ਹੈ ਕਿ ਕਦੋਂ ਤੇ ਕਿਸ ਤਰ੍ਹਾਂ ਦੀ ਕਸਰਤ ਸਿਹਤ ਲਈ ਜ਼ਰੂਰੀ ਹੈ। ਵੱਖ-ਵੱਖ ਅਧਿਐਨਾਂ ਨਾਲ ਇਕੱਠੇ ਕੀਤੇ ਗਏ 35 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਅੰਕੜਿਆਂ ਦੇ ਆਧਾਰ ’ਤੇੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਬੇਵਕਤੀ ਮੌਤ ਦੇ ਖ਼ਤਰੇ ਨੂੰ ਘੱਟ ਕਰਨ ਲਈ ਰੋਜ਼ਾਨਾ ਕਰੀਬ ਪੰਜ ਘੰਟੇ ਦੀ ਹਲਕੀਆਂ ਸਰੀਰਕ ਸਰਗਰਮੀਆਂ ਜ਼ਰੂਰੀ ਹਨ। ਇਨ੍ਹਾਂ ਸਰਗਰਮੀਆਂ ’ਚ ਹੌਲੀ-ਹੌਲੀ ਚੱਲਣ ਤੋਂ ਇਲਾਵਾ ਖਾਣਾ ਬਣਾਉਣ, ਕੱਪੜੇ ਧੋਣ ਜਿਹੇ ਘਰੇਲੂ ਕੰਮ ਸ਼ਾਮਲ ਹਨ।