ਅਜਨਾਲਾ ਹਲਕੇ ਦੇ ਹਰੇਕ ਪਿੰਡ ਵਿੱਚ ਲੋੜ ਅਨੁਸਾਰ ਕੰਮ ਹੋਣਗੇ
ਅੰਮ੍ਰਿਤਸਰ, 20 ਸਤੰਬਰ (ਬੁਲੰਦ ਆਵਾਜ਼):-ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਹਿੰਦ ਪਾਕ ਸਰਹੱਦੀ ਖੇਤਰ ਵਿੱਚ ਵੱਸਦੇ ਪਿੰਡਾਂ ਨੂੰ ਵਿਕਾਸ ਪੱਖੋਂ ਸਮੇਂ ਅਨੁਸਾਰ ਬਣਦੀਆਂ ਸਹੂਲਤਾਂ ਦੇਣ ਦਾ ਜੋ ਬੀੜਾ ਚੁੱਕਿਆ ਹੈ ਉਸ ਤਹਿਤ ਅੱਜ ਉਹਨਾਂ ਨੇ ਇਹਨਾਂ ਅੱਠ ਪਿੰਡਾਂ ਦੇ ਵਿੱਚ ਇੱਕ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਨਾਲ ਸ਼ੁਰੂ ਹੋਣ ਵਾਲੇ ਕੰਮਾਂ ਦੇ ਉਦਘਾਟਨ ਕੀਤੇ । ਇਹਨਾਂ ਪਿੰਡਾਂ ਵਿੱਚ ਫੱਤੇਵਾਲ, ਗ੍ਰੰਥਗੜ੍ਹ, ਖਾਨਵਾਲ, ਛੰਨਾ ਸਾਰੰਗਦੇਵ, ਆਬਾਦੀ ਬਾਬਾ ਗਮ ਚੱਕ, ਆਬਾਦੀ ਸੋਹਣ ਸਿੰਘ, ਡੱਲਾ ਰਾਜਪੂਤਾਂ ਭੂਤਨਪੁਰਾ, ਨਵਾਂ ਡੱਲਾ ਰਾਜਪੂਤਾ ਸ਼ਾਮਿਲ ਹਨ। ਸਰਹੱਦ ਉੱਤੇ ਸਥਿਤ ਪਿੰਡ ਬੱਲੜਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਰਾਵੀ ਦਰਿਆ ਦੇ ਕੰਢੇ ਵੱਸਦੇ ਇਹਨਾਂ ਪਿੰਡਾਂ ਵੱਲ ਪਿਛਲੀਆਂ ਸਰਕਾਰਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਜਿਸ ਕਾਰਨ ਇਹਨਾਂ ਪਿੰਡਾਂ ਦੇ ਜੀਵਨ ਪੱਧਰ ਬਹੁਤ ਪਿੱਛੇ ਰਹਿ ਗਿਆ ਹੈ। ਉਹਨਾਂ ਕਿਹਾ ਕਿ ਹੁਣ ਇਹਨਾਂ ਪਿੰਡਾਂ ਵਿੱਚ ਗਲੀਆਂ, ਨਾਲੀਆਂ, ਸਟੇਡੀਅਮ ਪਾਰਕ, ਛੱਪੜਾਂ ਦੀ ਸਾਫ ਸਫਾਈ ਆਦਿ ਸਾਰੇ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ ਅਤੇ ਅੱਜ ਇਹਨਾਂ ਅੱਠ ਪਿੰਡਾਂ ਵਿੱਚ ਕੰਮ ਸ਼ੁਰੂ ਕਰਵਾਏ ਹਨ ਅਤੇ ਆਉਂਦੇ ਦਿਨਾਂ ਵਿੱਚ ਬਾਕੀ ਰਹਿੰਦੇ ਪਿੰਡਾਂ ਦੇ ਕੰਮ ਵੀ ਸ਼ੁਰੂ ਹੋਣਗੇ। ਉਹਨਾਂ ਦੱਸਿਆ ਕਿ ਇਸ ਇਲਾਕੇ ਵਿੱਚ ਇੱਕ ਵੱਡਾ ਸਟੇਡੀਅਮ ਵੀ ਬਣਾਇਆ ਜਾਵੇਗਾ ਜਿੱਥੇ ਕਿ ਬੱਚੇ ਖੇਡ ਸਕਣਗੇ । ਉਹਨਾਂ ਦੱਸਿਆ ਕਿ ਧੁੱਸੀਂ ਬੰਨ ਜਿਸ ਉੱਤੇ ਤਕਰੀਬਨ 78 ਕਰੋੜ ਰੁਪਏ ਦੀ ਲਾਗਤ ਆਉਣੀ ਹੈ, ਦਾ ਕੰਮ ਵੀ ਛੇਤੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਸ ਧਾਲੀਵਾਲ ਨੇ ਕਿਹਾ ਕਿ ਇਹਨਾਂ ਪਿੰਡਾਂ ਵਿੱਚ ਘੁੰਮਦੇ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਅਸੀਂ ਸੌ ਸਾਲ ਪਿੱਛੇ ਚਲੇ ਗਏ ਹੋਈਏ ਪਰ ਹੁਣ ਇਹਨਾਂ ਪਿੰਡਾਂ ਨਾਲ ਅਜਿਹਾ ਵਿਤਕਰਾ ਨਹੀਂ ਹੋਵੇਗਾ ਅਤੇ ਇਹ ਪਿੰਡ ਵੀ ਸਮੇਂ ਦੇ ਹਾਣੀ ਬਣਨਗੇ । ਉਹਨਾਂ ਕਿਹਾ ਕਿ ਮੇਰੇ ਅਜਨਾਲਾ ਹਲਕੇ ਦੇ ਸਾਰੇ 188 ਪਿੰਡਾਂ ਵਿੱਚ ਪਿੰਡ ਵਾਸੀਆਂ ਦੀ ਮੰਗ ਅਤੇ ਲੋੜ ਅਨੁਸਾਰ ਵਿਕਾਸ ਦੇ ਕੰਮ ਕਰਵਾਏ ਜਾਣਗੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੱਕ ਕੋਈ ਵੀ ਅਜਿਹਾ ਪਿੰਡ ਨਹੀਂ ਰਵੇਗਾ ਜਿੱਥੇ ਕਿ ਸਰਕਾਰ ਨੇ ਕੰਮ ਨਾ ਕਰਵਾਏ ਹੋਣਗੇ। ਉਹਨਾਂ ਕਿਹਾ ਕਿ ਅਸੀਂ ਚੋਣਾਂ ਵਿਕਾਸ ਦੇ ਮੁੱਦੇ ਉੱਤੇ ਲੜਾਂਗੇ ਅਤੇ ਸਾਡੇ ਕੋਲ ਪਿੰਡਾਂ ਦੇ ਬਦਲੇ ਹੋਏ ਨਕਸ਼ੇ ਸਬੂਤ ਹੋਣਗੇ। ਇਸ ਮੌਕੇ ਐਸਡੀਐਮ ਸ ਅਰਵਿੰਦਰ ਪਾਲ ਸਿੰਘ , ਖੁਸ਼ਪਾਲ ਸਿੰਘ ਧਾਲੀਵਾਲ, ਬੀਡੀਪੀਓ ਅਜਨਾਲਾ ਸੁਖਜੀਤ ਸਿੰਘ ਬਾਜਵਾ, ਗੁਰਜੰਟ ਸਿੰਘ ਸੋਹੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।