ਪਲਵਲ, 8 ਜੂਨ (ਬੁਲੰਦ ਆਵਾਜ ਬਿਊਰੋ) – ਹਰਿਆਣਾ ਦੇ ਪਲਵਲ ‘ਚ ਇੱਕ ਛੇ ਸਾਲ ਦੀ ਲੜਕੀ ਨੂੰ ਅਗਵਾ ਕਰਕੇ ਬਲਾਤਕਾਰ ਕੀਤਾ ਗਿਆ ਅਤੇ ਬਲਾਤਕਾਰ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਦੋਸ਼ੀ ਮ੍ਰਿਤਕ ਲੜਕੀ ਦੀ ਲਾਸ਼ ਨੂੰ ਦਰੱਖਤ ਨਾਲ ਬੰਨ੍ਹ ਕੇ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ‘ਤੇ ਪਹੁੰਚੀ ਪੁਲਿਸ ਨੇ ਲੜਕੀ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮੁਲਜ਼ਮ ਫਿਲਹਾਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
ਸਟੇਸ਼ਨ ਇੰਚਾਰਜ ਐਸਆਈ ਪ੍ਰੀਤਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੀ ਦੇ ਪਿਤਾ ਨੇ ਸ਼ਿਕਾਇਤ ਵਿਚ ਪੁਲਿਸ ਨੂੰ ਦੱਸਿਆ ਕਿ ਉਹ ਇਥੇ ਪਰਿਵਾਰ ਨਾਲ ਰਹਿੰਦਾ ਹੈ ਅਤੇ ਮਿਹਨਤ-ਮਜ਼ਦੂਰੀ ਕਰਦਾ ਹੈ। ਜ਼ਿਲ੍ਹਾ ਛਤਰਪੁਰ (ਐਮਪੀ) ਦਾ ਵਸਨੀਕ 23 ਸਾਲਾ ਆਨੰਦ ਵੀ ਪੀੜਤ ਦੇ ਨੇੜੇ ਝੁੱਗੀ ਵਿੱਚ ਰਹਿੰਦਾ ਹੈ। ਆਨੰਦ ਪੀੜਤ ਦੀ ਛੇ ਸਾਲ ਦੀ ਬੇਟੀ ਰਾਧਾ ਨੂੰ ਆਪਣੇ ਨਾਲ ਖੇਤਾਂ ਵੱਲ ਲੈ ਗਿਆ। ਖੇਤਾਂ ਵਿਚ ਜਾ ਕੇ ਆਨੰਦ ਨੇ ਲੜਕੀ ਨਾਲ ਬਲਾਤਕਾਰ ਕੀਤਾ ਅਤੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ।
ਕਤਲ ਤੋਂ ਬਾਅਦ ਦੋਸ਼ੀ ਆਨੰਦ ਨੇ ਬੱਚੀ ਦੀ ਲਾਸ਼ ਨੂੰ ਦਰੱਖਤ ਨਾਲ ਬੰਨ ਦਿੱਤਾ ਅਤੇ ਉਹ ਮੌਕੇ ਤੋਂ ਫਰਾਰ ਹੋ ਗਿਆ। ਬੱਚੀ ਦਾ ਪਿਤਾ ਜਦੋਂ ਲੜਕੀ ਦੀ ਭਾਲ ਕਰ ਰਿਹਾ ਸੀ ਤਾਂ ਗੁਆਂਢੀ ਨੇ ਦੱਸਿਆ ਕਿ ਉਸ ਨੇ ਕੁਝ ਸਮੇਂ ਪਹਿਲਾਂ ਆਨੰਦ ਨਾਲ ਲੜਕੀ ਨੂੰ ਵੇਖਿਆ ਸੀ। ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਪੀੜਤ ਦੀ ਸ਼ਿਕਾਇਤ ਦੇ ਅਧਾਰ ‘ਤੇ ਦੋਸ਼ੀ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਫਿਲਹਾਲ, ਦੋਸ਼ੀ ਫਰਾਰ ਹੈ, ਜਿਸ ਦੀ ਗ੍ਰਿਫਤਾਰੀ ਲਈ ਇੱਕ ਟੀਮ ਬਣਾਈ ਗਈ ਹੈ।