ਸਿੱਖ ਕ.ਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਇਕ ਮਾਮਲੇ ਦੀ ਸੁਣਵਾਈ ਜੱਜ ਸਾਹਿਬ ਦੇ ਹਾਜਿਰ ਨਾ ਹੋਣ ਕਰਕੇ ਹੋਈ ਮੁਲਤਵੀ

ਨਵੀਂ ਦਿੱਲੀ,13 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਸਰਸਵਤੀ ਵਿਹਾਰ ਕੇਸ ਦੇ ਮੁਲਜ਼ਮ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਖ਼ਿਲਾਫ਼ ਦਰਜ ਕੇਸ ਦੀ ਸੁਣਵਾਈ ਜੱਜ ਸਾਹਿਬ ਦੇ ਅਦਾਲਤ ਅੰਦਰ ਹਾਜਿਰ ਨਾ ਹੋਣ ਕਰਕੇ ਮੁਲਤਵੀ ਕਰ ਦਿੱਤੀ ਗਈ। ਜਿਕਰਯੋਗ ਹੈ ਕਿ ਇਹ ਕੇਸ 1 ਨਵੰਬਰ 1984 ਦਾ ਹੈ, ਜਿਸ ਵਿੱਚ ਪੱਛਮੀ ਦਿੱਲੀ ਦੇ ਰਾਜ ਨਗਰ ਵਿੱਚ ਸਰਦਾਰ ਜਸਵੰਤ ਸਿੰਘ ਅਤੇ ਸਰਦਾਰ ਤਰੁਣ ਦੀਪ ਸਿੰਘ ਦਾ ਕਤਲ ਕੀਤਾ ਗਿਆ ਸੀ। ਸ਼ਾਮ ਕਰੀਬ 4.30 ਵਜੇ ਦੰਗਾਕਾਰੀਆਂ ਦੀ ਭੀੜ ਨੇ ਰਾਜ ਨਗਰ ਇਲਾਕੇ ‘ਚ ਪੀੜਤਾਂ ਦੇ ਘਰ ‘ਤੇ ਲੋਹੇ ਦੀਆਂ ਰਾਡਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਸ਼ਿਕਾਇਤਕਰਤਾਵਾਂ ਦੇ ਅਨੁਸਾਰ, ਇਸ ਭੀੜ ਦੀ ਅਗਵਾਈ ਸੱਜਣ ਕੁਮਾਰ ਕਰ ਰਹੇ ਸਨ, ਜੋ ਉਸ ਸਮੇਂ ਬਾਹਰੀ ਦਿੱਲੀ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸੰਸਦ ਸਨ, ਸ਼ਿਕਾਇਤ ਦੇ ਅਨੁਸਾਰ, ਸੱਜਣ ਕੁਮਾਰ ਨੇ ਭੀੜ ਨੂੰ ਹਮਲਾ ਕਰਨ ਲਈ ਉਕਸਾਇਆ, ਜਿਸ ਤੋਂ ਬਾਅਦ ਭੀੜ ਨੇ ਸਰਦਾਰ ਜਸਵੰਤ ਸਿੰਘ ਅਤੇ ਸਰਦਾਰ ਤਰੁਣ ਦੀ ਹੱਤਿਆ ਕਰ ਦਿੱਤੀ ਅਤੇ ਨਾਲ ਹੀ ਦੀਪ ਸਿੰਘ ਨੂੰ ਜਿਉਂਦਾ ਸਾੜ ਦਿੱਤਾ ਗਿਆ। ਭੀੜ ਨੇ ਪੀੜਤਾਂ ਦੇ ਘਰਾਂ ਵਿੱਚ ਭੰਨਤੋੜ, ਲੁੱਟਮਾਰ ਅਤੇ ਅੱਗਜ਼ਨੀ ਕੀਤੀ। ਤਤਕਾਲੀ ਰੰਗਨਾਥ ਮਿਸ਼ਰਾ ਦੀ ਅਗਵਾਈ ਵਾਲੇ ਜਾਂਚ ਕਮਿਸ਼ਨ ਅੱਗੇ ਸ਼ਿਕਾਇਤਕਰਤਾ ਵੱਲੋਂ ਦਿੱਤੇ ਹਲਫ਼ਨਾਮੇ ਦੇ ਆਧਾਰ ‘ਤੇ ਉੱਤਰੀ ਜ਼ਿਲ੍ਹੇ ਦੇ ਸਰਸਵਤੀ ਵਿਹਾਰ ਪੁਲਿਸ ਸਟੇਸ਼ਨ ‘ਚ ਐਫਆਈਆਰ ਦਰਜ ਕੀਤੀ ਗਈ ਸੀ। ਐਫਆਈਆਰ ਵਿੱਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 147, 148, 149, 395, 397, 302, 307, 436 ਅਤੇ 440 ਦੇ ਤਹਿਤ ਦੋਸ਼ ਸ਼ਾਮਲ ਹਨ। ਅਦਾਲਤ ਅੰਦਰ ਸੱਜਣ ਕੁਮਾਰ ਦੇ ਇਕ ਮਾਮਲੇ ਦੀ ਮੁੱਖ ਗਵਾਹ ਬੀਬੀ ਨਿਰਪ੍ਰੀਤ ਕੌਰ ਸਮੇਤ ਵਡੀ ਗਿਣਤੀ ਵਿਚ ਕਤਲੇਆਮ ਪੀੜਿਤ ਹਾਜਿਰ ਸਨ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 1 ਅਕਤੂਬਰ ਨੂੰ ਹੋਵੇਗੀ ।

Exit mobile version