ਅੰਮ੍ਰਿਤਸਰ, 28 ਨਵੰਬਰ (ਸਿਮਰਪ੍ਰੀਤ ਸਿੰਘ) – ਭਾਰਤ ਸਰਕਾਰ ਵੱਲੋਂ 3 ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੇ ਜਿਥੇ ਕਿਸਾਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਨੇ ਵੀ ਆਪਣੀ ਖੁਸ਼ੀ ਜਤਾਈ। ਪ੍ਰੀਤ ਹਰਪਾਲ ਨੇ ਗੱਲ ਕਰਦੇ ਹੋਏ ਦੱਸਿਆ ਕਿ ਜਦੋ ਦਾ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ ਸਾਡੇ ਸਾਰੇ ਹੀ ਕਲਾਕਾਰਾਂ ਵੱਲੋਂ ਕਿਸਾਨਾਂ ਦੇ ਨਾਲ ਹਰ ਪੱਖੋਂ ਉਹਨਾਂ ਦੇ ਨਾਲ ਖੜੇ ਹੋਣ ਦਾ ਸੰਕਲਪ ਲਿਆ ਹੋਇਆ ਹੈ ਜਦੋ ਮੈਂ ਸੁਣਿਆ ਕੇ 3 ਕਾਲੇ ਕਨੂੰਨ ਭਾਰਤ ਸਰਕਾਰ ਵੱਲੋਂ ਰੱਦ ਕੀਤੇ ਜਾ ਰਹੇ ਨੇ ਤੇ ਇਸ ਅੰਦੋਲਨ ਨੂੰ ਤਕਰੀਬਨ 1 ਸਾਲ ਹੋ ਚੁੱਕਾ ਹੈ। ਜਿਥੇ ਕਿਸਾਨਾਂ ਦੀ ਜਿੱਤ ਹੋਈ ਹੈ ਉਥੇ ਭਾਰਤ ਦੇ ਹਰ ਆਮ ਆਦਮੀ ਦੀ ਵੀ ਜਿੱਤ ਹੋਈ ਹੈ ਤੇ ਮੈਂ ਪ੍ਰਣ ਕੀਤਾ ਸੀ ਕਿ ਜਦੋ ਵੀ ਇਹ ਕਾਲੇ ਕਨੂੰਨ ਰੱਦ ਹੋਣਗੇ ਤਾਂ ਮੈਂ ਆਪਣੇ ਘਰ ਜਲੰਧਰ ਤੋਂ ਅੰਮ੍ਰਿਤਸਰ ਸ਼੍ਰੀ ਹਰਿਮੰਦਰ ਸਾਹਿਬ ਪੈਦਲ ਯਾਤਰਾ ਕਰਕੇ ਉਸ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਾਂਗਾ ਤੇ ਅੱਜ ਮੈਂ ਸ਼੍ਰੀ ਹਰਿਮੰਦਰ ਸਾਹਿਬ ਚ ਆ ਕੇ ਮੱਥਾ ਟੇਕਿਆ ਹੈ ਤੇ ਸਰਬਤ ਦੇ ਭਲੇ ਦੇ ਲਈ ਅਰਦਾਸ ਕੀਤੀ ਹੈ। ਪ੍ਰੀਤ ਹਰਪਾਲ ਨੇ ਖੁਸ਼ੀ ਜਾਹਿਰ ਕਰਦੇ ਹੋਏ ਦੱਸਿਆ ਕਿ ਇਸ ਪੈਦਲ ਯਾਤਰਾ ਦੇ ਵਿੱਚ ਮੇਰੇ ਪੁੱਤਰ ਨੇ ਵੀ ਮੇਰਾ ਸਾਥ ਦਿੱਤਾ ਹੈ ਜਿਸ ਨਾਲ ਮੈਨੂੰ ਬਹੁਤ ਖੁਸ਼ੀ ਹੋਈ ਹੈ ਇਸ ਤੋਂ ਇੱਕ ਬਾਪ ਵਾਸਤੇ ਖੁਸ਼ੀ ਹੋਰ ਕੀ ਹੋ ਸਕਦੀ ਹੈ।