450 ਸਾਲਾ ਸ਼ਤਾਬਦੀ ਮੌਕੇ ਦੀਵਾਨ ਦੀ ਆਰੰਭਤਾ ਤੋਂ ਪਹਿਲਾ ਗੁਰਦੁਆਰਾ ਸੰਨ ਸਾਹਿਬ ਬਾਸਰਕੇ ਵਿਖੇ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 19 ਸਤੰਬਰ (ਬੁਲੰਦ ਆਵਾਜ਼):-ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜਨਮ ਅਸਥਾਨ ਨਗਰ ਬਾਸਰਕੇ ਗਿੱਲਾਂ ਵਿਖੇ 450 ਸਾਲਾ ਸ਼ਤਾਬਦੀ ਨੂੰ ਗੁਰਦੁਆਰਾ ਸੰਨ ਸਾਹਿਬ ਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਮਨਾਉਂਦਿਆਂ ਸਲਾਨਾ ਜੋੜ ਮੇਲੇ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਵਿਦਿਆਰਥੀ ਅਤੇ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਨਰਾਇਣਗੜ੍ਹ ਦੇ ਵਿਦਿਆਰਥੀਆਂ ਨੇ ਸਾਂਝੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਅੱਗੇ ਖਾਲਸੇ ਬਾਣੇ ਵਿੱਚ ਸੱਜ ਕੇ ਅਤੇ ਪਰੇਡ ਕਰਦੇ ਹੋਏ ਗੁਰਦੁਆਰਾ ਸੰਨ ਸਾਹਿਬ ਤੋਂ ਗੁਰਦੁਆਰਾ ਸਰੋਵਰ ਦੀ ਪਰਿਕਰਮਾ ਕਰਦੇ ਹੋਏ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਜਿਸ ਵਿੱਚ ਸੈਂਕੜੇ ਸੰਗਤਾਂ ਨੇ ਸ਼ਬਦ ਗਾਇਨ ਅਤੇ ਹਰ ਜਸ ਕਰਦਿਆਂ ਸੰਗਤੀ ਰੂਪ ਵਿੱਚ ਨਾਲ ਨਾਲ ਚੱਲ ਕੇ ਸੰਨ ਸਾਹਿਬ ਤੋਂ ਗੁਰਦੁਆਰਾ ਬੀਬੀ ਅਮਰੋ ਜੀ ਤੋਂ ਫਿਰ ਵਾਪਸੀ ਹੁੰਦੇ ਹੋਏ ਗੁਰਦੁਆਰੇ ਦੇ ਦੀਵਾਨ ਹਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਭਾਇਮਾਨ ਕਰਕੇ ਮੁੱਖ ਵਾਕ ਲੈ ਕੇ ਸਮਾਗਮ ਦੀ ਆਰੰਭਤਾ ਕੀਤੀ ਗਈ। ਉਪਰੰਤ ਸੰਗਤਾਂ ਨੇ ਚਾਹ ਪਕੌੜਿਆਂ ਦਾ ਲੰਗਰ ਅਤੇ ਗੁਰੂ ਕਾ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਨੂੰ ਛਕਿਆ। ਨਗਰ ਕੀਰਤਨ ਵਿੱਚ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਰਣਜੀਤ ਸਿੰਘ ਵੱਲੋਂ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਦੇ ਆਏ ਵਿਦਿਆਰਥੀਆਂ ਨੂੰ ਪੈਨ ਗਿਫਟ ਕੀਤੇ ਅਤੇ ਸਕੂਲ ਪ੍ਰਿੰਸੀਪਲ ਮੇਜਰ ਸਿੰਘ ਡੱਲੇਕੇ ਨੂੰ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ।