ਪਣਜੀ, 21 ਸਤੰਬਰ (ਬੁਲੰਦ ਆਵਾਜ ਬਿਊਰੋ) – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਆਗਾਮੀ ਗੋਆ ਵਿਧਾਨ ਸਭਾ ਚੋਣਾਂ ‘ਚ ਜਿੱਤ ਕੇ ਸੱਤਾ ‘ਚ ਆਉਣ ‘ਤੇ ਉਨ੍ਹਾਂ ਦੀ ਪਾਰਟੀ ਨਿੱਜੀ ਖੇਤਰ ਸਮੇਤ 80 ਫ਼ੀਸਦੀ ਨੌਕਰੀਆਂ ਸਥਾਨਕ ਲੋਕਾਂ ਲਈ ਰਿਜ਼ਰਵਡ ਕਰੇਗੀ। ਕੇਜਰੀਵਾਲ ਨੇ ਕਿਹਾ ਕਿ ਗੋਆ ਵਿਚ ਹਰੇਕ ਪਰਿਵਾਰ ਦੇ ਘੱਟੋ-ਘੱਟ ਇਕ ਬੇਰੁਜ਼ਗਾਰ ਵਿਅਕਤੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਮਿਲਣ ਤੱਕ 3,000 ਰੁਪਏ ਮਹੀਨੇਵਾਰ ਭੱਤਾ ਮਿਲੇਗਾ। ਗੋਆ ‘ਚ ਅਜੇ ਭਾਜਪਾ ਦੀ ਸਰਕਾਰ ਹੈ, ਜਿੱਥੇ ਅਗਲੇ ਸਾਲ ਫਰਵਰੀ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਪਿਛਲੇ ਦੋ ਮਹੀਨਿਆਂ ‘ਚ ਕੇਜਰੀਵਾਲ ਦਾ ਗੋਆ ਦਾ ਇਹ ਦੂਜਾ ਦੌਰਾ ਹੈ।
ਕੇਜਰੀਵਾਲ ਜੁਲਾਈ ‘ਚ ਉਹ ਪਹਿਲੀ ਵਾਰ ਗੋਆ ਆਏ ਸਨ, ਤਾਂ ਦਿੱਲੀ ਦੇ ਮੁੱਖ ਮੰਤਰੀ ਨੇ ਉਨ੍ਹਾਂ ਦੀ ਪਾਰਟੀ ਦੇ ਸੱਤਾ ‘ਚ ਆਉਣ ‘ਤੇ ਗੋਆ ਵਿਚ ਲੋਕਾਂ ਨੂੰ ਪ੍ਰਤੀ ਮਹੀਨੇ 300 ਯੂਨਿਟ ਤਕ ਮੁਫ਼ਤ ਬਿਜਲੀ ਦੇਣ ਦਾ ਭਰੋਸਾ ਦਿੱਤਾ ਸੀ। ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਅਸੀਂ ਅਜਿਹਾ ਕਾਨੂੰਨ ਪਾਸ ਕਰਾਂਗੇ, ਜਿਸ ਤਹਿਤ ਨਿੱਜੀ ਉਦਯੋਗਾਂ ਲਈ 80 ਫ਼ੀਸਦੀ ਰੁਜ਼ਗਾਰ ਸਥਾਨਕ ਲੋਕਾਂ ਨੂੰ ਦੇਣਾ ਜ਼ਰੂਰੀ ਹੋਵੇਗਾ। ਕੇਜਰੀਵਾਲ ਨੇ ਇਕ ਹੋਰ ਵਾਅਦਾ ਕਰਦੇ ਹੋਏ ਕਿਹਾ ਕਿ ਦਿੱਲੀ ਦੀ ਤਰਜ਼ ‘ਤੇ ਗੋਆ ਵਿਚ ‘ਸਕਿਲ ਯੂਨੀਵਰਸਿਟੀ’ ਦੀ ਸਥਾਪਨਾ ਕੀਤੀ ਜਾਵੇਗੀ, ਇੱਥੇ ਨੌਜਵਾਨਾਂ ਨੂੰ ਹੁਨਰਮੰਦ ਬਣਾਇਆ ਜਾਵੇਗਾ ਅਤੇ ਨੌਕਰੀ ਲਈ ਤਿਆਰ ਕੀਤਾ ਜਾਵੇਗਾ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੂੰ 2017 ਦੀ ਗੋਆ ਵਿਧਾਨ ਸਭਾ ਚੋਣਾਂ ‘ਚ ਇਕ ਵੀ ਸੀਟ ਨਹੀਂ ਮਿਲੀ ਸੀ। 40 ਮੈਂਬਰੀ ਵਿਧਾਨ ਸਭਾ ਵਿਚ ਕਾਂਗਰਸ ਨੂੰ ਸਭ ਤੋਂ ਵੱਧ 17 ਜਦਕਿ ਭਾਜਪਾ ਨੂੰ 13 ਸੀਟਾਂ ਮਿਲੀਆਂ ਸਨ। ਕਾਂਗਰਸ ਨੂੰ ਹੈਰਾਨ ਕਰਦੇ ਹੋਏ ਭਾਜਪਾ ਨੇ ਖੇਤਰੀ ਦਲਾਂ ਨਾਲ ਗਠਜੋੜ ਕਰ ਕੇ ਮਨੋਹਰ ਪਾਰਿਕਰ ਦੀ ਅਗਵਾਈ ਵਿਚ ਸੂਬੇ ‘ਚ ਸਰਕਾਰ ਬਣਾਈ ਸੀ।