ਚੌਧਰੀ ਸੰਤੋਖ ਸਿੰਘ ਦੇ ਘਰ ਦਾ ਭੀਮ ਆਰਮੀ ਵੱਲੋਂ ਘਿਰਾਓ

ਚੌਧਰੀ ਸੰਤੋਖ ਸਿੰਘ ਦੇ ਘਰ ਦਾ ਭੀਮ ਆਰਮੀ ਵੱਲੋਂ ਘਿਰਾਓ

ਜਲੰਧਰ, 14 ਜੁਲਾਈ (ਬੁਲੰਦ ਆਵਾਜ ਬਿਊਰੋ) – ਆਜ਼ਾਦ ਸਮਾਜ ਪਾਰਟੀ ਅਤੇ ਭੀਮ ਆਰਮੀ ਦੇ ਕਾਰਕੁਨਾਂ ਨੇ ਆਦਮਪੁਰ ਹਵਾਈ ਅੱਡੇ ਦਾ ਨਾਂ ਗੁਰੂ ਰਵਿਦਾਸ ਦੇ ਨਾਂ ’ਤੇ ਨਾ ਰੱਖੇ ਜਾਣ ਖ਼ਿਲਾਫ਼ ਐੱਮਪੀ ਚੌਧਰੀ ਸੰਤੋਖ ਸਿੰਘ ਦੇ ਘਰ ਦਾ ਘਿਰਾਓ ਕੀਤਾ। ਤੇਜ਼ ਮੀਂਹ ਵਿੱਚ ਹੀ ਪਾਰਟੀ ਦੇ ਕਾਰਕੁਨ ਪੁਲੀਸ ਵੱਲੋਂ ਲਾਏ ਗਏ ਪਹਿਲੇ ਬੈਰੀਕੇਡ ਨੂੰ ਤੋੜ ਕੇ ਅੱਗੇ ਲੰਘ ਗਏ ਤੇ ਦੂਜੇ ਬੈਰੀਕੇਡ ’ਤੇ ਪੁਲੀਸ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਰੋਕਿਆ।ਪਾਰਟੀ ਕਾਰਕੁਨ ਮੰਗ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੇ ਦਾਅਵਾ ਕੀਤਾ ਸੀ ਕਿ ਆਦਮਪੁਰ ਹਵਾਈ ਅੱਡੇ ਦਾ ਨਾਂ ਗੁਰੂ ਰਵਿਦਾਸ ਦੇ ਨਾਂ ’ਤੇ ਰੱਖਿਆ ਜਾਵੇਗਾ ਪਰ ਹੁਣ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਕਾਂਗਰਸ ਆਪਣੇ ਵਾਅਦੇ ਤੋਂ ਭੱਜ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸੀਆਂ ਨੇ ਮੰਗ ਪੱਤਰ ਦਿੱਤਾ ਸੀ, ਇਸ ਦੇ ਬਾਵਜੂਦ ਦਲਿਤ ਭਾਈਚਾਰੇ ਦੀ ਇਸ ਸੰਵੇਦਨਸ਼ੀਲ ਮੰਗ ਦੀ ਕੋਈ ਪੈਰਵਾਈ ਨਹੀਂ ਕੀਤੀ ਗਈ। ਬੁਲਾਰਿਆਂ ਨੇ ਚਿਤਾਵਨੀ ਦਿੱਤੀ ਕਿ ਜੇ ਥੋੜ੍ਹੇ ਦਿਨਾਂ ਵਿੱਚ ਹੀ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਉਹ ਕਾਂਗਰਸੀ ਆਗੂਆਂ ਦੇ ਘਰਾਂ ਦਾ ਘਿਰਾਓ ਕਰਨਗੇ। ਇਸ ਮੌਕੇ ਬਾਬਾ ਅਮਰਜੀਤ ਕੁਮਾਰ, ਕੁਲਵਿੰਦਰ ਮਾਹੀ, ਬਬਲੀ ਵਿਰਦੀ, ਵਿਨੋਦ ਬੱਸਣ, ਸੁਰੇਸ਼ ਪਾਲ, ਨਿਰਮਲ ਨਿੰਮਾ ਹਾਜ਼ਰ ਸਨ। ਉਧਰ, ਐੱਮਪੀ ਚੌਧਰੀ ਸੰਤੋਖ ਸਿੰਘ ਨੇ ਦੱਸਿਆ ਕਿ ਜਦੋਂ ਕੁਝ ਨੌਜਵਾਨ ਘਿਰਾਓ ਕਰਨ ਲਈ ਆਏ ਤਾਂ ਉਸ ਵੇਲੇ ਉਹ ਘਰ ’ਚ ਨਹੀਂ ਸਨ। ਉਨ੍ਹਾਂ ਦੱਸਿਆ ਕਿ ਉਹ ਕੇਂਦਰ ਸਰਕਾਰ ਕੋਲੋਂ ਹਵਾਈ ਅੱਡੇ ਦਾ ਨਾਂ ਗੁਰੂ ਰਵਿਦਾਸ ਦੇ ਨਾਂ ’ਤੇ ਰੱਖੇ ਜਾਣ ਲਈ ਸੰਜੀਦਗੀ ਨਾਲ ਪੈਰਵਾਈ ਕਰ ਰਹੇ ਹਨ।

Bulandh-Awaaz

Website: