ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ 4 ਪੁਲਸ ਮੁਲਾਜ਼ਮਾਂ ਨੂੰ ਕੀਤਾ ਬਰਖ਼ਾਸਤ

ਡਿਊਟੀ ਤੋਂ ਗੈਰ-ਹਾਜ਼ਰ ਰਹਿਣ ਵਾਲੇ 4 ਪੁਲਸ ਮੁਲਾਜ਼ਮਾਂ ਨੂੰ ਕੀਤਾ ਬਰਖ਼ਾਸਤ

ਜਲੰਧਰ, 21 ਜੁਲਾਈ (ਬੁਲੰਦ ਆਵਾਜ ਬਿਊਰੋ) ਡਿਊਟੀ ਤੋਂ ਲਗਾਤਾਰ ਗੈਰ-ਹਾਜ਼ਿਰ ਰਹਿਣ ਵਾਲੇ ਪੁਲਸ ਮੁਲਾਜ਼ਮਾਂ ਦੀ ਹੁਣ ਖੈਰ ਨਹੀਂ ਹੈ। ਐੱਸ. ਐੱਸ. ਪੀ. ਦਿਹਾਤੀ ਨਵੀਨ ਸਿੰਗਲਾ ਨੇ ਵੱਡਾ ਐਕਸ਼ਨ ਲੈਂਦਿਆਂ ਡਿਊਟੀ ਤੋਂ ਗੈਰ-ਹਾਜ਼ਿਰ ਰਹਿਣ ਵਾਲੇ 4 ਪੁਲਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਪੁਲਸ ਕਾਂਸਟੇਬਲ ਯਾਦਵਿੰਦਰ ਸਿੰਘ ਇਕ ਸਾਲ 16 ਦਿਨਾਂ, ਪੀ. ਪੀ. ਐੱਚ. ਸੀ. ਲਖਵਿੰਦਰ ਸਿੰਘ ਪਹਿਲਾਂ 123 ਦਿਨਾਂ ਤੇ ਹੁਣ 25 ਜੂਨ ਤੋਂ ਅਤੇ ਕਾਂਸਟੇਬਲ ਮਨਦੀਪ ਸਿੰਘ ਇਕ ਸਾਲ 2 ਮਹੀਨੇ 16 ਦਿਨਾਂ ਤੋਂ ਅਤੇ ਕਾਂਸਟੇਬਲ ਗਗਨਦੀਪ ਸਿੰਘ 10 ਮਹੀਨੇ ਅਤੇ 25 ਦਿਨਾਂ ਤੋਂ ਲਗਾਤਾਰ ਗੈਰ-ਹਾਜ਼ਰ ਹਨ।

ਉਕਤ ਕਰਮਚਾਰੀ ਬਿਨਾਂ ਦੱਸੇ ਆਪਣੀ ਡਿਊਟੀ ਤੋਂ ਗੈਰ-ਹਾਜ਼ਿਰ ਰਹੇ ਅਤੇ ਮਹਿਕਮੇ ਦੀ ਜਾਂਚ ਵਿਚ ਵੀ ਸ਼ਾਮਲ ਨਹੀਂ ਹੋਏ, ਜਿਸ ਕਾਰਨ ਇਨ੍ਹਾਂ ਵਿਰੁੱਧ ਕਾਰਵਾਈ ਕਰ ਕੇ ਇਨ੍ਹਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਾਂਸਟੇਬਲ ਯਾਦਵਿੰਦਰ ਸਿੰਘ ਜਿਹੜਾ ਬਿਨਾਂ ਛੁੱਟੀ ਲਏ ਕੈਨੇਡਾ ਚਲਾ ਗਿਆ ਸੀ ਅਤੇ ਉਥੇ ਹੀ ਰਹਿ ਰਿਹਾ ਹੈ। ਕਾਂਸਟੇਬਲ ਮਨਦੀਪ ਸਿੰਘ ਖ਼ਿਲਾਫ਼ ਮੁਕੱਦਮਾ ਨੰਬਰ 26-8-2020 ਧਾਰਾ 379, 411, 457 ਅਤੇ 380 ਥਾਣਾ ਸਿਵਲ ਲਾਈਨਜ਼ ਬਟਾਲਾ ਵਿਚ ਦਰਜ ਹੈ। ਕਾਂਸਟੇਬਲ ਗਗਨਦੀਪ ਸਿੰਘ ਖ਼ਿਲਾਫ਼ ਮੁਕੱਦਮਾ ਨੰਬਰ 146, 28-8-2020 ਧਾਰਾ 420 ਅਧੀਨ ਥਾਣਾ ਸਦਰ ਗੁਰਦਾਸਪੁਰ ਵਿਚ ਦਰਜ ਹੋਇਆ ਸੀ। ਐੱਸ. ਐੱਸ. ਪੀ. ਨਵੀਨ ਸਿੰਗਲਾ ਨੇ ਕਿਹਾ ਕਿ ਪੰਜਾਬ ਪੁਲਸ ਅਨੁਸ਼ਾਸਿਤ ਵਿਭਾਗ ਹੈ ਅਤੇ ਕੋਈ ਵੀ ਕਰਮਚਾਰੀ ਇਸ ਦੇ ਅਨੁਸ਼ਾਸਨ ਨੂੰ ਭੰਗ ਨਹੀਂ ਕਰ ਸਕਦਾ। ਜੇਕਰ ਭਵਿੱਖ ਵਿਚ ਵੀ ਕੋਈ ਪੁਲਸ ਮੁਲਾਜ਼ਮ ਲਾਪਰਵਾਹੀ ਵਰਤਦਾ ਹੈ ਤਾਂ ਉਸ ਖ਼ਿਲਾਫ਼ ਵੀ ਕਾਰਵਾਈ ਹੋਵੇਗੀ।

Bulandh-Awaaz

Website: