ਚੰਡੀਗੜ੍ਹ, 13 ਜੁਲਾਈ (ਬੁਲੰਦ ਆਵਾਜ ਬਿਊਰੋ) – ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਕਾਰਨ ਬਣੇ ਨਵਜੋਤ ਸਿੰਘ ਸਿੰਧੂ ਨੇ ਮੰਗਲਵਾਰ ਨੂੰ ਆਮ ਆਦਮੀ ਪਾਰਟੀ ਦੀ ਸ਼ਾਨ ਵਿੱਚ ਖੂਬ ਕਸੀਦੇ ਪੜ੍ਹੇ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਵਿਜਨ ਅਤੇ ਪੰਜਾਬ ਲਈ ਕੰਮ ਨੂੰ ਆਮ ਆਦਮੀ ਪਾਰਟੀ ਨੇ ਹਮੇਸ਼ਾ ਪਹਿਚਾਣਿਆ ਹੈ। ਭਾਵੇਂ ਉਹ 2017 ਤੋਂ ਪਹਿਲਾਂ ਦੀ ਗੱਲ ਹੋਵੇ, ਨਸ਼ਿਆਂ ਤੇ ਕਿਸਾਨਾਂ ਦਾ ਮੁੱਦਾ ਹੋਵੇ, ਭ੍ਰਿਸ਼ਟਾਚਾਰ ਜਾਂ ਫਿਰ ਬਿਜਲੀ ਸੰਕਟ, ਹਰ ਇੱਕ ਮੁੱਦੇ ਨੂੰ ਆਪ ਨੇ ਪਛਾਣਿਆ ਹੈ। ਸਿੱਧੂ ਦੇ ਇਸ ਟਵੀਟ ਤੋਂ ਬਾਅਦ ਉਨ੍ਹਾਂ ਦੇ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਦੀਆਂ ਕਿਆਸਅਰਾਈਆਂ ਤੇਜ਼ ਹੋ ਗਈਆਂ ਹਨ।
ਹਾਲਾਂਕਿ ਕੁਝ ਦਿਨ ਪਹਿਲਾਂ ਹੀ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਿਆ ਸੀ। ਸਿੱਧੂ ਨੇ ਟਵੀਟ ਕੀਤਾ ਸੀ ਕਿ ਸੂਬੇ ਨੂੰ ਦਿੱਲੀ ਮਾਡਲ ਦੀ ਨਹੀਂ, ਸਗੋਂ ਪੰਜਾਬ ਮਾਡਲ ਦੀ ਲੋੜ ਹੈ। ਨੀਤੀ ’ਤੇ ਕੰਮ ਨਾ ਕਰਨ ਵਾਲੀ ਸਿਆਸਤ ਸਿਰਫ਼ ਨਕਾਰਾਤਮਕ ਪ੍ਰਚਾਰ ਹੈ ਅਤੇ ਲੋਕਪੱਖੀ ਏਜੰਡੇ ਤੋਂ ਵਾਂਝੇ ਨੇਤਾ ਸਿਰਫ਼ ਬਿਜ਼ਨਸ ਲਈ ਸਿਆਸਤ ਕਰਦੇ ਹਨ। ਇਸ ਲਈ ਵਿਕਾਸ ਬਗ਼ੈਰ ਰਾਜਨੀਤੀ ਉਨ੍ਹਾਂ ਦੇ ਲਈ ਕੋਈ ਮਾਇਨੇ ਨਹੀਂ ਰੱਖਦੀ। ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਵਿੱਚ ਦਿੱਲੀ ਮਾਡਲ ਨਹੀਂ ਚਲ ਸਕਦਾ, ਕਿਉਂਕਿ ਦਿੱਲੀ ਆਪਣੀ ਬਿਜਲੀ ਖੁਦ ਪੈਦਾ ਨਹੀਂ ਕਰਦੀ, ਉੱਥੇ ਇਸ ਦੀ ਸਪਲਾਈ ਰਿਲਾਇੰਸ ਤੇ ਟਾਟਾ ਦੇ ਹੱਥਾਂ ਵਿੱਚ ਹੈ। ਜਦਕਿ ਪੰਜਾਬ ਆਪਣੀ 25 ਫੀਸਦੀ ਬਿਜਲੀ ਖੁਦ ਪੈਦਾ ਕਰਦਾ ਹੈ ਅਤੇ ਬਿਜਲੀ ਸਪਲਾਈ ਪਾਵਰਕਾਮ ਰਾਹੀਂ ਕਰਕੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਵੀ ਦਿੰਦਾ ਹੈ।
ਸਿੱਧੂ ਨੇ ਬਾਦਲਾਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਬਾਦਲਾਂ ’ਤੇ ਦੂਰਦਰਸ਼ੀ ਨਾ ਹੋਣ ਦਾ ਦੋਸ਼ ਨਹੀਂ ਲਾ ਰਹੇ, ਕਿਉਂਕਿ ਉਹ ਜਾਣਦੇ ਹਨ ਕਿ ਦੂਰਦ੍ਰਿਸ਼ਟੀ ਤਾਂ ਉਨ੍ਹਾਂ ਕੋਲ ਹੈ ਹੀ ਨਹੀਂ। ਬਾਦਲਾਂ ਨੇ ਗ਼ਲਤ ਬਿਜਲੀ ਖਰੀਦ ਸਮਝੌਤੇ ਕਰਕੇ ਪੰਜਾਬ ਨੂੰ ਥਰਮਲ ਬਿਜਲੀ ਪਲਾਂਟਾਂ ਰਾਹੀਂ ਉਤਪਾਦਤ ਬਿਜਲੀ ਨਾਲ ਬੰਨ ਕੇ ਰੱਖ ਦਿੱਤਾ, ਜਿਸ ਦੇ ਲਈ ਪੰਜਾਬੀਆਂ ਨੂੰ ਕਈ ਦਹਾਕੇ ਵੱਡੀ ਕੀਮਤ ਅਦਾ ਕਰਨੀ ਪਏਗੀ।