Archives November 2021

‘ਹਰ ਇੱਕ ਵੋਟ ਹੈ ਜਰੂਰੀ’ ਮੁਹਿੰਮ ਨੂੰ ਕਾਲਜ ਦੇਣ ਪਹਿਲ – ਆਦਰਸ਼ ਸ਼ਰਮਾ

ਅੰਮ੍ਰਿਤਸਰ, 30 ਨਵੰਬਰ (ਗਗਨ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਸ.ਗੁਰਪ੍ਰੀਤ ਸਿੰਘ ਖਹਿਰਾ ਦੀ ਦਿਸ਼ਾ ਨਿਰਦੇਸ਼ਾਂ ਹੇਠ ਭਾਰਤ ਚੋਣ ਕਮਿਸ਼ਨ ਵਲੋਂ ਯੋਗਤਾ ਮਿਤੀ 1 ਜਨਵਰੀ 2022 ਅਨੁਸਾਰ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਸੁਚਾਰੂ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਗਤੀਵਿਧੀਆਂ ਦੀ ਲੜੀ ਵਜੋਂ ਵੋਟਰ ਜਾਗਰੂਕਤਾ ਸਬੰਧੀ ਇੰਟਰ-ਕਾਲਜ ਪੇਂਟਿੰਗ ਮੁਕਾਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ),ਮਾਲ ਰੋਡ ਵਿਖੇ ਕਰਵਾਇਆ ਗਿਆ। ਇਸ ਮੌਕੇ ਆਪਣੇ ਸੰਬੌਧਨ ਵਿੱਚ ਜਿਲ੍ਹਾ ਸਵੀਪ ਟੀਮ ਮੈਂਬਰ ਮਿਸ ਆਦਰਸ਼ ਸ਼ਰਮਾ ਨੇ ਕਿਹਾ ਕਿ ਵੋਟ ਸਾਡਾ ਅਧਿਕਾਰ ਹੈ ਅਤੇ ਸਾਨੂੰ ਇਸ ਅਧਿਕਾਰ ਦੀ ਵਰਤੋਂ ਕਰਨ ਲਈ ਸਮੇਂ ਸਿਰ ਵੋਟ ਬਣਵਾਉਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਨਵੇਂ ਵੋਟਰਾਂ ਨੂੰ ਰਜਿਸਟਰ ਕਰਨ ਲਈ ਪ੍ਰਸ਼ਾਸਨ ਵਲੋਂ ‘ਹਰ ਇੱਕ ਵੋਟ ਹੈ ਜਰੂਰੀ’ ਮੁਹਿੰਮ ਚਲਾਈ ਜਾ ਰਹੀ ਹੈ, ਇਸਦਾ ਮੁੱਖ ਮਕਸਦ 1 ਜਨਵਰੀ, 2022 ਨੂੰ 18 ਸਾਲ ਦੀ ਉਮਰ ਹੱਦ ਪੂਰੀ ਕਰਨ ਵਾਲੇ ਸਾਰੇ ਯੋਗ ਵੋਟਰਾਂ ਦੀਆਂ ਨਵੀਆਂ ਵੋਟਾਂ ਬਣਾਉਣਾ ਹੈ।

ਉਹਨਾਂ ਕਿਹਾ ਕਿ ਇਸ ਟੀਚੇ ਨੂੰ ਸੌ ਫ਼ੀਸਦੀ ਹਾਸਿਲ ਕਰਨ ਵਿੱਚ ਕਾਲਜ਼ ਇੱਕ ਅਹਿਮ ਰੋਲ ਅਦਾ ਕਰ ਸਕਦੇ ਹਨ ਅਤੇ ਕਾਲਜ਼ ਪ੍ਰਬੰਧਕਾਂ ਦਾ ਇਹ ਫ਼ਰਜ ਬਣਦਾ ਹੈ ਕਿ ਉਹ ਇਸ ਕੰਮ ਨੂੰ ਪਹਿਲ ਦੇ ਅਧਾਰ ਤੇ ਕਰਨ।ਉਹਨਾਂ ਕਿਹਾ ਕਿ ਕੋਈ ਵੀ ਕਾਲਜ਼ ਵਿਦਿਆਰਥੀ ਵੋਟ ਬਣਾਉਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ।ਉਹਨਾਂ ਕਾਲਜ ਵਿਦਿਆਰਥੀਆਂ ਨੂੰ ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰਕੇ ਇਸਦਾ ਭਰਪੂਰ ਲਾਹਾ ਲੈਣ ਦੀ ਅਪੀਲ ਕੀਤੀ।

ਮਿਸ ਸ਼ਰਮਾ ਨੇ ਕਿਹਾ ਕਿ ਪੇਂਟਿੰਗ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਰੰਗਾਂ ਦੀ ਭਾਸ਼ਾ ਰਾਹੀਂ ਵੋਟ ਦੀ ਅਹਿਮੀਅਤ ਨੂੰ ਦਰਸਾਉਂਦੇ ਸਕੈੱਚ ਤਿਆਰ ਕਰਕੇ ਪ੍ਰੇਰਣਾਦਾਇਕ ਸੰਦੇਸ਼ ਦਿੱਤੇ ਹਨ। ਇਸ ਮੌਕੇ ਸ਼੍ਰੀਮਤੀ ਕੁਲਬੀਰ ਕੌਰ, ਅਲਕਾ ਰਾਣੀ, ਸ਼੍ਰੀਮਤੀ ਬਿਮਲਾ, ਗੀਤਿਕਾ, ਗੁਲਸ਼ਨ, ਸਤਵੰਤ ਕੌਰ, ਮੀਨਾਕਸ਼ੀ, ਮਨਜੀਤ ਕੌਰ, ਮਨਦੀਪ ਬੱਲ, ਜਿਲ੍ਹਾ ਸਵੀਪ ਟੀਮ ਮੈਂਬਰ ਰਾਜਿੰਦਰ ਸਿੰਘ, ਮੁਨੀਸ਼ ਕੁਮਾਰ, ਆਸ਼ੂ ਧਵਨ ਅਤੇ ਵਿਨੋਦ ਭੂਸ਼ਣ ਵੀ ਹਾਜ਼ਰ ਸਨ।ਜੇੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ।