ਜਲੰਧਰ, 16 ਜੂਨ (ਬੁਲੰਦ ਆਵਾਜ ਬਿਊਰੋ) – ਜੂਨ 1984 ਵਿਚ ਵਾਪਰੇ ਸਾਕੇ ਨੀਲੇ ਤਾਰੇ ਦੇ ਜ਼ਖ਼ਮ ਅਜੇ ਤਕ ਅੱਲੇ ਹਨ। ਤਤਕਾਲੀ ਸਰਕਾਰ ਨੇ ਸੰਤ ਭਿੰਡਰਾਂ ਵਾਲਿਆਂ ‘ਤੇ ਹਮਲਾ ਕਰਨ ਲਈ ਤਖ਼ਤ ਸੀ੍ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰਵਾ ਦਿੱਤਾ। ਉਸ ਵੇਲੇ ਫ਼ੌਜ ‘ਚ ਸਿੱਖ ਰੈਜੀਮੈਂਟਾਂ ‘ਚ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਫ਼ੌਜੀ ਆਪਣੇ ਧਰਮ ਖਾਤਰ ਫੌਜ ਛਡ ਗਏ ਤੇ ਦਰਬਾਰ ਸਾਹਿਬ ਦੀ ਰਾਖੀ ਲਈ ਤੁਰ ਪਏ । ਉਨ੍ਹਾਂ ਨੂੰ ਉਸ ਵੇਲੇ ਦੇ ਸਿੱਖ ਆਗੂਆਂ ਨੇ ਧਰਮੀ ਫ਼ੌਜੀਆਂ ਦਾ ਨਾਂ ਦਿੱਤਾ ਤੇ ਕੌਮ ਖਾਤਰ ਉਨ੍ਹਾਂ ਵੱਲੋਂ ਲਏ ਫ਼ੈਸਲੇ ਨੂੰ ਸਹੀ ਸਿੱਧ ਕੀਤਾ। 1984 ਤੋਂ ਬਾਅਦ ਜਦੋਂ ਇਨ੍ਹਾਂ ਫ਼ੌਜੀਆਂ ਦੀ ਕੋਈ ਸੁਣਵਾਈ ਨਾ ਹੋਈ ਤੇ ਨਾ ਹੀ ਇਨ੍ਹਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਅਤੇ ਪਿੰਡੇ ‘ਤੇ ਹੰਢਾਏ ਤਸੀਹਿਆਂ ਦਾ ਕਿਤੇ ਵੀ ਜ਼ਿਕਰ ਹੋਇਆ ਤਾਂ ਇਹ ਫੌਜੀ ਲਾਮਬੰਦ ਹੋਣੇ ਸ਼ੁਰੂ ਹੋਏ। ਇਸ ਲਾਮਬੰਦੀ ਤੋਂ ਇਕ ਸੰਸਥਾ ਦਾ ਗਠਨ ਹੋਇਆ, ਜਿਸ ਨੂੰ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਦਾ ਨਾਂ ਦਿੱਤਾ ਗਿਆ।
ਇਸ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਿੱਖ ਕੌਮ ਅਤੇ ਆਪਣੇ ਧਰਮ ਖਾਤਰ ਫ਼ੌਜ ਛੱਡ ਕੇ ਭਗੌੜੇ ਹੋਏ ਤਾਂ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਝੱਲਣੇ ਪਏ। ਕਈ ਸਾਥੀ ਤਾਂ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਫ਼ਾਨੀ ਜਹਾਨ ਨੂੰ ਅਲਵਿਦਾ ਕਹਿ ਗਏ ਤੇ ਜੋ ਬਾਕੀ ਬਚੇ ਉਹ ਆਪਣੀਆਂ ਮਿੱਠੀਆਂ-ਕੌੜੀਆਂ ਯਾਦਾਂ ਨਾਲ ਜੀਵਨ ਦੇ ਆਖਰੀ ਪੜਾਅ ‘ਤੇ ਸਿੱਖ ਕੌਮ ਤੋਂ ਇਨਸਾਫ਼ ਦੀ ਮੱਧਮ ਜਿਹੀ ਆਸ ‘ਚ ਹਨ।ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਧਰਮ ਖਾਤਰ ਫ਼ੌਜ ਛੱਡੀ। ਵੇਲੇ ਦੇ ਹਾਕਮਾਂ ਤੇ ਸਿੱਖ ਕੌਮ ਦੇ ਆਗੂਆਂ ਨੇ ਉਨ੍ਹਾਂ ਨੂੰ ਧਰਮੀ ਫ਼ੌਜੀਆਂ ਦਾ ਨਾਂ ਦਿੱਤਾ ਪਰ 37 ਸਾਲ ਬੀਤ ਜਾਣ ਤੋਂ ਬਾਅਦ ਵੀ ਨਾ ਹੀ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਅਤੇ ਨਾ ਹੀ ਸ਼ੋ੍ਮਣੀ ਅਕਾਲੀ ਦਲ ਨੇ ਉਨ੍ਹਾਂ ਦੀ ਬਾਂਹ ਫੜੀ। ਆਪਣੇ ਲਈ ਮਾਣ-ਸਤਿਕਾਰ ਦੀ ਕਾਮਨਾ ਤੇ ਲੋੜਵੰਦ ਪਰਿਵਾਰਾਂ ਲਈ ਸਹਾਇਤਾ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਇਨ੍ਹਾਂ ਸੰਸਥਾਵਾਂ ਤੋਂ ਮੰਗ ਕਰਦੇ ਹਨ ਕਿ ਕੇਂਦਰ ਸਰਕਾਰ ਤੋਂ ਪੂੁਰਾ ਡਾਟਾ ਕਢਵਾ ਕੇ ਉਨ੍ਹਾਂ ਨੂੰ ਬਣ ਦੇ ਹੱਕ ਦਿੱਤੇ ਜਾਣ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਢੁੱਕਵੇਂ ਉਪਰਾਲੇ ਕੀਤੇ ਜਾਣ।