ਬਸਤੀਵਾਦ ਦੇ ਘਿਨਾਉਣੇ ਜ਼ੁਲਮਾਂ ਦੀਆਂ ਕਹਾਣੀਆਂ ਬਿਆਨਦੀਆਂ ਕਨੇਡਾ ਦੇ ਸਕੂਲ ਵਿੱਚੋਂ ਮਿਲ਼ੀਆਂ ਬੱਚਿਆਂ ਦੀਆਂ ਸਮੂਹਿਕ ਕਬਰਾਂ

ਬਸਤੀਵਾਦ ਦੇ ਘਿਨਾਉਣੇ ਜ਼ੁਲਮਾਂ ਦੀਆਂ ਕਹਾਣੀਆਂ ਬਿਆਨਦੀਆਂ ਕਨੇਡਾ ਦੇ ਸਕੂਲ ਵਿੱਚੋਂ ਮਿਲ਼ੀਆਂ ਬੱਚਿਆਂ ਦੀਆਂ ਸਮੂਹਿਕ ਕਬਰਾਂ

ਮਈ ਮਹੀਨੇ ਦੇ ਅੰਤ ਵਿੱਚ ਕਨੇਡਾ ਦੇ ਬਿ੍ਰਟਿਸ਼ ਕੋਲੰਬੀਆ ਦੇ ਕੈਪਲੂਪਸ ਇੰਡੀਅਨ ਰਿਹਾਇਸ਼ੀ ਸਕੂਲ ਦੇ ਹੇਠੋਂ 215 ਬੱਚਿਆਂ ਦੀਆਂ ਸਮੂਹਿਕ ਕਬਰਾਂ, ਜਿਹਨਾਂ ਵਿੱਚ ਤਿੰਨ ਸਾਲ ਤੱਕ ਦੇ ਬੱਚਿਆਂ ਦੇ ਪਿੰਜਰ ਵੀ ਹਨ, ਮਿਲ਼ੀਆਂ ਹਨ। ਸਮੂਹਿਕ ਕਬਰਾਂ ਵਿੱਚ ਮਿਲ਼ੇ ਪਿੰਜਰ ਕਨੇਡਾ ਦੇ ਉਹਨਾਂ ਮੂਲਨਿਵਾਸੀ ਬੱਚਿਆਂ ਦੇ ਹਨ, ਜਿਹਨਾਂ ਨੂੰ ਗੋਰੇ ਬਸਤੀਵਾਦੀਆਂ ਨੇ ਉਹਨਾਂ ਦੇ ਮਾਪਿਆਂ ਤੋਂ ਜਬਰੀ ਅੱਢ ਕਰਕੇ “ਜੰਗਲੀ” ਸੱਭਿਆਚਾਰ ਤੋਂ ਮੁਕਤ ਕਰਕੇ ਅਖੌਤੀ ਆਧੁਨਿਕ ਸੱਭਿਆਚਾਰ ਨਾਲ਼ ਜੋੜਨ ਦੇ ਨਾਂ ਉੱਤੇ ਰਿਹਾਇਸ਼ੀ ਸਕੂਲਾਂ ਵਿੱਚ ਰੱਖਕੇ ਜੁਲਮ ਢਾਹਿਆ। ਇਹਨਾਂ ਕਬਰਾਂ ਦੇ ਮਿਲ਼ਣ ਨਾਲ਼ ਲੋਕਾਂ ਵਿੱਚ ਗੁੱਸੇ ਅਤੇ ਸੋਗ ਦਾ ਮਹੌਲ ਹੈ ਅਤੇ ਮਨੁੱਖਤਾ ਸ਼ਰਮਸ਼ਾਰ ਹੋਈ ਹੈ। ਇਸ ਮੌਕੇ ਕਨੇਡਾ ਦੀ ਟਰੂਡੋ ਸਰਕਾਰ ਵੱਲੋਂ ਮਗਰਮੱਛੀ ਹੰਝੂ ਵਹਾਏ ਗਏ ਅਤੇ ਆਵਦੇ ਦੇਸ਼ ਦਾ ਝੰਡਾ ਨੀਵਾਂ ਕਰਕੇ ਝੂਠ-ਮੂਠ ਦਾ ਪਖੰਡ ਕਰਦਿਆਂ ਅਫਸੋਸ ਪ੍ਰਗਟ ਕੀਤਾ ਗਿਆ। ਪਰ ਇਸ ਘਟਨਾ ਨੇ ਬਸਤੀਵਾਦ ਦੇ ਘਿਨਾਉਣੇ ਇਤਿਹਾਸ ਤੋਂ ਪਰਦਾ ਲਾਹ ਸੁੱਟਿਆ ਹੈ, ਇਤਿਹਾਸ ਜਿਹੜਾ ਇਸ ਖਿੱਤੇ ਦੇ ਮੂਲਨਿਵਾਸੀ ਲੋਕਾਂ ਦੇ ਲਹੂ ਨਾਲ਼ ਗੜੁੱਚ ਹੈ। ਕੈਮਲੂਪਸ ਦੇ ਰਿਹਾਇਸ਼ੀ ਸਕੂਲ 1890 ਵਿੱਚ ਸਥਾਪਤ ਕੀਤੇ ਗਏ, ਜਿਸਨੂੰ 1969 ਤੱਕ ਕੈਥੋਲਿਕ ਚਰਚ ਚਲਾਉਂਦੀ ਰਹੀ ਹੈ, ਉਸ ਮਗਰੋਂ ਇਹਨਾਂ ਦਾ ਕੰਟਰੋਲ ਕਨੇਡਾ ਸਰਕਾਰ ਨੇ ਆਵਦੇ ਹੱਥਾਂ ਵਿੱਚ ਲਿਆ ਅਤੇ 1978 ਵਿੱਚ ਇਹ ਸਾਰੇ ਸਕੂਲ ਬੰਦ ਕਰ ਦਿੱਤੇ ਗਏ। ਇਹਨਾਂ ਸਕੂਲਾਂ ਵਿੱਚ ਕਨੇਡਾ ਦੇ ਮੂਲਨਿਵਾਸੀਆਂ ਦੇ ਬੱਚਿਆਂ ਉੱਤੇ ਅੰਤਾਂ ਦਾ ਕਹਿਰ ਢਾਹਿਆ ਜਾਂਦਾ ਅਤੇ ਮੌਤ ਦੇ ਮੂੰਹ ਧੱਕ ਦਿੱਤਾ ਜਾਂਦਾ। ਕੁੱਝ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਦਾ ਦਾਅਵਾ ਹੈ ਕਿ ਜੇ ਇਹਨਾਂ ਬੰਦ ਕੀਤੇ ਸਕੂਲਾਂ ਦੀ ਖੁਦਾਈ ਕੀਤੀ ਜਾਵੇ ਤਾਂ ਇਹਨਾਂ ਪਿੰਜਰਾਂ ਦੀ ਗਿਣਤੀ ਲਾਜਮੀ ਹੀ ਹਜਾਰਾਂ ਵਿੱਚ ਹੋਵੇਗੀ। ਭਾਵੇਂ ਕਿ ਕੈਮਲੂਪਸ ਦੀਆਂ ਇਹ ਕਬਰਾਂ ਹੁਣ ਤੱਕ ਮਿਲ਼ੀਆਂ ਸਭ ਤੋਂ ਵੱਧ ਗਿਣਤੀ ਵਾਲ਼ੀਆਂ ਬੇਨਾਮੀ ਕਬਰਾਂ ਹਨ, ਪਰ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ। ਇਸਤੋਂ ਪਹਿਲਾਂ ਵੀ ਦਹਾਕਿਆਂ ਤੋਂ ਲਗਾਤਾਰ ਇਹੋ ਜਿਹੀਆਂ ਬੇਨਾਮੀ ਸਮੂਹਿਕ ਕਬਰਾਂ ਮਿਲ਼ਦੀਆਂ ਰਹੀਆਂ ਹਨ, ਜਿਵੇਂ ਰੇਜਿਨਾ ਨੇੜੇ ਅਤੇ ਸਸਕੇਸ਼ਵਾਨ ਵਿੱਚ ਬੈਟਲਫੋਰਡ ਵਿੱਚ ਅਤੇ ਬਿ੍ਰਟਿਸ਼ ਕੋਲੰਬੀਆ ਦੇ ਕਰੇਨਬਰੁੱਕ ਵਿੱਚ ਵੀ।

ਇਹਨਾਂ ਰਿਹਾਇਸ਼ੀ ਸਕੂਲਾਂ ਵਿੱਚ ਹੁੰਦੀਆਂ ਮੌਤਾਂ ਬਾਬਤ ਕਨੇਡਾ ਸਰਕਾਰ ਦੀ ਕੋਈ ਸਪੱਸ਼ਟ ਨੀਤੀ ਨਹੀਂ ਸੀ, ਮਰੇ ਬੱਚਿਆਂ ਨੂੰ ਸਫਰ ਦੇ ਖਰਚੇ ਦੀ “ਬੱਚਤ” ਲਈ ਮਾਪਿਆਂ ਹਵਾਲੇ ਨਹੀਂ ਸੀ ਭੇਜਿਆ ਜਾਂਦਾ, ਉਹਨਾਂ ਨੂੰ ਸਕੂਲ ਦੇ ਨੇੜੇ ਤੇੜੇ ਹੀ ਦੱਬ ਦਿੱਤਾ ਜਾਂਦਾ ਸੀ, ਕਨੇਡਾ ਦੇ ‘ਟਰੁੱਥ ਅਤੇ ਰੀਕਨਸੀਲਿਏਸ਼ਨ ਕਮਿਸ਼ਨ’ ਦੀ 2015 ਦੀ ਰਿਪੋਰਟ ਮੁਤਾਬਕ ਅਜਿਹੇ ਬੱਚਿਆਂ ਦੀ ਗਿਣਤੀ ਕਈ ਹਜਾਰਾਂ ਵਿੱਚ ਹੈ। ਬੱਚਿਆਂ ਦੀਆਂ ਮੌਤਾਂ ਦੇ ਕਾਰਨਾਂ ਬਾਰੇ ਕਮਿਸ਼ਨ ਦੱਸਦਾ ਹੈ ਕਿ ਉਹ ਬਿਮਾਰੀ ਨਾਲ਼, ਖੁਦਕੁਸ਼ੀ ਕਰਕੇ ਜਾਂ ਸਕੂਲ ’ਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਮਾਰੇ ਗਏ। ਕਮਿਸ਼ਨ ਮੁਤਾਬਕ ਮਰੇ ਹੋਏ ਇਹਨਾਂ ਬੱਚਿਆਂ ਦੀ ਗਿਣਤੀ ਲਗਭਗ 15,000 ਹੈ। ਹਾਲੇ ਤੱਕ ਕਮਿਸ਼ਨ ਵੱਲੋਂ 1300 ਵਿੱਚੋਂ ਸਿਰਫ 139 ਸਕੂਲਾਂ ਦੀ ਹੀ ਰਿਪੋਰਟ ਪੇਸ਼ ਕੀਤੀ ਗਈ ਹੈ। ਇਹਨਾਂ ਸਮੂਹਿਕ ਕਬਰਾਂ ਦੇ ਮਿਲ਼ਣ ਤੋਂ ਮਗਰੋਂ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਗਰਮੱਛੀ ਹੰਝੂ ਵਹਾਉਂਦਿਆਂ ਇਸਨੂੰ ਦੇਸ਼ ਦੇ ਇਤਿਹਾਸ ਦੀ ਕਾਲ਼ੀ ਅਤੇ ਸ਼ਰਮਨਾਕ ਯਾਦਗਾਰ ਕਿਹਾ ਹੈ। ਜਦਕਿ ਕਨੇਡਾ ਦੀ ਨੀਂਹ ਹੀ ਇੱਥੋਂ ਦੇ ਮੂਲਨਿਵਾਸੀ ਬਸ਼ਿੰਦਿਆਂ ਦੀ ਲੁੱਟ, ਜਬਰ, ਅਨਿਆਂ ਅਤੇ ਉਹਨਾਂ ਦੀਆਂ ਲੋਥਾਂ ਉੱਤੇ ਟਿਕੀ ਹੋਈ ਹੈ, ਇਹੀ ਲੁੱਟ ਜੋ ਹੁਣ ਤੱਕ ਵੀ ਜਾਰੀ ਹੈ। 16ਵੀਂ ਸਦੀ ਮਗਰੋਂ ਦਰਅਸਲ ਅੰਗਰੇਜ਼ ਅਤੇ ਫਰਾਂਸਿਸੀ ਬਸਤੀਵਾਦੀਆਂ ਦੇ ਇੱਥੇ ਆਉਣ ਅਤੇ ਮਗਰੋਂ ਇੱਥੇ ਹੀ ਵਸ ਜਾਣ ਤੋਂ ਕਨੇਡਾ ਦੇ ਮੂਲਨਿਵਾਸੀ ਲੋਕਾਂ ਦਾ ਦੋਜ਼ਖ ਸ਼ੁਰੂ ਹੁੰਦਾ ਹੈ। ਬਰਤਾਨਵੀਂ ਤੇ ਫਰਾਂਸਿਸੀ ਬਸਤੀਵਾਦੀਆਂ ਵੱਲੋਂ ਏਥੋਂ ਦੇ ਮੂਲ ਬਸ਼ਿੰਦਿਆਂ ਦੀ ਨਸਲਕੁਸ਼ੀ ਦੀ ਮੁਹਿੰਮ ਵਿੱਢੀ ਜਾਂਦੀ ਹੈ। ਜੋ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਜਾਰੀ ਹੈ।

ਰਿਹਾਇਸ਼ੀ ਸਕੂਲਾਂ ਦਾ ਇਹ ਪ੍ਰਬੰਧ ਵੀ ਦਰਅਸਲ ਇੱਥੋਂ ਦੇ ਮੂਲਨਿਵਾਸੀ ਲੋਕਾਂ ਨੂੰ ਸਰੀਰਿਕ ਤੌਰ ਉੱਤੇ ਮਾਰਨ ਦੀ ਮੁਹਿੰਮ ਦੇ ਨਾਲ਼ ਨਾਲ਼ ਸੱਭਿਆਚਾਰਕ ਨਸਲਕੁਸ਼ੀ ਦਾ ਹੀ ਇੱਕ ਹੱਥਾ ਸੀ। ਕੈਮਲੂਪਸ ਵਿੱਚ ਮਿਲ਼ੇ ਪਿੰਜਰ ਤਾਂ ਸਿਰਫ ਮਿੱਟੀ ਦੇ ਢੇਰ ’ਚੋਂ ਕਿਣਕਾ ਭਰ ਹਨ। ਰਿਹਾਇਸ਼ੀ ਸਕੂਲ ਬਸਤੀਕਰਨ ਦੀ ਪ੍ਰਕਿਰਿਆ ਦੌਰਾਨ ਮੂਲਨਿਵਾਸੀ ਲੋਕਾਂ ਦੀ ਨਸਲਕੁਸ਼ੀ ਦੀ ਕੁੱਲ ਨੀਤੀ ਦੇ ਇੱਕ ਅੰਗ ਦੇ ਤੌਰ ਉੱਤੇ ਸਿਰਫ ਕਨੇਡਾ ਵਿੱਚ ਹੀ ਨਹੀਂ, ਅਮਰੀਕਾ ਵਿੱਚ ਵੀ ਸਰਗਰਮ ਸਨ। ਇੱਕ ਅੰਦਾਜੇ ਮੁਤਾਬਕ 1492 ਤੋਂ 1900 ਤੱਕ ਲਗਭਗ ਸਾਢੇ 17 ਕਰੋੜ ਮੂਲਨਿਵਾਸੀ ਲੋਕਾਂ ਦੀਆਂ ਮੌਤਾਂ ਸਿਰਫ ਅਮਰੀਕਾ ਵਿੱਚ ਹੋਈਆਂ। ਇੱਥੋਂ ਦੇ ਮੂਲਨਿਵਾਸੀਆਂ ਨੇ ਲਗਭਗ ਚਾਰ ਸਦੀਆਂ ਤਾਈਂ ਆਵਦੇ ਪਿੰਡਿਆਂ ’ਤੇ ਬੇਰੋਕ ਸੰਤਾਪ ਹੰਢਾਇਆ, ਜੋ ਕਰੋੜਾਂ ਮੂਲਨਿਵਾਸੀ ਲੋਕਾਂ ਦੀ ਮੌਤ ਨਾਲ਼ ਹਾਲੇ ਵੀ ਮੁੱਕਿਆ ਨਹੀਂ ਕਿਹਾ ਜਾ ਸਕਦਾ।
ਭਾਵੇਂ ਕਿ ਅਜਿਹੇ ਰਿਹਾਇਸ਼ੀ ਸਕੂਲਾਂ ਵਿਚਲੀਆਂ ਕਬਰਾਂ ਬਾਰੇ ਬਸਤੀਵਾਦ ਦੇ ਜੁਲਮਾਂ ਤੋਂ ਬਚੇ ਮੂਲਨਿਵਾਸੀ ਪਹਿਲਾਂ ਤੋਂ ਹੀ ਜਾਣਦੇ ਸਨ। ਉਹ ਜਾਣਦੇ ਸਨ ਕਿ ਸਕੂਲਾਂ ਤੋਂ ਉਹਨਾਂ ਦੇ ਬੱਚੇ ਤੇ ਨਾ ਹੀ ਉਹਨਾਂ ਬੱਚਿਆਂ ਦੀਆਂ ਲਾਸ਼ਾਂ ਘਰ ਨਹੀਂ ਸੀ ਆ ਰਹੀਆਂ। ਸਕੂਲਾਂ ਤੋਂ ਭੱਜਣ ’ਚ ਕਾਮਯਾਬ ਹੋ ਜਾਣ ਵਾਲ਼ੇ, ਸਭ ਕੁੱਝ ਝੱਲਕੇ ਬਚ ਨਿੱਕਲਣ ਵਾਲ਼ੇ ਕੁੱਝ ਬੱਚਿਆਂ (ਜੋ ਹੁਣ ਵੱਡੀਆਂ ਉਮਰਾਂ ਦੇ ਹਨ) ਨੇ ਦੱਸਿਆ ਕਿ ਸਕੂਲ ਵਿੱਚ ਸਾਡੇ ’ਤੇ ਅੰਨ੍ਹਾ ਤਸ਼ੱਦਦ ਕੀਤਾ ਜਾਂਦਾ ਸੀ, ਏਥੋਂ ਤੱਕ ਕਿ ਸਜ਼ਾ ਦੇ ਨਾਂ ਉੱਤੇ ਕਤਲ ਤੱਕ ਕਰ ਦਿੱਤਾ ਜਾਂਦਾ ਸੀ। 1870 ਤੋਂ 1996 ਤੱਕ ਲਗਭਗ ਡੇਢ ਲੱਖ ਮੂਲਨਿਵਾਸੀ ਬੱਚੇ ਇਹਨਾਂ ਸਕੂਲਾਂ ਵਿੱਚ ਦਾਖਲ ਸਨ। ਬਸਤੀਵਾਦੀਆਂ ਨੇ 1894 ਤੋਂ ਮਗਰੋਂ ਮੂਲਨਿਵਾਸੀ ਬੱਚਿਆਂ ਲਈ ਇਹਨਾਂ ਸਕੂਲਾਂ ਵਿੱਚ ਦਾਖਲ ਹੋਣਾ ਲਾਜਮੀ ਕਰਾਰ ਦੇ ਦਿੱਤਾ ਗਿਆ ਸੀ।

ਇਹਨਾਂ ਸਕੂਲਾਂ ਦਾ ਮਕਸਦ ਬੱਚਿਆਂ ਨੂੰ ਸਿੱਖਿਅਤ ਕਰਨਾ ਨਹੀਂ ਸਗੋਂ ਉਹਨਾਂ ਨੂੰ ਉਹਨਾਂ ਦੇ ਭਾਈਚਾਰੇ, ਸੱਭਿਆਚਾਰ ਦੀਆਂ ਤੰਦਾਂ, ਆਲ਼ੇ- ਦੁਆਲ਼ੇ ਅਤੇ ਉਹਨਾਂ ਦੇ ਮਾਪਿਆਂ ਨਾਲ਼ੋਂ ਤੋੜਨਾ ਸੀ। 1883 ਵਿੱਚ ਕਨੇਡਾ ਦੇ ਪਹਿਲੇ ਪ੍ਰਧਾਨ ਮੰਤਰੀ ਜੌਹਨ ਏ. ਮੈਕਡੋਨਾਲ਼ਡ ਨੇ ਇਸ ਨੀਤੀ ਸਬੰਧੀ ਆਵਦੇ ਕੋਝੇ ਮਨਸ਼ੇ ਜੱਗਜਾਹਰ ਕਰਦਿਆਂ ਕਿਹਾ ਸੀ ਬੱਚਿਆਂ ਨੂੰ ਉਹਨਾਂ ਦੇ ਜੰਗਲੀ ਪਰਿਵਾਰਕ ਮਹੌਲ ਤੋਂ ਪਾਸੇ ਕੀਤਾ ਜਾਵੇ ਤੇ ਅਖੌਤੀ ਆਧੁਨਿਕ ਮਨੁੱਖ ਬਣਨ ਦੀ ਸਿੱਖਿਆ ਦਿੱਤੀ ਜਾਵੇ। ਮਾਪਿਆਂ ਨਾਲ਼ੋਂ ਤੋੜਨ ਦਾ ਇਹਨਾਂ ਦਾ ਇੱਕ ਮਕਸਦ ਉਸਨੂੰ ਕਾਮਾ ਬਣਾਕੇ ਪੜਾਈ ਦੇ ਵੇਲ਼ੇ ਉਹਦੀ ਅੰਨ੍ਹੀ ਲੁੱਟ ਨੂੰ ਅੰਜਾਮ ਦੇਣਾ ਸੀ। ਕੁੱਝ ਬਚ ਨਿੱਕਲਣ ਵਾਲ਼ੇ ਵਿਦਿਆਰਥੀਆਂ ਨੇ ਦੱਸਿਆ ਕਿ ਸਕੂਲ ਵਿਚਲੇ ਬੱਚਿਆਂ ਨੂੰ ਧੱਕੇ ਨਾਲ਼ ਖੇਤੀ ਅਤੇ ਭਾਰੀ ਸਨਅਤ ਦੇ ਜਾਨਦਾਰ ਕੰਮਾਂ ਵਿੱਚ ਜਬਰੀ ਹੱਥੀਂ ਕੰਮ ਕਰਨ ਲਈ ਝੋਂਕਿਆ ਜਾਂਦਾ। ਸਿਖਲਾਈ ਦੇ ਨਾਂ ਉੱਤੇ ਛੋਟੇ ਛੋਟੇ ਬਾਲ ਬਸਤੀਵਾਦੀਆਂ ਦੇ ਮੁਨਾਫੇ ਦੀ ਅੰਨ੍ਹੀ ਹਵਸ ਦੇ ਸ਼ਿਕਾਰ ਹੋਏ। ਇਸ ਮਗਰੋਂ ਬਸਤੀਵਾਦੀ ਹੁਕਮਰਾਨਾਂ ਵੱਲੋਂ ਬਣਾਇਆ ‘ਇੰਡੀਅਨ ਐਕਟ’ ਹਾਕਮਾਂ ਨੂੰ ਬੱਚਿਆਂ ਨੂੰ ਮਾਪਿਆਂ ਨਾਲ਼ੋਂ ਜਬਰੀ ਅੱਢ ਕਰਨ ਦਾ ਕਨੂੰਨੀ ਹੱਕ ਦਿੰਦਾ ਸੀ। ਇਸ ਕਾਲ਼ੇ ਕਨੂੰਨ ਜਰੀਏ ਬੱਚਿਆਂ ਨੂੰ ਮਾਪਿਆਂ ਤੋਂ ਤਾਕਤ ਦੇ ਜੋਰ ਅਗਵਾ ਕੀਤੇ ਜਾਣ ਦਾ ਵੀ ਕਾਲ਼ਾ ਇਤਿਹਾਸ ਹੈ। ਇਸ ਕੋਝੇ ਕਾਰਨਾਮੇ ਵਿੱਚ ਬਸਤੀਵਾਦੀ ਹਾਕਮਾਂ ਦੇ ਨਾਲ਼ ਨਾਲ਼ ਧਾਰਮਿਕ ਚਰਚ ਦਾ ਵੀ ਓਡਾ ਹੀ ਯੋਗਦਾਨ ਰਿਹਾ ਹੈ। ਇਹਨਾਂ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਆਵਦੇ ਸੱਭਿਆਚਾਰ ਅਤੇ ਧਰਮ ਦੀਆਂ ਰਹੁ-ਰੀਤਾਂ ਨੂੰ ਮੰਨਣ ਦੀ ਪੂਰੀ ਤਰ੍ਹਾਂ ਪਬੰਦੀ ਸੀ, ਆਵਦੀਆਂ ਭਾਸ਼ਾਵਾਂ ਬੋਲਣ ਦੀ ਮਨਾਹੀ ਸੀ। ਮੂਲਨਿਵਾਸੀ ਬੱਚਿਆਂ ਨੂੰ ਇੱਥੇ ਨਾਵਾਂ ਦੀ ਬਜਾਏ ਨੰਬਰਾਂ ਨਾਲ਼ ਸੱਦਿਆ ਜਾਂਦਾ ਸੀ। ਜਾਬਤਾ ਨਾ ਮੰਨਣ ਉੱਤੇ ਬੱਚਿਆਂ ਨੂੰ ਭਿਅੰਕਰ ਤਸੀਹੇ ਦਿੱਤੇ ਜਾਂਦੇ ਸਨ, ਕੋੜਿਆਂ ਨਾਲ਼ ਮਾਰਿਆਂ ਜਾਂਦਾ ਸੀ, ਸਿਰ ਗੰਜਾ ਕਰ ਦਿੱਤਾ ਜਾਂਦਾ ਸੀ, ਲਿੰਗਕ ਤੌਰ ’ਤੇ ਜੁਲਮ ਕੀਤਾ ਜਾਂਦਾ, ਭੋਰਿਆਂ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਅਤੇ ਰੋਟੀ ਪਾਣੀ ਬੰਦ ਕਰ ਦਿੱਤਾ ਜਾਂਦਾ ਸੀ।

ਇਹਨਾਂ ਰਿਹਾਇਸ਼ੀ ਸਕੂਲਾਂ ਵਿੱਚ ਮੂਲਨਿਵਾਸੀ ਬੱਚਿਆਂ ਨਾਲ਼ ਸਰੀਰਕ ਅਤੇ ਲਿੰਗਕ ਜੁਲਮਾਂ ਦੇ ਐਸੇ ਢੰਗ ਵਰਤੇ ਜਾਂਦੇ ਸਨ ਕਿ ਸੁਣਨ ਵਾਲ਼ੇ ਦੀ ਰੂਹ ਕੰਬ ਜਾਵੇ। ਭਾਵੇਂ ਸਕੂਲਾਂ ਵਿਚਲੇ ਇਸ ਕਾਰੇ ਤੋਂ ਹਾਕਮ ਅਤੇ ਚਰਚ ਪੂਰੀ ਤਰਾਂ ਵਾਕਫ ਸਨ, ਪਰ ਇਹਨਾਂ ਕਦੇ ਵੀ ਇਸਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਕਰਦੇ ਵੀ ਕਿਉਂ, ਕਿਉਂਕਿ ਇਹ ਉਹਨਾਂ ਦੀ ਹੀ ਨੀਤੀ ਦੀ ਅਮਲਦਾਰੀ ਹੋ ਰਹੀ ਸੀ। ਜਿਹੜੇ ਵਿਦਿਆਰਥੀ ਇਹ ਅਣਮਨੁੱਖੀ ਤਸ਼ੱਦਦ ਝੱਲ਼ਕੇ ਸਕੂਲ ਤੋਂ ਘਰਾਂ ਨੂੰ ਵਾਪਸ ਆਉਂਦੇ ਤਾਂ ਦਹਾਕਿਆਂ ਤੋਂ ਮਾਪਿਆਂ ਤੋਂ ਦੂਰ ਰਹਿਣ ਕਰਕੇ, ਸੱਭਿਆਚਾਰਕ ਤੌਰ ’ਤੇ ਨਾ ਤਾਂ ਉਹਨਾਂ ਨਾਲ਼ ਰਚਮਿਚ ਪਾਉਂਦੇ ਅਤੇ ਨਾ ਹੀ ਉਹਨਾਂ ਦੀ ਭਾਸ਼ਾ ਵਿੱਚ ਗੱਲ ਕਰ ਪਾਉਂਦੇ। ਕਨੇਡਾ ਦੀ ਧਰਤੀ ਦੇ ਬਸਤੀਵਾਦੀਆਂ ਨੇ ਸਿੱਖਿਆ ਦੀ ਇਸ ਨੀਤੀ ਰਾਹੀਂ ਮੂਲਨਿਵਾਸੀ ਵਸੋਂ ਦਾ ਸਰੀਰਕ ਦੇ ਨਾਲ਼ ਨਾਲ਼ ਸੱਭਿਆਚਾਰਕ ਤੌਰ ਉੱਤੇ ਵੀ ਖਾਤਮਾ ਕਰ ਦਿੱਤਾ। ਬਸਤੀਵਾਦੀਆਂ ਦੀ ਇਹ ਐਲਾਨੀਆ ਨੀਤੀ ਸੀ ਕਿ ‘ਮੂਲਨਿਵਾਸੀ (ਇੰਡੀਅਨ) ਨੂੰ ਉਹਦੇ ਬਚਪਨ ਵਿੱਚ ਹੀ ਮਾਰ ਦਿਉ, ਤਾਂ ਕਿ ਅੱਗੇ ਚੱਲਕੇ ਸਾਡੇ ਲਈ ਸਮੱਸਿਆ ਦਾ ਸਬੱਬ ਨਾ ਬਣੇ।’ ਅੱਜ ਭਾਵੇਂ ਕਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਤਿਹਾਸ ਦੇ ਇਹਨਾਂ ਕਾਲ਼ੇ ਕਾਰਨਾਮੇ ਉੱਤੇ ਹੰਝੂ ਡੋਲ ਰਿਹਾ ਹੈ। ਪਰ ਸੱਚ ਇਹ ਹੈ ਕਿ ਹਾਲੇ ਵੀ ਇਹਨਾਂ ਰਿਹਾਇਸ਼ੀ ਸਕੂਲਾਂ ਦੇ ਪੀੜਿਤ 80,000 ਵਿਦਿਆਰਥੀ, ਜੋ ਅੱਜ ਵੀ ਜਿਉਂਦੇ ਹਨ, ਨਾਲ਼ ਹੋਏ ਜੁਲਮ ਦਾ ਕੋਈ ਇਨਸਾਫ ਨਹੀਂ ਮਿਲ਼ਿਆ। ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਬਸਤੀਵਾਦ ਦੇ ਜੁਲਮਾਂ ਨੂੰ ਸਭ ਦੇ ਸਾਹਮਣੇ ਲੈ ਆਂਦਾ ਹੈ ਅਤੇ ਇਹ ਘਟਨਾ ਵਿਕਾਸ ਅਤੇ ਤਰੱਕੀ ਦੀਆਂ ਸਿਖਰਾਂ ਉੱਤੇ ਬੈਠੇ ਕਨੇਡਾ-ਅਮਰੀਕਾ ਵਰਗੇ ਅਖੌਤੀ ਸੱਭਿਅਕ ਮੁਲਖਾਂ ਦੇ ਅਲੰਬੜਦਾਰ ਅਖਵਾਉਂਦੇ ਹਾਕਮਾਂ ਦਾ ਮੂੰਹ ਚਿੜਾ ਰਹੀ ਹੈ। ਭਾਵੇਂ ਕਿ ਪੂਰੀ ਦੁਨੀਆਂ ’ਚੋਂ ਮੁੱਖ ਤੌਰ ਉੱਤੇ ਬਸਤੀਵਾਦ ਦਾ ਕਿਰਤੀ ਲੋਕਾਂ ਨੇ ਭੋਗ ਪਾ ਦਿੱਤਾ ਹੈ। ਪਰ ਮਨੁੱਖਤਾ ਵਿਰੁੱਧ ਅਜਿਹੇ ਘਿਨਾਉਣੇ ਜੁਲਮ ਢਾਹੁਣ ਵਾਲ਼ੀਆਂ ਤਾਕਤਾਂ ਅੱਜ ਵੀ ਸਰਮਾਏਦਾਰਾ-ਸਾਮਰਾਜੀ ਪ੍ਰਬੰਧ ਦੇ ਰੂਪ ਵਿੱਚ ਮੌਜੂਦ ਹਨ। ਜਿੰਨਾਂ ਚਿਰ ਇਹਨਾਂ ਦਾ ਫਸਤਾ ਨਹੀਂ ਵੱਢਿਆ ਜਾਂਦਾ ਓਨਾ ਚਿਰ ਅਜਿਹੀਆਂ ਘਟਨਾਵਾਂ ਓਪਰੀਆਂ ਨਹੀਂ ਕਹੀਆਂ ਜਾ ਸਕਦੀਆਂ।
•ਛਿੰਦਰਪਾਲ                    (ਧੰਨਵਾਦ ਸਹਿਤ ਲਲਕਾਰ ਮੈਗਜ਼ੀਨ)

Bulandh-Awaaz

Website:

Exit mobile version