’’ਅਣ ਸੁਲਝੇ ਸਵਾਲ ‘ਤੇ ਪੱਲੇ ਹੋਵੇ ਸੱਚ ਕੋਠੇ ਚੜ੍ਹ ਕੇ ਨੱਚ’’
ਅੰਮ੍ਰਿਤਸਰ, 16 ਜੂਨ (ਗਗਨ ਅਜੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਦੀ ਪਦਵੀ ਸਿੱਖ ਕੌਮ ਅੰਦਰ ਸਰਵੋਤਮ ਪਦਵੀ ਹੈ। ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਦੇ ਅਸਤੀਫ਼ੇ ਵਾਲੇ ਵਰਤਾਰੇ ਤੋਂ ਬਾਅਦ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ’ਤੇ ਜੋ ਕੁਝ ਪਰੋਸਿਆ ਜਾ ਰਿਹਾ ਹੈ, ਉਹ ਬਹੁਤ ਹੀ ਮੰਦਭਾਗਾ ਹੈ। ਮਾਮਲਾ ਕੇਵਲ ਤੇ ਕੇਵਲ ਇਕ ਵਿਅਕਤੀ ਗਿਆਨੀ ਮਾਨ ਸਿੰਘ ਦਾ ਹੀ ਨਹੀਂ, ਇਹ ਸੱਚਖੰਡ ’ਚ ਬਤੌਰ ਗ੍ਰੰਥੀ ਵਜੋਂ ਸੇਵਾ ਨਿਭਾ ਰਹੇ ਹੋਣ ਕਾਰਨ ਧਾਰਮਿਕ ਸੰਵੇਦਨਸ਼ੀਲ ਮਾਮਲਾ ਹੈ। ਪਰ ਇੱਥੇ ਸਚਾਈ ਨੂੰ ਖੰਘਾਲੇ ਬਿਨਾ ਹੀ ਇਕ ਦੂਜੀ ਧਿਰ ਸਿਰ ਭੰਡਾ ਭੰਨਣ ’ਚ ਜ਼ਿਆਦਾ ਵਿਸ਼ਵਾਸ ਕਰਦੇ ਵੇਖੇ ਗਏ ਹਨ। ਗਿਆਨੀ ਮਾਨ ਸਿੰਘ ਜੀ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਗਿਆਨੀ ਜੀ ਦੇ ਅਸਤੀਫ਼ੇ ਪਿੱਛੇ ਕੋਈ ਡੂੰਘੀ ਸਾਜ਼ਿਸ਼ ਹੈ। ਉਹ ਬੇਕਸੂਰ ਹੈ ਤੇ ਉਸ ਨਾਲ ਧੱਕਾ ਹੋਇਆ ਹੈ, ਭਾਵ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਸੇ ਦੇ ਦਬਾਅ ਅਧੀਨ ਅਜਿਹਾ ਕੀਤਾ ਹੈ। ਇੱਥੇ ਦਮਦਮੀ ਟਕਸਾਲ ਵਲ ਉਗਲਾਂ ਕਰਨ ਵਾਲਿਆਂ ਨੂੰ ਇਕ ਗਲ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਦਸਮ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਲੋਂ ਵਰੋਸਾਈ ਦਮਦਮੀ ਟਕਸਾਲ ਅਜਿਹੀਆਂ ਸਾਜ਼ਿਸ਼ਾਂ ਜਾਂ ਖੇਡਾਂ ਵਿਚ ਵਿਸ਼ਵਾਸ ਨਹੀਂ ਰੱਖਦੀ। ਲੋੜ ਪੈਣ ’ਤੇ ਕੌਮ ਲਈ ਸੀਸ ਵਾਰਨ ਦਾ ਇਸ ਦਾ ਇਤਿਹਾਸ ਰਿਹਾ ਹੈ। ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਲਈ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਦੂਜੇ ਮੁਖੀ ਬਾਬਾ ਗੁਰਬਖ਼ਸ਼ ਸਿੰਘ ਸ਼ਹੀਦ ਨੇ ਸੀਸ ਵਾਰੇ, 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਸ਼ਹਾਦਤ ਦਿੱਤੀ। ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਭਾਈ ਸੂਰਤ ਸਿੰਘ ਜੀ ਅਤੇ ਗਿਆਨੀ ਸੰਤ ਸਿੰਘ ਜੀ ਹੋਰਾਂ ਨੇ ਨਿਸ਼ਕਾਮ ਸੇਵਾ ਕੀਤੀ। ਦਮਦਮੀ ਟਕਸਾਲ ਦੇ ਸਿੰਘਾਂ ਨੇ ਹਮੇਸ਼ਾਂ ਕੌਮ ਦੀ ਆਨ-ਸ਼ਾਨ ਦੇ ਨਾਲ ਨਾਲ ਪੰਥਕ ਸ਼ਖ਼ਸੀਅਤਾਂ ਅਤੇ ਕੌਮੀ ਅਹੁਦਿਆਂ ’ਤੇ ਬਿਰਾਜਮਾਨ ਹਰੇਕ ਵਿਅਕਤੀ ਦਾ ਸਤਿਕਾਰ ਕੀਤਾ, ਭਾਵੇਂ ਕਿਸੇ ਇਕ ਨਾਲ ਕਿਸੇ ਤਰਾਂ ਵੀ ਮਾੜੀ ਮੋਟੀ ਮਤਭੇਦ ਹੀ ਕਿਉਂ ਨਾ ਰਹੀ ਹੋਵੇ। ਇਸ ਲਈ ਸਾਡੇ ਵੀਰਾਂ ਨੂੰ ਬੇਨਤੀ ਹੈ ਕਿ ਉਹ ਸੋਸ਼ਲ ਮੀਡੀਆ ’ਤੇ ਇਸ ਮਾਮਲੇ ਪ੍ਰਤੀ ਜਲਦਬਾਜ਼ੀ ਨਾਲ ਦੋਸ਼ ਦਰ ਦੋਸ਼ ’ਚ ਪੈਣ ਦੀ ਥਾਂ ਹਕੀਕਤ ਬਾਰੇ ਜ਼ਰੂਰ ਪਤਾ ਕਰਨ। ਪੂਰੇ ਵਰਤਾਰੇ ਦੀ ਸਚਾਈ ਗੁਰੂ ਸਾਹਿਬ ਦੀ ਆਗਿਆ ਨਾਲ ਇਕ ਨਾ ਇਕ ਦਿਨ ਜ਼ਰੂਰ ਸਾਹਮਣੇ ਆ ਹੀ ਜਾਣੀ ਹੈ। ਪਰ ਕੁਝ ਕੁ ਗੱਲਾਂ ਹਨ ਜੋ ਵਿਚਾਰ ਮੰਗਦੀਆਂ ਹਨ।
(1) ਜੇ ਗਿਆਨੀ ਮਾਨ ਸਿੰਘ ਜੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨਾਲ ਬੇਇਨਸਾਫ਼ੀ ਜਾਂ ਧੱਕਾ ਹੋਇਆ ਹੈ ਤਾਂ ਬੇਨਤੀ ਕਰਾਂਗਾ ਕਿ ਜਿਸ ਦੇ ਪੱਲੇ ਸੱਚ ਹੋਵੇ ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ’’ਪੱਲੇ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ’’। ਗਿਆਨੀ ਜੀ ਆਪਣੇ ਨਾਲ ਹੋਏ ਧੱਕੇ ਬਾਰੇ ਲੋਕਾਂ ਨੂੰ ਦੱਸਣ, ਉਹ ਪੰਥ ਦੀ ਕਚਹਿਰੀ ’ਚ ਜਾਂ ਮੀਡੀਆ ਸਾਹਮਣੇ ਆ ਕੇ ਅਸਲੀਅਤ ਰੱਖਣ। ਉਨ੍ਹਾਂ ਨੂੰ ਰੂਪੋਸ਼ ਹੋਣ ਜਾਂ ਫ਼ੋਨ ਆਦਿ ਬੰਦ ਕਰਦਿਆਂ ਸਮਾਜ ਨਾਲ ਸੰਪਰਕ ਤੋੜਨ ਦੀ ਲੋੜ ਨਹੀਂ। ਖ਼ਾਮੋਸ਼ੀ ਤੋੜਨ ਦੀ ਲੋੜ ਹੈ। ਬੋਲਣ ’ਤੇ ਪਰਿਵਾਰਕ ਮੈਂਬਰਾਂ ਨੂੰ ਖ਼ਤਰਾ ਹੋਣ ਦਾ ਬਹਾਨਾ ਕਾਰਗਰ ਨਹੀਂ ਰਿਹਾ।
(2) ਗਿਆਨੀ ਮਾਨ ਸਿੰਘ ਨਾਲ ਧੱਕਾ ਹੋਇਆ ਤਾਂ ਉਸ ਨੂੰ ਗੁਰਦੁਆਰਾ ਐਕਟ ਦੀ ਧਾਰਾ 134 ਤੇ 135 ਤਹਿਤ ਇਹ ਹੱਕ ਹਾਸਲ ਹੈ ਕਿ ਉਹ ਆਪਣੀ ਬੇਗੁਨਾਹੀ ਬੋਰਡ ਜਾਂ ਅਦਾਲਤ ਸਾਹਮਣੇ ਰੱਖ ਸਕਦਾ ਹੈ। ਅਜਿਹਾ ਉਹ ਕਿਉਂ ਨਹੀਂ ਕਰ ਰਿਹਾ?
(3) ਇਕ ਹੋਰ ਗਲ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸ੍ਰੀ ਦਰਬਾਰ ਸਾਹਿਬ ਦੇ ਕਿਸੇ ਵੀ ਗ੍ਰੰਥੀ ਸਿੰਘ ਸਾਹਿਬ ਦਾ ਅਸਤੀਫ਼ਾ ਕਬੂਲ ਕਰਨ ਤੋਂ ਪਹਿਲਾਂ ਉਸ ਬਾਬਤ ਅੰਤ੍ਰਿਗ ਕਮੇਟੀ ਵਿਚ ਵਿਚਾਰਿਆ ਜਾਣਾ ਬਣਦਾ ਸੀ। ਇਹ ਕੋਈ ਆਮ ਅਹੁਦਾ (ਪੋਸਟ ) ਨਹੀਂ , ਇਸ ’ਤੇ ਨਿਯੁਕਤ ਕਰਨ ਦੀ ਇਕ ਵਿਸ਼ੇਸ਼ ਪ੍ਰਾਸੈੱਸ ( ਉਪਰੋਕਤ 134 ਤੇ 135 ਧਾਰਾਵਾਂ ਇਥੇ ਵੀ ਲਾਗੂ) ਹੈ ਤਾਂ ਛੁੱਟੀ ਕਰਨ ਜਾਂ ਅਸਤੀਫ਼ਾ ਪ੍ਰਵਾਨ ਕਰਨ ਦੇ ਵੀ ਕੁਝ ਖ਼ਾਸ ਨਿਯਮ ਹਨ। ਜਾਂ ਫਿਰ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕੁਝ ਤੱਥ ਸੰਗਤ ਤੋਂ ਲੁਕੋਏ ਜਾ ਰਹੇ ਹਨ?
(4) ਜੇ ਗਿਆਨੀ ਮਾਨ ਸਿੰਘ ਨੇ ਸਿਹਤ ਠੀਕ ਨਾ ਹੋਣ ਕਾਰਨ ਅਸਤੀਫ਼ਾ ਦਿੱਤਾ ਹੈ ਤਾਂ ਇਹ ਬਹਾਨਾ ਬਹੁਤਿਆਂ ਲਈ ਗਲੇ ’ਚੋਂ ਉਤਾਰਨਾ ਔਖਾ ਹੈ ਕਿਉਂਕਿ ਸਿਹਤ ਠੀਕ ਨਾ ਹੋਣ ’ਤੇ ਲੰਮੀ ਮੈਡੀਕਲ ਛੁੱਟੀ ਲਈ ਜਾ ਸਕਦੀ ਸੀ, ਸ਼ਾਇਦ ਲਈ ਵੀ? ਪਰ ਕਿਸੇ ਜਲਦਬਾਜ਼ੀ ਦੀ ਬਿਲਕੁਲ ਲੋੜ ਨਹੀਂ ਸੀ। ਅਸਤੀਫ਼ੇ ਲਈ ਮੈਡੀਕਲ ਗਰਾਊਂਡ ਦਾ ਤੁਰੰਤ ਤਿਆਰ ਕੀਤਾ ਜਾਣਾ ਵੀ ਇਕ ਬੁਝਾਰਤ ਹੈ? ਜੇ ਅਜ ਤੁਸੀ ਕਿਸੇ ਮਾਨਸਿਕ ਦਬਾਅ ਅਧੀਨ ਬਿਮਾਰ ਹੋ ਤਾਂ ਮੈ ਤੁਹਾਡੀ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ ਅਤੇ ਗੁਰੂ ਸਾਹਿਬ ਅਗੇ ਅਰਦਾਸ ਕਰਦਾ ਹਾਂ।
(5) ਬਹੁਤ ਅਹਿਮ ਗਲ ਇਹ ਕਿ, ਜਿਵੇਂ ਪਹਿਲਾਂ ਕਹਿ ਚੁਕਾ ਹਾਂ ਕਿ ਇਹ ਮਾਮਲਾ ਕੇਵਲ ਗਿਆਨੀ ਮਾਨ ਸਿੰਘ ਦੇ ਨਿੱਜੀ ਜੀਵਨ ਦਾ ਨਹੀਂ ਸਗੋਂ ਸ੍ਰੀ ਦਰਬਾਰ ਸਾਹਿਬ ਦੇ ਇਕ ਗ੍ਰੰਥੀ ਸਿੰਘ ਦਾ ਹੋਣ ਨਾਤੇ ਸ੍ਰੀ ਦਰਬਾਰ ਸਾਹਿਬ ਦੀ ਆਨ ਸ਼ਾਨ, ਸਿੱਖੀ ਸਿਧਾਂਤਾਂ ਤੇ ਮਰਯਾਦਾ ਦਾ ਹੈ। ਅਖ਼ਬਾਰ ’ਚ ਸਿੱਖੀ ਮਾਣ ਮਰਯਾਦਾ ਨੂੰ ਢਾਹ ਲਾਉਣ ਵਾਲਾ ਇਹ ਲਿਖਿਆ ਛਾਪਿਆ ਜਾ ਰਿਹਾ ਹੈ ਕਿ ’’ਗਿਆਨੀ ਮਾਨ ਸਿੰਘ ਦੇ ਕਿਸੇ ਲੜਕੀ ਨਾਲ ਸੰਬੰਧ ਸਨ। ਉਹ ਇਸ ਦੇ ਘਰ ਆਏ ਦੇ ਪਿੱਛਾ ਕਰ ਰਹੇ ਸੰਗਠਨ ਦੇ ਅਹੁਦੇਦਾਰਾਂ ਨੇ ਦੋਹਾਂ ਨੂੰ ਚਪੇੜਾਂ ਮਾਰੀਆਂ ਅਤੇ ਵੀਡੀਓ ਵੀ ਬਣਾਈ ਅਤੇ ਇਹ ਦਾਅਵਾ ਕੀਤਾ ਗਿਆ ਕਿ ਗਿਆਨੀ ਮਾਨ ਸਿੰਘ ਅਸਤੀਫ਼ਾ ਦੇਵੇ ਨਹੀਂ ਤਾਂ ਮਾਣ ਮਰਯਾਦਾ ਦਾ ਮਾਮਲਾ ਜਨਤਕ ਕੀਤਾ ਜਾਵੇਗਾ?’’
ਜੇ ਅਖ਼ਬਾਰ ਦਾ ਉਕਤ ਦਾਅਵਾ ਝੂਠ ਦਾ ਪੁਲੰਦਾ ਹੈ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਉਕਤ ਕੂੜ ਪ੍ਰਚਾਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰ ਰਹੀ ਜਾਂ ਫਿਰ ਘੱਟੋ ਘਟ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਖ਼ਿਲਾਫ਼ ਕੂੜ ਪ੍ਰਚਾਰ ਲਈ ਕੁਝ ਤਾੜਨਾ ਹੀ ਕਰ ਦਿੰਦੀ। ਪਰ ਕਿਸੇ ਵੀ ਸਿੱਖ ਨੂੰ ਪਈ ਕੁੱਟ ਦਾ ਵੀ ਸਖ਼ਤ ਨੋਟਿਸ ਲੈਣ ਵਾਲੇ ਪ੍ਰਧਾਨ ਜੀ ਵੱਲੋਂ ਸਿੱਖ ਕੌਮ ਦੀ ਸਰਵੋਤਮ ਅਹੁਦੇ ’ਤੇ ਬਿਰਾਜਮਾਨ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ’ਤੇ ਹੋ ਰਹੇ ਨੈਤਿਕ ਹਮਲੇ ਜਾਂ ਕਿਰਦਾਰਕੁਸ਼ੀ ਬਾਰੇ ਛੋਟਾ ਮੋਟਾ ਖੰਘੂਰਾ ਵੀ ਨਹੀਂ ਮਾਰਿਆ ਗਿਆ। ਬਲਕਿ ਅਜਿਹਾ ਕੀਤਾ ਜਾਣਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਪ੍ਰਥਮ ਜ਼ਿੰਮੇਵਾਰੀ ਸੀ।
(6) ਅਖ਼ਬਾਰ ’ਚ ਛਪੀ ਉਕਤ ਖ਼ਬਰ ਤੋਂ ਬਾਅਦ ਕੁਝ ਲੋਕ ਲੜਕੀ ਨਾਲ ਸੰਬੰਧਾਂ ਨੂੰ ਇਕ ਗਹਿਰੀ ਸਾਜ਼ਿਸ਼ ਜਾਂ ਪਲੈਨਿੰਗ ਦਾ ਰੂਪ ਦਸ ਰਹੇ ਹਨ। ਪਰ ਸੋਚਣ ਵਾਲੀ ਗਲ ਇਹ ਹੈ ਕਿ ਕਿਸੇ ਨਾਲ ਸਬੰਧ ਜੋੜਨ ਲੱਗਿਆਂ ਵੀ ਕੁਝ ਸਮਾਂ ਤਾਂ ਲਗਦਾ ਹੈ। ਇਕ ਦਿਨ ’ਚ ਇਹ ਸੰਬੰਧ ਇਤਬਾਰ ਨਹੀਂ ਬਣ ਜਾਇਆ ਕਰਦੇ। ਕੌਣ ਕਿਸੇ ਅਣਜਾਣ ਨੂੰ ਘਰ ’ਚ ਦਾਖਲ ਹੋਣ ਦਿੰਦਾ ਹੈ, ਸੋ ਕਿਸੇ ਵੀ ਬੀਬੀ ਦਾ ਕਿਸੇ ਬੇਗਾਨੇ ਦੇ ਘਰ ਸਹਿਜ ਨਾਲ ਦਾਖਲ ਹੋਣ ਦਾ ਤਾਂ ਸਵਾਲ ਹੀ ਕਿਥੇ ਪੈਦਾ ਹੁੰਦਾ ਹੈ?
(7) ਜੇ ਗਿਆਨੀ ਮਾਨ ਸਿੰਘ ਦੇ ਕਿਰਦਾਰ ’ਚ ਰਹਿਤ ਪੱਖੋਂ ਕੋਈ ਢਿਲਿਆਈ ਆਈ ਤਾਂ ਬੇਸ਼ੱਕ ਆਪਣੇ ਅਹੁਦੇ ਤੋਂ ਹੱਥ ਧੋ ਬੈਠਣ ਦੇ ਬਾਵਜੂਦ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਵਿਧੀਵਤ ਅਰਦਾਸ ਬੇਨਤੀ ਅਤੇ ਪਸ਼ਚਾਤਾਪ ਕਰਦਿਆਂ ਗੁਰੂਘਰ ਨਾਲ ਜੁੜਿਆ ਰਹਿ ਸਕਦਾ ਹੈ, ਗੁਰੂ ਸਾਹਿਬ ਤੇ ਗੁਰੂ ਪੰਥ ਬਖ਼ਸ਼ਣਹਾਰ ਹਨ।
(8) ਜਿਸ ਪੰਥ ਦਾ ਇਤਿਹਾਸ ਹੀ ਸੱਚ ਅਤੇ ਇਨਸਾਫ਼ ਲਈ ਜੂਝਣ ਦਾ ਰਿਹਾ ਹੋਵੇ, ਉਥੇ ਇਸ ਮਾਮਲੇ ਬਾਰੇ ਸੱਚ ਨੂੰ ਬਾਹਰ ਨਾ ਲਿਆਉਣਾ ਵੀ ਪੰਥ ਦੇ ਹਿਤ ’ਚ ਨਹੀਂ ਹੋਵੇਗਾ। ਇਸ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਸੱਚ ਉਜਾਗਰ ਕਰ ਕੇ ਪੰਥ ਦੀ ਨਿਗ੍ਹਾ ਚ ਸੁਰਖ਼ਰੂ ਹੋ ਜਾਣਾ ਚਾਹੀਦਾ।
(9) ਅਖੀਰ ’ਚ ਮੈਂ ਗਿਆਨੀ ਮਾਨ ਸਿੰਘ ਜੀ ਨੂੰ ਆਪਣੇ ਨਾਲ ਹੋਏ ਕਥਿਤ ਧੱਕੇ ਬਾਰੇ ਸੰਗਤ ਜਾਂ ਮੀਡੀਆ ਨੂੰ ਖੁੱਲ ਕੇ ਦੱਸਣ ਦੀ ਚੁਨੌਤੀ ਦਿੰਦਾ ਹਾਂ। ਪਰ ਮੈਨੂੰ ਯਕੀਨ ਹੈ ਉਹ ਕੁਝ ਕਹਿਣ ਨਾਲੋਂ ਗੁਮਨਾਮੀ ਦੀ ਜ਼ਿੰਦਗੀ ਗੁਜ਼ਾਰਨ ਨੂੰ ਪਹਿਲ ਦੇਵੇਗਾ।।
( ਤੁਹਾਡਾ ਆਪਣਾ – ਪ੍ਰੋ: ਸਰਚਾਂਦ ਸਿੰਘ ਖ਼ਿਆਲਾ, ਇਹ ਮੇਰੇ ਨਿੱਜੀ ਵਿਚਾਰ ਹਨ)