ਅੰਮ੍ਰਿਤਸਰ, 19 ਅਕਤੂਬਰ (ਗਗਨ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ.-ਮਨੁੱਖੀ ਸਰੋਤ ਵਿਕਾਸ ਕੇਂਦਰ ਵੱਲੋਂ ਦੋ ਹਫਤਿਆਂ ਦੇ ਹਿਊਮੈਨੇਟੀਜ਼ ਰਿਫਰੈਸ਼ਰ ਕੋਰਸ ਦਾ ਆਰੰਭ ਆਨਲਾਈਨ ਹੋਇਆ। ਮੁੱਖ ਮਹਿਮਾਨ ਵਜੋਂ ਹਾਜ਼ਰ ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਦੀਪ ਸਿੰਘ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਮਾਜ ਵਿਚ ਵੱਖ ਵੱਖ ਵਿਭੰਨਤਾਵਾਂ ਦਾ ਸੰਤੁਲਨ ਬਣਾਉਣ ਲਈ ਅਕਾਦਮਿਕ ਮਾਹਰਾਂ ਦੀ ਖਾਸ ਭੂਮਿਕਾ ਹੁੰਦੀ ਹੈ ਅਤੇ ਉਨ੍ਹਾਂ ਨੂੰ ਨਿਭਾਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਿਖਿਆ ਹੀ ਇਕ ਚੰਗੇ ਸਮਾਜ ਦੀ ਨੀਂਹ ਨੂੰ ਮਜਬੂਤ ਕਰਦੀ ਹੈ ਅਤੇ ਇਸ ਲਈ ਸਾਨੂੰ ਅਕਾਦਮਿਕਤਾ ਉਪਰ ਬਹੁਤ ਧਿਆਨ ਨਾਲ ਅਤੇ ਸੁਚੱਜਤਾ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਤੋਂ ਪਹਿਲਾਂ ਕੇਂਦਰ ਦੇ ਡਾਇਰੈਕਟਰ ਪ੍ਰੋ. ਸੁਧਾ ਜਤਿੰਦਰ ਨੇ ਮੁੱਖ ਮਹਿਮਾਨ ਅਤੇ ਸਰੋਤਿਆਂ ਦਾ ਸਵਾਗਤ ਕਰਦਿਆਂ ਕੇਂਦਰ ਦੀਆਂ ਗਤੀਵਿਧੀਆਂ `ਤੇ ਚਾਨਣਾ ਪਾਇਆ। ਡਿਪਟੀ ਡਾਇਰੈਕਟਰ ਡਾ. ਰਾਜਵੀਰ ਕੌਰ ਨੇ ਰਿਫਰੈਸ਼ਰ ਕੋਰਸ ਦੀ ਸਕੀਮ ਅਤੇ ਫਰੇਮਵਰਕ ਬਾਰੇ ਦੱਸਿਆ। ਕੋਰਸ ਕੋਆਰਡੀਨੇਟਰ ਪ੍ਰੋ. ਰਾਜੇਸ਼ ਕੁਮਾਰ, ਮੁਖੀ ਸੋਸ਼ਲ ਸਾਇੰਸ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।