ਯਾਦਗਾਰੀ ਰਿਹਾ ਬਾਬਾ ਰਾਮੂ ਸਾਹਿਬ ਜੀ ਦਾ ਜੋੜ ਮੇਲਾ

ਯਾਦਗਾਰੀ ਰਿਹਾ ਬਾਬਾ ਰਾਮੂ ਸਾਹਿਬ ਜੀ ਦਾ ਜੋੜ ਮੇਲਾ

ਫਸਵੇਂ ਕਬੱਡੀ ਮੈਚ ਨੇ ਦਰਸ਼ਕਾਂ ਦੇ ਸਾਹ ਰੋਕੇ

ਤਰਨ ਤਾਰਨ, 30 ਜੂਨ (ਜੰਡ ਖਾਲੜਾ) – ਗੁਰੂ ਨਾਨਕ ਦੇਵ ਸਾਹਿਬ ਜੀ ਦੇ ਅਨਿੰਨ ਸੇਵਕ ਧੰਨ-ਧੰਨ ਬਾਬਾ ਰਾਮੂ ਸਾਹਿਬ ਜੀ ਦੀ ਮਿਠੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਧੰਨ ਧੰਨ ਗੁਰਦਵਾਰਾ ਬਾਬਾ ਰਾਮੂ ਸਾਹਿਬ ਜੀ ਦਿਆਲਪੁਰਾ ਵਿਖੇ (ਗੁਰੂ ਨਾਨਕ ਦੇਵ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਨਗਰ) ਸਮੂਹ ਸੰਗਤ ਦੇ ਵੱਡਮੁਲੇ ਸਾਝੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ। ਇਸਤੇ ਰੱਬੀ ਬਾਣੀ ਦੇ ਪਾਠ ਭੋਗ ਪਾਏ ਗਏ, ਰਾਤਰੀ ਧਾਰਮਿਕ ਸਮਾਗਮ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਗਿਆਨੀ ਲਖਵਿੰਦਰ ਸਿੰਘ ਜੀ, ਕਥਾਵਾਚਕ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣਾ ਵਾਲੇ, ਕਥਾਵਾਚਕ ਗਿਆਨੀ ਦਿਲਬਾਗ ਸਿੰਘ ਬਲੇਰ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਗਈ। ਦਿਨ ਦੇ ਵਿਸਾਲ ਧਾਰਮਿਕ ਦੀਵਾਨ ‘ਚ ਰਾਗੀ ਗਿਆਨੀ ਓਂਕਾਰ ਸਿੰਘ ਦਿਆਲਪੁਰਾ, ਕਥਾਵਾਚਕ ਗਿਆਨੀ ਸਾਹਿਬ ਸਿੰਘ ਜੀ ਤੇ ਗਿਆਨੀ ਜਸਵੰਤ ਸਿੰਘ ਜੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ, ਕਵੀਸ਼ਰ ਅਮਰਜੀਤ ਸਿੰਘ ਸਭਰਾ, ਢਾਡੀ ਨਿਰਮਲ ਸਿੰਘ ਨੂਰ, ਗੁਰਨਾਮ ਸਿੰਘ ਮਨਿਹਾਲਾ, ਬਗੀਚਾ ਸਿੰਘ ਬਲੇਰ ਆਦਿ ਜੱਥਿਆ ਨੇ ਸੰਗਤਾਂ ਨੂੰ ਕੌਮ ਦਾ ਲਾਸਾਨੀ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਮੰਚ ਦੀ ਸੇਵਾ ਗਿਆਨੀ ਜਰਮਨਜੀਤ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਸ਼ਾਮ ਨੂੰ ਕਬੱਡੀ ਦੇ ਮੈਦਾਨ ਵਿਚ ਚੋਟੀ ਦੀਆਂ ਕਬੱਡੀ ਦੀਆਂ ਟੀਮਾਂ ਬਾਬਾ ਬਿਧੀ ਚੰਦ ਜੀ ਸਪੋਰਟਸ ਕਲੱਬ ਫਰੰਦੀਪੁਰ ਅਤੇ ਭਾਈ ਲਖਬੀਰ ਸਿੰਘ ਜੀ ਸਪੋਰਟਸ ਕਲੱਬ ਘਰਿਆਲਾ ਦੀਆਂ ਟੀਮਾਂ ਦੇ ਫਸਵੇਂ ਮੈਚ ਨੇ ਦਰਸ਼ਕਾਂ ਨੂੰ ਸਾਹ ਰੋਕ ਕੇ ਮੈਚ ਦੇਖਣ ਲਈ ਮਜਬੂਰ ਕੀਤਾ,ਮੈਚ ਦੇ ਅੰਤਲੇ ਪਲਾਂ ਚ ਕਬੱਡੀ ਫੈਸਲਾ ਕੁੰਨ ਸਾਬਤ ਹੋਈ,ਜਿਸ ਅਨੁਸਾਰ ਫਰੰਦੀਪੁਰ ਟੀਮ ਡੇਢ ਅੰਕ ਦੇ ਫਰਕ ਨਾਲ ਜੇਤੂ ਐਲਾਨੀ ਗਈ। ਇਸ ਮੌਕੇ ਤੇਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਮ੍ਰਿਤਸਰ-ਤਰਨਤਾਰਨ ਜੋਨ ਵਲੋ ਸਿੱਖ ਇਤਿਹਾਸ,ਗੁਰਇਤਿਹਾਸ ਆਦਿ ਕਿਤਾਬਾਂ ਦੀ ਭਾਈ ਕੁਲਦੀਪ ਸਿੰਘ ਗਲਾਲੀਪੁਰ,ਭਾਈ ਅਕਾਸਬੀਰ ਸਿੰਘ ਭਿੱਖੀਵਿੰਡ, ਭਾਈ ਗੁਰਨਿਸਾਨ ਸਿੰਘ ਵਲੋ ਪਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਕਮੇਟੀ ਪ੍ਰਧਾਨ ਮਹਿਲ ਸਿੰਘ ਵਲੋਂ ਸਮੂਹ ਸ਼ਖ਼ਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।

Bulandh-Awaaz

Website: