ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ, ਜਲਾਦ ਪਿਤਾ ਵੱਲੋਂ 14 ਮਹੀਨੇ ਦੀ ਮਾਸੂਮ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ

ਸ੍ਰੀ ਚਮਕੌਰ ਸਾਹਿਬ 29 ਜੁਲਾਈ (ਹਰਦਿਆਲ ਸਿੰਘ ਸੰਧੂ) – ਸ੍ਰੀ ਚਮਕੌਰ ਸਾਹਿਬ ਦੇ ਨਜਦੀਕ ਪੈਂਦੇ ਪਿੰਡ ਭਲਿਆਣ ਵਿੱਚ ਇੱਕ ਜਾਲਮ ਅਤੇ ਦਰਿੰਦੇ ਪਿਤਾ ਸਿਕੰਦਰ ਸਿੰਘ ਵੱਲੋਂ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਆਪਣੀ ਹੀ 14 ਮਹੀਨਿਆਂ ਦੀ ਮਾਸੂਮ ਧੀ ਅਵਨੀਤ ਕੌਰ ਦਾ ਬੜੀ ਬੇਰਹਿਮੀ ਨਾਲ ਕੁੱਟ ਕੁੱਟ ਕੇ ਉਸ ਦੀ ਮਾਂ ਸੀਮਾ ਸਾਹਮਣੇ ਕਤਲ ਕਰ ਦਿੱਤਾ| ਉਸ ਮਾਸੂਮ ਦਾ ਕਸੂਰ ਬਸ ਇਹੀ ਸੀ ਕਿ ਉਹ ਇੱਕ ਲੜਕੀ ਸੀ। ਜਾਣਕਾਰੀ ਮੁਤਾਬਿਕ ਪਰਿਵਾਰ ਵਿੱਚ ਤਿੰਨ ਲੜਕੀਆਂ ਹਨ। ਉਕਤ ਬੱਚੀ ਇਕ ਸਾਲ ਪਹਿਲਾਂ ਜੁੜਵਾਂ ਪੈਦਾ ਹੋਈਆਂ ਸਨ। ਇਸ ਕਰਮਾ ਮਾਰੀ ਧੀ ਨੇ ਉਸ ਪਿਤਾ ਦੇ ਘਰ ਜਨਮ ਲਿਆ ਜਿਸ ਜਲਾਦ ਪਿਓ ਨੂੰ ਪੁੱਤਰ ਦੀ ਲਾਲਸਾ ਨੇ ਅੰਨਾ ਕਰ ਦਿੱਤਾ ਸੀ। ਬਾਪ ਦੀ ਲੜਕੇ ਦੀ ਚਾਹਤ ਪੁਰੀ ਨਾ ਹੋਣ ਕਾਰਨ ਇਸ ਦਰਿੰਦਗੀ ਭਰੇ ਕਾਰੇ ਨੂੰ ਅੰਜਾਮ ਦਿੱਤਾ ਗਿਆ ਅਤੇ ਬੱਚੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮਾਂ ਵੱਲੋਂ ਫੁੱਲਾਂ ਤੋਂ ਵੀ ਨਾਜ਼ੁਕ ਬਾਲੜੀ ਨੂੰ ਸਿਵਲ ਹਸਪਤਾਲ ਰੋਪੜ ਦਾਖਲ ਕਰਵਾਇਆ ਗਿਆ। ਬੇਬਸ ਮਾਂ ਨੇ ਆਪਣੀ ਬੱਚੀ ਨੂੰ ਬਚਾਉਣ ਦੀਆਂ ਲੱਖ ਕੋਸ਼ਿਸ਼ਾਂ ਕੀਤੀਆਂ ਪਰ ਬੱਚੀ ਜਲਾਦ ਬਾਪ ਦੀ ਦਰਿੰਦਗੀ ਦਾ ਸ਼ਿਕਾਰ ਹੋਕੇ ਸਦਾ ਦੀ ਨੀਂਦ ਸੌਂ ਗਈ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਮੁਲਜਮ ਨੂੰ ਗਿਰਫਤਾਰ ਕਰ ਲਿਆ ਹੈ।