ਡਾਕਟਰ ਸ਼ੰਕਰ ਗੌੜਾ ਨੂੰ | ਡਾਕਟਰ ਸ਼ੰਕਰ ਗੌੜਾ ਮਨੀਪਾਲ ਦੇ ਕਸਤੂਰਬਾ ਮੈਡੀਕਲ ਕਾਲਜ ਤੋਂ ਪੜ੍ਹੇ ਹਨ ਅਤੇ ਕਰਨਾਟਕਾ ਦੀ ਇੱਕ ਛੋਟੀ ਜਿਹੀ ਜਗ੍ਹਾ ਮੰਡਿਆ ਵਿਚ ਰਹਿੰਦੇ ਹਨ | ਇਹਨਾਂ ਨੂੰ ਇਲਾਕੇ ਵਿਚ ‘ਪੰਜ ਰੁਪਏ ਵਾਲਾ ਡਾਕਟਰ’ ਦੇ ਤੌਰ ‘ਤੇ ਜਾਣਿਆ ਜਾਂਦਾ ਹੈ ਕਿਉਂਕਿ ਅੱਜ ਦੇ ਮੁਨਾਫ਼ਾ ਵੱਟ ਜ਼ਮਾਨੇ ਵਿਚ ਵੀ ਇਹ ਫ਼ੀਸ ਦੇ ਤੌਰ ‘ਤੇ ਸਿਰਫ਼ ਪੰਜ ਰੁਪਏ ਲੈਂਦੇ ਹਨ | ਪਿਛਲੇ 36 ਸਾਲਾਂ ਤੋਂ ਇਹ ਮਰੀਜ਼ਾਂ ਨੂੰ ਇਸ ਸਸਤੀ ਫੀਸ ‘ਤੇ ਹੀ ਦੇਖ ਰਹੇ ਨੇ । ਇਹਨਾਂ ਕੋਲ ਮਰੀਜ਼ ਲਾਈਨਾਂ ਲਾ ਕੇ ਵੀ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹਨ | ਇਸ ਤੋਂ ਬਿਨਾਂ ਇਹ ਆਪਣੇ ਪਿੰਡ ਵਿੱਚ ਵੀ ਰੋਜ਼ਾਨਾ 150 ਦੇ ਕਰੀਬ ਮਰੀਜ਼ਾਂ ਨੂੰ ਮੁਫ਼ਤ ਵਿੱਚ ਦੇਖਦੇ ਹਨ | ਕਈ ਨਿੱਜੀ ਹਸਪਤਾਲਾਂ ਨੇ ਇਹਨਾਂ ਨੂੰ ਵੱਡੇ ਪੈਕੇਜ ਦੇਣ ਦਾ ਲਾਲਚ ਵੀ ਦਿੱਤਾ ਪਰ ਇਹਨਾਂ ਵੱਲੋਂ ਨਾਂਹ ਕਰ ਦਿੱਤੀ ਗਈ |