ਅੰਮ੍ਰਿਤਸਰ, 18 ਸਤੰਬਰ (ਬੁਲੰਦ ਆਵਾਜ਼):-ਸਕੂਲ ਆਫ ਐਮੀਨੈਂਸ ਛੇਹਰਟਾ ਵਿਖੇ ਸਰਕਾਰ ਵੱਲੋਂ ਮਨਾਏ ਜਾ ਰਹੇ ਸਵਛੱਤਾ ਪੰਦਰਵਾੜੇ ਸਬੰਧੀ ਵਿਦਿਆਰਥੀਆਂ ਨੂੰ ਸਵਛੱਤਾ ਸਬੰਧੀ ਸਹੁੰ ਚੁਕਾਈ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਮਨਮੀਤ ਕੌਰ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਛੇਹਰਟਾ ਨੇ ਦੱਸਿਆ ਕਿ ਸ਼੍ਰੀਮਤੀ ਕੁਲਦੀਪ ਕੌਰ ਲੈਕਚਰਾਰ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਸਵਛੱਤਾ ਸਬੰਧੀ ਸਹੁੰ ਚੁਕਾਈ ਗਈ। ਇਸੇ ਕੜੀ ਵਜੋਂ ਇਸ ਸਕੂਲ ਦੇ ਐਨਸੀਸੀ ਵਿਦਿਆਰਥੀਆਂ ਵੱਲੋਂ ਵੇਸਟ ਮੈਨੇਜਮੈਂਟ ਸਬੰਧੀ ਘਰ ਵਿੱਚ ਪਈਆਂ ਫਾਲਤੂ ਚੀਜ਼ਾਂ ਤੋਂ ਬਹੁਤ ਸਾਰੀਆਂ ਉਪਯੋਗ ਵਾਲੀਆਂ ਚੀਜ਼ਾਂ ਬਣਾਈਆਂ ਗਈਆਂ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਨਸੀਸੀ ਅਫਸਰ ਸੁਖਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਾਡੇ ਰੋਜਾਨਾ ਜੀਵਨ ਵਿੱਚ ਅਸੀਂ ਬਹੁਤ ਸਾਰੀਆਂ ਵਸਤੂਆਂ ਕੂੜੇ ਵਿੱਚ ਸੁੱਟ ਦਿੰਦੇ ਹਾਂ,ਪਰ ਇਹਨਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ। ਐਨਸੀਸੀ ਕੈਡਿਟਾਂ ਵੱਲੋਂ ਬਣਾਈਆਂ ਗਈਆਂ ਸੁੰਦਰ ਸੁੰਦਰ ਚੀਜ਼ਾਂ ਇਸ ਗੱਲ ਦੀ ਉਦਾਹਰਨ ਹਨ ਕਿ ਕੋਈ ਵੀ ਚੀਜ਼ ਫਾਲਤੂ ਨਹੀਂ ਹੁੰਦੀ । ਬਹੁਤ ਸਾਰੀਆਂ ਚੀਜ਼ਾਂ ਜੋ ਘਰ ਵਿੱਚ ਵਾਧੂ ਹੁੰਦੀਆਂ ਹਨ, ਉਸ ਨੂੰ ਕੂੜੇ ਦੇ ਢੇਰ ਵਿੱਚ ਸੁੱਟਣ ਦੀ ਬਜਾਏ ਅਸੀਂ ਉਹਨਾਂ ਦੀ ਸੁਚੱਜੀ ਵਰਤੋਂ ਕਰ ਸਕਦੇ ਹਾਂ। ਇਸ ਨਾਲ ਜਿੱਥੇ ਕੂੜੇ ਦੇ ਢੇਰ ਘਟਣਗੇ,ਉੱਥੇ ਨਾਲ ਹੀ ਵੇਸਟ ਮੈਨੇਜਮੈਂਟ ਨਾਲ ਅਸੀਂ ਬਹੁਤ ਸਾਰੀਆਂ ਉਪਯੋਗੀ ਚੀਜ਼ਾਂ ਬਣਾ ਸਕਦੇ ਹਾਂ। ਐਨਸੀਸੀ ਵਿਦਿਆਰਥੀਆਂ ਨੇ ਵਾਧੂ ਚੀਜ਼ਾਂ ਤੋਂ ਫੋਟੋ ਫਰੇਮ, ਪੈਨ ਸਟੈਂਡ, ਖਿਡਾਉਣੇ ਆਦਿ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ ਹੋਈਆਂ ਸਨ। ਇਸ ਮੌਕੇ ਤੇ ਐਨਸੀਸੀ ਅਫਸਰ ਲੈਫਟੀਨੈਂਟ ਹਰਮਨਪ੍ਰੀਤ ਸਿੰਘ ਉੱਪਲ ਨੇ ਦੱਸਿਆ ਕਿ ਫਸਟ ਪੰਜਾਬ ਬਟਾਲੀਅਨ ਐਨਸੀਸੀ ਅੰਮ੍ਰਿਤਸਰ ਦੇ ਅਧੀਨ ਛੇਹਰਟਾ ਸਕੂਲ ਵਿਖੇ ਚੱਲ ਰਹੇ ਐਨਸੀਸੀ ਟਰੁੱਪ ਵਿੱਚ ਵਿਦਿਆਰਥੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਹੁਤ ਸਾਰੀਆਂ ਗਤੀਵਿਧੀਆਂ ਕਰਦੇ ਹਨ, ਇਸ ਨਾਲ ਵਿਦਿਆਰਥੀਆਂ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ। ਇਹ ਵਿਦਿਆਰਥੀ ਹੀ ਆਉਣ ਵਾਲੇ ਭਵਿੱਖ ਵਿੱਚ ਦੇਸ਼ ਦੇ ਨਾਗਰਿਕ ਹਨ ਅਤੇ ਇਸ ਪ੍ਰਕਾਰ ਉਹ ਪੜ੍ਹਾਈ ਤੋਂ ਉਪਰੰਤ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦੇ ਨਾਲ ਨਾਲ ਆਪਣਾ ਵਾਤਾਵਰਨ ਅਤੇ ਆਲਾ ਦੁਆਲਾ ਸਾਫ ਸੁਥਰਾ ਰੱਖਣਗੇ। ਇਸ ਮੌਕੇ ਤੇ ਲੈਫਟੀਨੈਂਟ ਰਕੇਸ਼ ਸਿੰਘ, ਸ੍ਰੀ ਵਿਪਨ ਤੇਜੀ, ਸ਼੍ਰੀਮਤੀ ਰਾਜਵੀਰ ਕੌਰ, ਸ਼੍ਰੀਮਤੀ ਜੀਵਨ ਜੋਤੀ ਆਦਿ ਸਟਾਫ, ਐਨਸੀਸੀ ਕੈਡਟ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।