*ਖੇਤੀ ਵਣਜੁ ਨਾਵੈ ਕੀ ਓਟ ॥ ਪਾਪੁ ਪੁੰਨੁ ਬੀਜ ਕੀ ਪੋਟ *

*ਖੇਤੀ ਵਣਜੁ ਨਾਵੈ ਕੀ ਓਟ ॥ ਪਾਪੁ ਪੁੰਨੁ ਬੀਜ ਕੀ ਪੋਟ *

ਸ਼ਬਦ ਗੁਰੂ ਨਾਮ ਅੰਮ੍ਰਿਤ ਬਾਣੀ ਵਿੱਚ ਹੀ ਉਸ ਅਕਾਲ ਪੁਰਖ ਦਾ ਵਾਸ ਹੈ। ਸੱਚ ਦੀ ਕਮਾਈ ਅਤੇ ਨਾਮ ਦੀ ਵਡਿਆਈ ਉਸ ਹੀ ਇਨਸਾਨ ਦੇ ਹਿੱਸੇ ਆਉਂਦੀ ਹੈ ਜਿਸ ਨੇ ਉਸ ਅਕਾਲ ਪੁਰਖ ਦੀ ਓਟ ਲੈ ਲਈ ਹੈ । ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚਲੀ ਬਾਣੀ ਉਸ ਅਕਾਲ ਪੁਰਖ ਨਾਲ ਮਿਲਾਉਂਦੀ ਹੈ ਜੋ ਨਿਰੰਕਾਰ ਹੈ । ਇਨਸਾਨ ਇਕ ਮਿੱਟੀ ਦਾ ਪੁਤਲਾ ਹੈ , ਜਿਸ ਦਾ ਕੁਝ ਵੀ ਨਹੀਂ ਪਤਾ ਕਿ ਇਹ ਕਦੋਂ ਢਹਿ ਢੇਰੀ ਹੋ ਕੇ ਮਿੱਟੀ ਵਿੱਚ ਹੀ ਮਿਲ ਜਾਵੇਗਾ ਤੇ ਜਦੋਂ ਇਹ ਮਿੱਟੀ ਨਾਲ ਮਿੱਟੀ ਹੋ ਗਿਆ ਤਾਂ ਇਸ ਦਾ ਵਜੂਦ ਹੀ ਖ਼ਤਮ ਹੋ ਜਾਣਾ ਹੈ । ਪਰ ਅੱਜ ਜੋ ਇਨਸਾਨੀ ਹਾਲਾਤ ਦਿਨ ਪ੍ਰਤੀ ਦਿਨ ਬਦਲ ਰਹੇ ਹਨ ਉਨ੍ਹਾਂ ਨੂੰ ਵੇਖ ਕੇ ਲੱਗਦਾ ਹੈ ਕਿ ਮਨੁੱਖ ਉਸ ਅਕਾਲ ਪੁਰਖ ਤੋਂ ਬਹੁਤ ਦੂਰ ਹੋ ਰਿਹਾ ਹੈ।ਉਸ ਦੀਆਂ ਲੋੜਾਂ ਨੇ ਉਸ ਨੂੰ ਅਜਿਹੇ ਜੰਜਾਲ ਵਿਚ ਫਸਾ ਕੇ ਰੱਖ ਦਿੱਤਾ ਹੈ ਜਿੱਥੋਂ ਨਿਕਲਣਾ ਅਸੰਭਵ ਹੋ ਗਿਆ ਹੈ । ਜੇਕਰ ਅਸੀਂ ਆਪਣੇ ਆਲੇ ਦੁਆਲੇ ਵੀ ਨਜ਼ਰ ਮਾਰਦੇ ਹਾਂ , ਤਦ ਵੀ ਸਾਨੂੰ ਦੱਸ ਲੋਕਾਂ ਵਿੱਚੋਂ ਨੌੰ ਲੋਕ ਦੁਖੀ ਹੀ ਮਿਲਣਗੇ ਪਰ ਅਸੀਂ ਕਦੇ ਕਿਸੇ ਨੇ ਇਹ ਨਹੀਂ ਸੋਚਿਆ ਕੀ ਇਨ੍ਹਾਂ ਦੁੱਖਾਂ ਦਾ ਅਸਲ ਕਾਰਨ ਕੀ ਹੈ ? ਜਦੋਂ ਵੀ ਮਨੁੱਖ ਸੱਚ ਤੋਂ ਦੂਰ ਜਾਂਦਾ ਹੈ ਅਤੇ ਉਹ ਸੁਪਨਿਆਂ ਵਾਲੀ ਜ਼ਿੰਦਗੀ ਬਤੀਤ ਕਰਦਾ ਹੈ ਉਦੋਂ ਹੀ ਮਨੁੱਖ ਦੁਖੀ ਹੁੰਦਾ ਹੈ । ਸਾਡੇ ਅੱਜ ਦੇ ਕੀਤੇ ਹੋਏ ਕਰਮ ਸਾਡਾ ਭਵਿੱਖ ਤੈਅ ਕਰਦੇ ਹਨ। ਭਵਿੱਖ ਨੂੰ ਬਣਾਉਣ ਲਈ ਹੀ ਮਨੁੱਖ ਦਿਨ ਰਾਤ ਮਿਹਨਤ ਮਜ਼ਦੂਰੀ ਕਰਦਾ ਹੈ ਤਾਂ ਜੋ ਉਸ ਦਾ ਆਉਣ ਵਾਲਾ ਕੱਲ੍ਹ ਸਕੂਨ ਭਰਿਆ ਬਤੀਤ ਹੋਵੇ।

ਅੱਜ ਦੇ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਵੱਧ ਸਮਾਂ ਸੋਸ਼ਲ ਮੀਡੀਆ ਉੱਤੇ ਬਤੀਤ ਹੁੰਦਾ । ਸੋਸ਼ਲ ਮੀਡੀਆ ਨੇ ਮਨੁੱਖ ਦੀ ਜ਼ਿੰਦਗੀ ਨੂੰ ਇੱਕ ਅਜਿਹੇ ਪਿੰਜਰੇ ਵਿਚ ਕੈਦ ਕਰਕੇ ਰੱਖ ਦਿੱਤਾ ਹੈ ਕੀ ਉਹ ਇਸ ਵਿਚੋਂ ਛੇਤੀ ਆਜ਼ਾਦ ਨਹੀਂ ਹੁੰਦਾ । ਅਸੀਂ ਦੇਖੋ ਦੇਖੀ ਇਕ ਦੂਸਰੇ ਨੂੰ ਪਿੱਛੇ ਖਿੱਚਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ, ਇਹ ਕੋਸ਼ਿਸ਼ ਹੀ ਸਾਡੀ ਸਾਡੇ ਕਰਮਾਂ ਨੂੰ ਤੈਅ ਕਰਦੀ ਹੈ ਤੇ ਭਵਿੱਖ ਨੂੰ ਚੰਗਾ ਜਾਂ ਮਾੜਾ ਬਣਾਉਂਦੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਬਾਣੀ ਇਨਸਾਨ ਦੇ ਸੁੱਖਾਂ ਦੀ ਉਹ ਕੁੰਜੀ ਹੈ ਜਿਸ ਨੂੰ ਕਿਸੇ ਧਨ ਦੌਲਤ ਨਾਲ ਨਹੀਂ ਖਰੀਦਿਆ ਜਾਂਦਾ । ਧਨ ਨਾਲ ਖਰੀਦੀਆਂ ਵਸਤਾਂ ਹਮੇਸ਼ਾ ਹੀ ਮਨੁੱਖ ਨੂੰ ਦੁੱਖਾਂ ਵਿੱਚ ਪਾਉਂਦੀਆਂ ਹਨ ਪਰ ਗੁਰਬਾਣੀ ਨਾਲ ਕੀਤਾ ਪਿਆਰ ਜ਼ਿੰਦਗੀ ਨੂੰ ਉਸ ਅਕਾਲ ਪੁਰਖ ਨਾਲ ਮਿਲਾ ਦਿੰਦਾ ਹੈ । ਅੱਜ ਦੇ ਸਮੇਂ ਵਿੱਚ ਜੇਕਰ ਝਾਤ ਮਾਰੀ ਜਾਵੇ ਤਾਂ ਇੰਜ ਲੱਗਦਾ ਹੈ ਕਿ ਇਹ ਸਾਰਾ ਸੰਸਾਰ ਹੀ ਇੱਕ ਸੁਪਨਿਆਂ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ । ਕਿਸੇ ਇੱਕ ਨੂੰ ਵੀ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਕਿਸੇ ਦੇ ਨਾਲ ਚੰਗਾ ਹੋਵੇ ਜਾਂ ਮਾੜਾ ਹੋਵੇ ਕਿਸੇ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੈ । ਸਾਡੇ ਸਮਾਜ ਦੀ ਸੋਚ ਏਨੀ ਜ਼ਿਆਦਾ ਗੰਧਲੀ ਹੋ ਗਈ ਹੈ ਕਿ ਉਹ ਖ਼ੂਨੀ ਰਿਸ਼ਤਿਆਂ ਦਾ ਘਾਣ ਕਰ ਕੇ ਵੀ ਖੁਸ਼ੀ ਨਾਲ ਜੀ ਰਿਹਾ ਹੈ ।ਅਜਿਹੀ ਸੋਚ ਦੇ ਮਾਲਕ ਕੁਝ ਸਮੇਂ ਤਕ ਸਕੂਨ ਭਰੀ ਜ਼ਿੰਦਗੀ ਬਤੀਤ ਕਰ ਸਕਦੇ ਹਨ ਪਰ ਉਨ੍ਹਾਂ ਦਾ ਆਉਣ ਵਾਲਾ ਕੱਲ੍ਹ ਅੱਜ ਦੇ ਕੀਤੇ ਕਰਮਾਂ ਉੱਤੇ ਹੀ ਨਿਰਭਰ ਹੁੰਦਾ ਹੈ । ਇਨਸਾਨ ਦੀ ਜ਼ਿੰਦਗੀ ਨੂੰ ਦਿਖਾਵੇ ਨੇ ਬਹੁਤ ਹੀ ਜ਼ਿਆਦਾ ਪ੍ਰਭਾਵਤ ਕੀਤਾ ਹੈ । ਇਸ ਲੋਕ ਦਿਖਾਵੇ ਵਿੱਚ ਹੀ ਅੱਧ ਤੋਂ ਵੱਧ ਜ਼ਿੰਦਗੀਆਂ ਮੌਤ ਨੂੰ ਪਿਆਰੀਆਂ ਹੋ ਗਈਆਂ ਹਨ

ਸਰਬਜੀਤ ਕੌਰ *ਸਰਬ*    (ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼)

Bulandh-Awaaz

Website: