ਚੰਗੀ ਸਿਹਤ ਲਈ ਕਣਕ ਚੌਲ ਤੋਂ ਇਲਾਵਾ ਹੋਰ ਮੋਟੇ ਅਨਾਜਾਂ ਨੂੰ ਭੋਜਨ ਵਿਚ ਸ਼ਾਮਿਲ ਕਰਨਾ ਜਰੂਰੀ : ਭੋਜਨ ਮਾਹਿਰ
ਅੰਮ੍ਰਿਤਸਰ, 02 ਨਵੰਬਰ, 2023 (ਬੁਲੰਦ ਅਵਾਜ਼ ਬਿਊਰੋ):- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਅਤੇ ਸੈਰ ਸਪਾਟਾ ਵਿਭਾਗ ਵੱਲੋਂ ਭੋਜਨ ਦੀਆਂ ਚੰਗੀਆਂ ਆਦਤਾਂ ਨੂੰ ਉਤਸ਼ਾਹਿਤ ਕਰਨ ਵਿੱਚ ਮੋਟੇ ਅਨਾਜ ਦੀ ਮਹੱਤਤਾ ਨੂੰ ਉਜਾਗਰ ਕਰਨ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਕਾਨਫਰੰਸ “ਲੋਕਾਵੋਰ ਕ੍ਰਾਂਤੀ” ਚੈਟ 2023 ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਰਜਿਸਟਰਾਰ ਪ੍ਰੋ. ਕੇ.ਐਸ. ਕਾਹਲੋਂ ਨੇ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਲੋਕਾਂ ਨੂੰ ਬਦਲਵੇਂ ਅਨਾਜ, ਵੱਖ ਵੱਖ ਅਨਾਜਾਂ ਬਾਰੇ ਜਾਗਰੂਕ ਕਰਨ ਲਈ ਵਿਭਾਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਟਲ ਮੈਨੇਜਮੈਂਟ ਅਤੇ ਟੂਰਿਜ਼ਮ ਵਿਭਾਗ ਯੂਨੀਵਰਸਿਟੀ ਦੇ ਸਭ ਤੋਂ ਨਵੇਂ ਵਿਭਾਗਾਂ ਵਿੱਚੋਂ ਇੱਕ ਹੈ ਅਤੇ ਉਸਾਰੂ ਕਾਰਜ ਕਰ ਰਿਹਾ ਹੈ ਅਤੇ ਸਿਰਫ਼ ਪੰਜ ਸਾਲਾਂ ਦੇ ਆਪਣੇ ਸਫ਼ਰ ਵਿੱਚ ਬਹੁਤ ਕੁਝ ਹਾਸਲ ਕੀਤਾ ਹੈ।ਇਸ ਮੌਕੇ ਵਿਿਦਆਰਰਥੀਆਂ ਅਧਿਆਪਕਾਂ ਤੋਂ ਇਲਾਵਾ ਸ਼ੈੱਫ, ਅਕਾਦਮਿਕ ਵਿਦਵਾਨ, ਕਿਸਾਨ, ਵਾਤਾਵਰਣ ਵਿਿਗਆਨੀ, ਪੋਸ਼ਣ ਵਿਿਗਆਨੀ ਅਤੇ ਖੇਤਵਿਰਾਸਤ ਦੇ ਅਧਿਕਾਰੀ ਸ਼ਾਮਲ ਸਨ। ਮੁੱਖ ਬੁਲਾਰੇ ਪ੍ਰੋ. ਪ੍ਰਸ਼ਾਂਤ ਕੇ. ਗੌਤਮ ਨੇ ਸਥਾਨਕ ਭੋਜਨ ਰੂਪਾਂ ਦੀ ਮਹੱਤਤਾ ‘ਤੇ ਬਲ ਦਿੰਦਿਆਂ ਦੱਸਿਆ ਕਿ ਕਣਕ ਅਤੇ ਚੌਲਾਂ ਦਾ ਜੀਆਈ ਸੂਚਕਾਂਕ ਚੀਨੀ ਨਾਲੋਂ ਵੱਧ ਹੈ ਜੋ ਕਿ ਸ਼ੂਗਰ ਦਾ ਇੱਕ ਕਾਰਨ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਮੋਟੇ ਅਨਾਜ ਦੀ ਖਰੀਦ ਅਤੇ ਵਰਤੋਂ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਗੱਲ ਕੀਤੀ। ਸ਼ੈੱਫ ਵਿਕਾਸ ਚਾਵਲਾ ਨੇ ਕਿਹਾ ਕਿ ਹੌਲੀ-ਹੌਲੀ ਸਾਰਿਆਂ ਨੂੰ ਸਮਾਜ ਵਿਚ ਪ੍ਰਚਲਤ ਅਨਾਜ ਦੇ ਨਾਲ ਨਾਲ ਵੱਖ ਵੱਖ ਹੋਰ ਅਨਾਜਾਂ ਵੱਲ ਰੁਚਿਤ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਕਣਕ 60 ਸਾਲ ਪਹਿਲਾਂ ਵਰਗੀ ਨਹੀਂ ਰਹੀ। ਸ਼ੈੱਫ ਟੀ.ਕੇ. ਰਾਜ਼ਦਾਨ, ਪ੍ਰਿੰਸੀਪਲ, ਆਈ.ਸੀ.ਆਈ., ਨੋਇਡਾ ਨੇ ਭੋਜਨ ਤਿਆਰ ਕਰਨ ਦੀਆਂ ਚੰਗੀਆਂ ਆਦਤਾਂ, ਭਾਵਨਾਤਮਕ ਲਗਾਵ ਅਤੇ ਭੋਜਨ ਤਿਆਰ ਕਰਨ ਮੌਕੇ ਵੱਖ ਵੱਖ ਪ੍ਰਭਾਵਾਂ ਦੇ ਸਬੰਧ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਪ੍ਰੋ. ਮਨਦੀਪ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ, ਵਿਭਾਗ ਵੱਖ ਵੱਖ ਅਨਾਜਾਂ ਅਧਾਰਤ ਪਕਵਾਨਾਂ ਦੇ ਲਾਈਵ ਪ੍ਰਦਰਸ਼ਨ ਲਈ ਵਰਕਸ਼ਾਪਾਂ ਦਾ ਆਯੋਜਨ ਕਰੇਗਾ। ਦੂਜੇ ਸੈਸ਼ਨ ਦੌਰਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖੋਜਕਰਤਾਵਾਂ ਵੱਲੋਂ ਖੋਜ ਭਰਪੂਰ ਪੱਤਰ ਪੇਸ਼ ਕੀਤੇ ਗਏ।