More

  7 ਪੋਹ ਦੇ ਮਹਾਨ ਇਤਿਹਾਸ ਚੋ ਦੂਜੀ ਘਟਨਾ -ਸ਼ਹੀਦ ਭਾਈ ਬਚਿੱਤਰ ਸਿੰਘ ਜੀ ਅਤੇ ਬੀਬੀ ਮੁਮਤਾਜ

  ਗੁਰੂ ਗੋਬਿੰਦ ਸਿੰਘ ਜੀ ਨੇ ਜੁਝਾਰੂ ਜਰਨੈਲ ਭਾਈ ਬਚਿੱਤਰ ਸਿੰਘ ਜੀ ਨੂੰ 100 ਸਿੰਘਾਂ ਦੇ ਜਥੇ ਸਮੇਤ ਰੋਪੜ ਵੱਲੋਂ ਆ ਰਹੀ ਸ਼ਾਹੀ ਫੌਜ ਨੂੰ ਰੋਕਣ ਵਾਸਤੇ ਭੇਜਿਆ। ਭਾਈ ਬਚਿੱਤਰ ਸਿੰਘ ਜੀ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਦੂਜੇ ਸਪੁੱਤਰ ਸਨ ਅਤੇ ਓਹ ਸਿੰਘ ਸਨ ਜਿੰਨਾ ਨੇ ਕਦੇ ਆਨੰਦਪੁਰ ਸਾਹਿਬ ਪਹਾੜੀ ਰਾਜਿਆਂ ਵੱਲੋਂ ਭੇਜੇ ਸ਼ਰਾਬੀ ਹਾਥੀ ਦਾ ਟਾਕਰਾ ਕੀਤਾ ਅਤੇ ਹਾਥੀ ਨੂੰ ਮਾਰਿਆ ਸੀ।

  ਭਾਈ ਬਚਿੱਤਰ ਸਿੰਘ ਜੀ ਅਤੇ ਓਹਨਾਂ ਦੇ ਨਾਲ ਦੇ ਸਾਥੀ ਜਾਨਾਂ ਹੂਲ ਕੇ ਲੜੇ ਅਤੇ ਬੜਾ ਸਮਾਂ ਮੁਗਲ ਫੌਜਾਂ ਨੂੰ ਰੋਕ ਕੇ ਰਖਿਆ। ਗੁਰੂ ਸਾਹਿਬ ਅਤੇ ਓਹਨਾਂ ਦੇ ਨਾਲ ਦੇ ਸਿੰਘ ਐਨੇ ਚਿਰ ਨੂੰ ਨਿਹੰਗ ਖਾਨ ਦੇ ਘਰ ਕੋਟਲੇ ਵੱਲ ਨੂੰ ਜਾ ਚੁੱਕੇ ਸਨ। ਭਾਈ ਬਚਿੱਤਰ ਸਿੰਘ ਦਾ ਸ਼ਰੀਰ ਖੂਨ ਨਾਲ ਲਥਪਥ ਸੀ, ਕਈ ਥਾਈਂ ਫੱਟ ਲੱਗੇ ਸਨ ਪਰ ਸਾਹ ਅਜੇ ਚਲਦੇ ਸਨ। ਮੁਗਲ ਕਾਹਲੀ ਵਿਚ ਓਹਨਾਂ ਨੂੰ ਮਰਿਆ ਸਮਝ ਕੇ ਅੱਗੇ ਚਲੇ ਗਏ।

  ਥੋੜੀ ਦੇਰ ਬਾਅਦ ਭਾਈ ਸਾਹਿਬ ਦੀ ਸੁਰਤ ਪਰਤੀ ਤਾਂ ਓਹ ਆਪਣੇ ਘੋੜੇ ਤੇ ਸਵਾਰ ਹੋਏ, ਅਤੇ ਜਾਣਕਾਰੀ ਹੋਣ ਕਾਰਨ ਓਹ ਵੀ ਨਿਹੰਗ ਖਾਨ ਦੇ ਘਰ ਪਹੁੰਚ ਗਏ। ਜਦ ਗੁਰੂ ਸਾਹਿਬ ਨੇ ਬੁਰੀ ਤਰਾਂ ਜ਼ਖਮੀ ਭਾਈ ਬਚਿੱਤਰ ਸਿੰਘ ਨੂੰ ਤੱਕਿਆ ਤਾਂ ਨਿਹੰਗ ਖਾਨ ਨੂੰ ਹੁਕਮ ਕੀਤਾ ਕਿ ਇਹ ਸਿੰਘ ”ਮੇਰਾ ਫ਼ਰਜੰਦ ” ਹੈ , ਇਹਦੀ ਓਵੇਂ ਹੀ ਸੇਵਾ ਸੰਭਾਲ ਕਰੀ ਜਿਸ ਤਰਾਂ ਮੇਰੀ ਕਰਨੀ ਸੀ। ਦੇਖੀ ਕਿਤੇ ਇਹ ਸਿੰਘ ਦੁਸ਼ਮਨ ਦੇ ਹਥ ਨਾ ਆ ਜਾਵੇ। ਮੈਨੂੰ ਇਹ ਸਿੰਘ ਬਹੁਤ ਪਿਆਰਾ ਹੈ, ਮੇਰਾ ਬਹਿਰੂਪੀਆ ਸਿੰਘ ਹੈ ਇਹ।

  ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਸੀ ਕੇ ਮੁਗਲ ਆ ਰਹੇ ਹਨ , ਇਸ ਕਰਕੇ ਜਿਵੇਂ ਹੀ 7 ਪੋਹ ਦੀ ਰਾਤ ਢਲੀ ਗੁਰੂ ਸਾਹਿਬ ਆਪਣੇ 40 ਸਿੰਘਾ ਅਤੇ 2 ਸਾਹਿਬਜ਼ਾਦਿਆਂ ਨਾਲ ਚਮਕੌਰ ਵੱਲ ਨੂੰ ਨਿਕਲ ਗਏ।

  ਥੋੜੀ ਦੇਰ ਬਾਅਦ ਮੁਗਲ ਪਹੁੰਚ ਗਏ ਅਤੇ ਨਿਹੰਗ ਖਾਨ ਦੇ ਪਿੰਡ ਨੂੰ ਘੇਰਾ ਪਾ ਲਿਆ। ਕਹਿੰਦੇ ਅਸੀਂ ਹਰ ਕਮਰੇ ਦੀ ਤਲਾਸ਼ੀ ਕਰਨੀ ਹੈ। ਨਿਹੰਗ ਖਾਨ ਕੰਬ ਗਿਆ ਕੇ ਜੇ ਭਾਈ ਬਚਿੱਤਰ ਸਿੰਘ ਫੜੇ ਗਏ ਤਾਂ ਅਵਗਿਆ ਹੋ ਜਾਣੀ ਹੈ। ਭਾਈ ਸਾਹਿਬ ਜਿਸ ਕਮਰੇ ਵਿਚ ਸਨ ਓਸ ਕਮਰੇ ਵਿਚ ਨਿਹੰਗ ਖਾਂ ਦੀ ਪੁਤਰੀ ਮੁਮਤਾਜ਼ ਚਲੀ ਗਈ ਅਤੇ ਬਾਹਰ ਨਿਹੰਗ ਖਾਂ ਖੜਾ ਹੋ ਗਿਆ। ਜਦ ਫੌਜੀ ਆਏ ਤਾਂ ਨਿਹੰਗ ਖਾਨ ਕਹਿੰਦਾ ਇਸ ਕਮਰੇ ਚ ਨਾ ਜਾਓ , ਇਸ ਵਿਚ ਮੇਰੀ ਧੀ ਅਤੇ ਓਸਦਾ ਪਤੀ ਹਨ। ਫੌਜੀ ਜਰਨੈਲ ਨੇ ਆਵਾਜ਼ ਮਾਰਕੇ ਪੁਛਿਆ ਕੇ ਮੁਮਤਾਜ਼ ਦੱਸ ਅੰਦਰ ਤੇਰਾ ਸ਼ੌਹਰ (ਪਤੀ ) ਹੀ ਹੈ ? ਮੁਮਤਾਜ਼ ਕਹਿੰਦੀ ਹਾਂ ਜਰਨੈਲ ਸਾਹਬ , ਮੇਰੇ ਨਾਲ ਮੇਰੇ ਪਤੀ ਹੀ ਹਨ।

  ਫੌਜੀ ਤਸੱਲੀ ਕਰਕੇ ਚਲੇ ਗਏ ਅਤੇ ਭਾਈ ਬਚਿੱਤਰ ਸਿੰਘ ਜੀ ਗਿਰਫਤਾਰ ਨਾ ਹੋਏ।

  ਭਾਈ ਸਾਹਿਬ ਸਖਤ ਜ਼ਖਮੀ ਸਨ , ਖੂਨ ਬਹੁਤ ਵਹਿ ਚੁਕਿਆ ਸੀ , ਕੋਈ ਦਵਾ ਦਾਰੂ ਕੰਮ ਨਾ ਕੀਤਾ ਅਤੇ 7-8 ਪੋਹ ਦੀ ਵਿਚਕਾਰਲੀ ਰਾਤ ਭਾਈ ਬਚਿੱਤਰ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ। ਨਿਹੰਗ ਖਾਨ ਨੇ ਸਤਕਾਰ ਸਹਿਤ ਭਾਈ ਸਾਹਿਬ ਦਾ ਸਸਕਾਰ ਪਿੰਡ ਚ ਹੀ ਕਰਵਾ ਦਿੱਤਾ।

  ਦੂਜੇ ਪਾਸੇ ਮੁਮਤਾਜ਼, ਬੀਬੀ ਮੁਮਤਾਜ਼, ਗੁਰੂ ਗੋਬਿੰਦ ਸਿੰਘ ਜੀ ਦੀ ਲਾਡਲੀ ਧੀ ਮੁਮਤਾਜ਼ , ਓਸਨੇ ਵੀ ਪ੍ਰਣ ਕਰ ਲਿਆ ਕੇ ਹੁਣ ਓਹ ਵਿਆਹ ਨਹੀ ਕਰਵਾਏਗੀ। ਭਾਈ ਬਚਿੱਤਰ ਸਿੰਘ ਜੀ ਨੂੰ ਓਹ ਆਪਣਾ ਪਤੀ ਕਹਿ ਚੁੱਕੀ ਸੀ , ਸਿਰਫ ਕਿਹਾ ਨਹੀ ਸੀ ਮੰਨ ਵੀ ਚੁੱਕੀ ਸੀ , ਇਸ ਕਰਕੇ ਰਹਿੰਦੀ ਉਮਰ ਬੀਬੀ ਮੁਮਤਾਜ਼ ਨੇ ਭਾਈ ਬਚਿੱਤਰ ਸਿੰਘ ਦੀ ਸਿੰਘਣੀ ਦੇ ਰੂਪ ਵਿਚ ਗੁਜਾਰਿਆ ਅਤੇ ਸਾਰੀ ਉਮਰ ਅਕਾਲ ਪੁਰਖ ਦੀ ਭਗਤੀ ਵਿਚ ਲੀਨ ਰਹਿੰਦਿਆ 110 ਸਾਲ ਦੀ ਉਮਰ ਭੋਗ ਕੇ ਸ਼ਰੀਰ ਤਿਆਗਿਆ।

  ਇਹ ਸੀ ਪ੍ਰੇਮ। ਇਹ ਸੀ ਸਿਖੀ ਸਿਦਕ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img