ਕੈਪਟਨ ਨੇ ਕੇਜਰੀਵਾਲ ਨੂੰ ਸਿੱਧਾ ਲਲਕਾਰਿਆ

ਕੈਪਟਨ ਨੇ ਕੇਜਰੀਵਾਲ ਨੂੰ ਸਿੱਧਾ ਲਲਕਾਰਿਆ

ਚੰਡੀਗੜ੍ਹ 4 ਸਤੰਬਰ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਕੋਵਿਡ ਪ੍ਰਬੰਧਾਂ ਦੇ ਮਾਮਲੇ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਿੱਧਾ ਪੇਚਾ ਪਾ ਲਿਆ ਹੈ। ਮੁੱਖ ਮੰਤਰੀ ਨੇ ਅੱਜ ਆਖਿਆ ਕਿ ਆਮ ਆਦਮੀ ਪਾਰਟੀ ਹੁਣ ਪੰਜਾਬ ’ਚ ਆਪਣੇ ਗੁਆਚੇ ਭਰੋਸੇ ਦੀ ਬਹਾਲੀ ਲਈ ਰਾਜ ਦੇ ਸੁਰੱਖਿਆ ਤੇ ਭਲਾਈ ਦੇ ਏਜੰਡੇ ਨੂੰ ਲੀਹੋਂ ਲਾਹੁਣਾ ਚਾਹੁੰਦੀ ਹੈ। ਅਮਰਿੰਦਰ ਨੇ ਦਿੱਲੀ ’ਚ ਕੋਵਿਡ ਪ੍ਰਬੰਧਾਂ ’ਤੇ ਉਂਗਲ ਚੁੱਕਦਿਆ ਆਖਿਆ ਕਿ ‘ਆਪ’ ਆਗੂ ਆਪਣੇ ਸੌੜੇ ਹਿੱਤਾਂ ਖਾਤਰ ਪੰਜਾਬ ਦੀ ਸੁਰੱਖਿਆ ਦਾਅ ’ਤੇ ਲਾ ਰਹੇ ਹਨ। ਅਮਰਿੰਦਰ ਸਿੰਘ ਨੇ ਕਿਹਾ ਕਿ ‘ਆਪ’ ਇੱਕ ਪਾਸੇ ਮਿਲ ਕੇ ਕੋਵਿਡ ਖ਼ਿਲਾਫ਼ ਲੜਨ ਦੀ ਗੱਲ ਕਰਦੀ ਹੈ ਤੇ ਦੂਜੇ ਬੰਨੇ ਪਾਕਿਸਤਾਨ ਤਰਫੋਂ ਮਹਾਮਾਰੀ ਨੂੰ ਲੈ ਕੇ ਕੀਤੇ ਜਾ ਰਹੇ ਗ਼ਲਤ ਪ੍ਰਚਾਰ ਨੂੰ ਇਹ ਲੋਕ ਅੱਖੋਂ ਪਰੋਖੇ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਆਗੂ ਸਮਾਜ ਵਿਰੋਧੀ ਅਨਸਰਾਂ ਦੁਆਰਾ ਸੂਬੇ ਦੇ ਪਿੰਡਾਂ ਵਿੱਚ ਕੋਵਿਡ ਸਬੰਧੀ ਫੈਲਾਈ ਜਾ ਰਹੀ ਗ਼ਲਤ ਜਾਣਕਾਰੀ ਦੀ ਨਿੰਦਾ ਕਰਨ ਨਾਲੋਂ ਉਨ੍ਹਾਂ ਉਪਰ ਨਿੱਜੀ ਹਮਲੇ ਕਰਨ ‘ਤੇ ਵਧੇਰੇ ਕੇਂਦਰਿਤ ਜਾਪਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਾਅਲੀ ਖ਼ਬਰਾਂ ਦੀਆਂ ਵੀਡੀਓਜ਼ ਜੋ ਕੋਵਿਡ ਸਬੰਧੀ ਪੰਜਾਬ ਦੇ ਲੋਕ ਵਿਚ ਡਰ ਅਤੇ ਗ਼ਲਤ ਜਾਣਕਾਰੀ ਫੈਲਾਉਣ ਲਈ ਪਾਕਿਸਤਾਨ ਤੋਂ ਚਲਾਈਆਂ ਜਾਪਦੀਆਂ ਹਨ, ਬਾਰੇ ਆਮ ਆਦਮੀ ਪਾਰਟੀ ਵੱਲੋਂ ਇੱਕ ਸ਼ਬਦ ਵੀ ਨਹੀਂ ਕਿਹਾ ਗਿਆ।

ਉਨ੍ਹਾਂ ਪੁੱਛਿਆ ‘‘ਕੀ ਇਹ ਸਰਹੱਦ ਪਾਰੋਂ ਅਪਰੇਟ ਕਰ ਰਹੇ ਸਮਾਜ ਅਤੇ ਪੰਜਾਬ ਵਿਰੋਧੀ ਏਜੰਟਾਂ ਦੇ ਹੱਥਾਂ ਵਿੱਚ ਖੇਡਣ ਦੇ ਤੁੱਲ ਨਹੀਂ ਹੈ?’’ ਅਮਰਿੰਦਰ ਨੇ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਦੇ ‘ਆਪ’ ਵਰਕਰਾਂ ਵੱਲੋਂ ਔਕਸੀਮੀਟਰਾਂ ਨਾਲ ਪੰਜਾਬ ਦੇ ਪਿੰਡਾਂ ਵਿੱਚ ਜਾਣ ਬਾਰੇ ਐਲਾਨ ਤੋਂ ਸਾਡੇ ਰਾਜ ਦੇ ਲੋਕਾਂ ਦਾ ਸਮਰਥਨ ਲੈਣ ਲਈ ਉਨ੍ਹਾਂ ਦੀ ਨਿਰਾਸ਼ਾ ਜ਼ਾਹਿਰ ਹੋਈ ਹੈ। ਉਨ੍ਹਾਂ ਕਿਹਾ ਕਿ 10,000 ਪਲਸ ਔਕਸੀਮੀਟਰਾਂ ਦੀ ਪਹਿਲਾਂ ਹੀ ਵੰਡ ਕੀਤੀ ਗਈ ਹੈ ਅਤੇ ਹੋਰ 50,000 ਔਕਸੀਮੀਟਰਾਂ ਦੀ ਖਰੀਦ ਲਈ ਟੈਂਡਰ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਉਪਕਰਨਾਂ ਦੀ ਕੋਈ ਘਾਟ ਨਹੀਂ ਹੈ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਯਾਦ ਦਿਵਾਇਆ ਕਿ ਕੌਮੀ ਰਾਜਧਾਨੀ ਵਿੱਚ ਕੋਵਿਡ ਸੰਕਟ ਦੇ ਪ੍ਰਬੰਧਨ ਲਈ ਕਿਵੇਂ ਕੇਂਦਰੀ ਗ੍ਰਹਿ ਅਤੇ ਸਿਹਤ ਮੰਤਰੀਆਂ ਨੂੰ ਨਿੱਜੀ ਅਤੇ ਸਿੱਧੇ ਤੌਰ ’ਤੇ ਦਖ਼ਲ ਦੇਣਾ ਪਿਆ। ਅਮਰਿੰਦਰ ਸਿੰਘ ਨੇ ਕਿਹਾ ਕਿ ਕੌਮੀ ਰਾਜਧਾਨੀ ਵਿੱਚ 4500 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਜਦੋਂ ਕਿ ਪੰਜਾਬ ਵਿੱਚ ਇਹ ਗਿਣਤੀ 1690 ਹੈ। ਦਿੱਲੀ ਵਿੱਚ ਇਕ ਮਿਲੀਅਨ ਪਿੱਛੇ ਮੌਤ ਦਰ 268.6 ਹੈ ਜਦੋਂਕਿ ਪੰਜਾਬ ਵਿੱਚ 60.9 ਹੈ। ਦਿੱਲੀ ਦੀ ਬਦਤਰ ਹਾਲਤ ਦਾ ਅੰਦਾਜ਼ਾ ਅੱਗੇ ਇਸ ਸਥਿਤੀ ਤੋਂ ਲੱਗਦਾ ਹੈ ਕਿ ਕੇਸਾਂ ਦੇ ਮਾਮਲੇ ਵਿੱਚ ਦਿੱਲੀ ਦੇਸ਼ ਵਿੱਚ ਛੇਵੇਂ ਸਥਾਨ ਉਤੇ ਹੈ ਜਦੋਂ ਕਿ ਪੰਜਾਬ 17ਵੇਂ ਉੱਤੇ ਹੈ। ਦਿੱਲੀ ਵਿੱਚ ਮੌਜੂਦ 14151 ਬੈਡਾਂ ਦੇ ਮੁਕਾਬਲੇ ਪੰਜਾਬ ਵਿੱਚ ਬੈਡਾਂ ਦੀ ਗਿਣਤੀ 21431 ਹੈ। ਇਹ ਅੰਕੜੇ ਦਿੱਲੀ ਦੀ ਬਦਇੰਤਜ਼ਾਮੀ ਦੀ ਦਾਸਤਾਨ ਨੂੰ ਬਿਆਨ ਕਰਦੇ ਹਨ ਜਿੱਥੇ ਪੰਜਾਬ ਦੀ 3.2 ਕਰੋੜ ਵਸੋਂ ਦੇ ਮੁਕਾਬਲੇ 2.8 ਕਰੋੜ ਵਸੋਂ ਹੈ।

Bulandh-Awaaz

Website:

Exit mobile version