ਪੰਥ ਪ੍ਰਤੀ ਉਸਾਰੂ ਕਾਰਜਾਂ ਅਤੇ ਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਦਮਦਮੀ ਟਕਸਾਲ ਅਤੇ ਸੰਤ ਸਮਾਜ ਸ਼੍ਰੋਮਣੀ ਕਮੇਟੀ ਨੂੰ ਦੇਵੇਗਾ ਸਹਿਯੋਗ
ਅੰਮ੍ਰਿਤਸਰ, 30 ਨਵੰਬਰ (ਗਗਨ) – ਸ਼੍ਰੋਮਣੀ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਦਮਦਮੀ ਟਕਸਾਲ ਦੇ ਹੈੱਡ ਕੁਆਟਰ, ਮਹਿਤਾ ਚੌਕ ਪਹੁੰਚ ਕੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨਾਲ ਮੁਲਾਕਾਤ ਕਰਦਿਆਂ ਪੰਥਕ ਵਿਚਾਰਾਂ ਕੀਤੀਆਂ। ਇਸ ਮੌਕੇ ਉਨ੍ਹਾਂ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮੱਥਾ ਟੇਕਿਆ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਸ: ਕਰਨੈਲ ਸਿੰਘ ਪੰਜੋਲੀ ਦੀ ਆਮਦ ’ਤੇ ਦਮਦਮੀ ਟਕਸਾਲ ਦੇ ਮੁਖੀ ਅਤੇ ਜਥੇ ਦੇ ਸਿੰਘਾਂ ਵੱਲੋਂ ਉਨ੍ਹਾਂ ਦਾ ਭਰਵਾ ਸਵਾਗਤ ਕੀਤਾ ਗਿਆ ਅਤੇ ਸਿਰੋਪਾਉ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋ: ਸਰਚਾਂਦ ਸਿੰਘ ਮੁਤਾਬਿਕ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਜਾਣ ‘ਤੇ ਐਡਵੋਕੇਟ ਧਾਮੀ ਅਤੇ ਸ: ਪੰਜੋਲੀ ਨੂੰ ਵਧਾਈ ਦਿੱਤੀ ਹੈ ਅਤੇ ਕਿਹਾ ਕਿ ਭਾਈ ਧਾਮੀ ਅਤੇ ਉਸ ਦੀ ਟੀਮ ਨੂੰ ਪੰਥਕ ਸੇਵਾਵਾਂ ਬਦਲੇ ਕੌਮ ਨੇ ਇਹ ਮਾਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੌਮ ਨੂੰ ਭਾਈ ਧਾਮੀ ਤੋਂ ਬਹੁਤ ਵੱਡੀਆਂ ਆਸਾਂ ਹਨ ਅਤੇ ਉਹ ਪੰਥ ‘ਚ ਆਈ ਨਿਘਾਰ ਨੂੰ ਦੂਰ ਕਰਦਿਆਂ ਪੰਥਕ ਮਾਮਲਿਆਂ ਨੂੰ ਸਹੀ ਦਿਸ਼ਾ ਵਿਚ ਵਾਚਣ, ਹੱਲ ਕਰਨ ਤੋਂ ਇਲਾਵਾ ਕੌਮ ਦੀ ਸੇਵਾ ਨੂੰ ਪਹਿਲਾਂ ਨਾਲੋਂ ਵੱਧ ਸਮਰਪਿਤ ਅਤੇ ਤਰਜੀਹ ਦੇਣ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਕਾਰਜਾਂ ਵਿਚ ਭ੍ਰਿਸ਼ਟਾਚਾਰ ਰਹਿਤ ਅਤੇ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਵਲ ਵਿਸ਼ੇਸ਼ ਤਵੱਜੋ ਤੇ ਤਰਜੀਹ ਦੇਣ ਲਈ ਵੀ ਕਿਹਾ। ਉਨ੍ਹਾਂ ਧਰਮ ਪ੍ਰਚਾਰ ਲਹਿਰ ਨੂੰ ਹੋਰ ਤੇਜ਼ ਕਰਨ ਅਤੇ ਨੌਜਵਾਨ ਪੀੜੀ ਨੂੰ ਪਤਿਤਪੁਣੇ ਤੋਂ ਹਟਾ ਕੇ ਸਿੱਖੀ ਨਾਲ ਜੋੜਨ ਪ੍ਰਤੀ ਕਾਰਜ ਕਰਨ ਲਈ ਕਿਹਾ। ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਨੇ ਗੁਰੂ ਪੰਥ ਦੇ ਉਸਾਰੂ ਕਾਰਜਾਂ, ਧਾਰਮਿਕ ਪ੍ਰਚਾਰ ਪ੍ਰਸਾਰ ਅਤੇ ਪੰਥ ਦੀ ਮਜ਼ਬੂਤੀ ਲਈ ਸ਼੍ਰੋਮਣੀ ਕਮੇਟੀ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਉਨ੍ਹਾਂ ਨੂੰ ਪੰਥਕ ਮਾਮਲਿਆਂ ਪ੍ਰਤੀ ਸਮੂਹ ਪੰਥਕ ਜਥੇਬੰਦੀਆਂ ਤੇ ਸੰਪਰਦਾਵਾਂ ਨੂੰ ਨਾਲ ਲੈ ਕੇ ਚੱਲਣ ਲਈ ਕਿਹਾ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਪੰਥ ਨੂੰ ਇਕ ਲੜੀ ‘ਚ ਪਰੋਣ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਦਮਦਮੀ ਟਕਸਾਲ ਕੌਮ ਦੀ ਚੜ੍ਹਦੀਕਲਾ ਲਈ ਮੋਹਰੀ ਰੋਲ ਅਦਾ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਅੱਜ ਬਾਣੀ ਅਤੇ ਬਾਣੇ ਦਾ ਪ੍ਰਚਾਰ ਸਮੇਂ ਦੀ ਲੋੜ ਹੈ ਅਤੇ ਦਮਦਮੀ ਟਕਸਾਲ ਨੇ ਧਾਰਮਿਕ ਸਮਾਗਮਾਂ ਰਾਹੀਂ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ ਹੈ। ਉਨ੍ਹਾਂ ਕੌਮ ਨੂੰ ਦਰਪੇਸ਼ ਮਾਮਲਿਆਂ ਦੇ ਹੱਲ ਲਈ ਸਿਰ ਜੋੜ ਕੇ ਬੈਠਣ ਤੇ ਗੁਰਮਤਿ ਦੀ ਸਾਂਝ ਪਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਪਣੀਆਂ ਜ਼ਿੰਮੇਵਾਰੀਆਂ ਤਨ ਦੇਹੀ ਨਾਲ ਨਿਭਾਉਣ ਅਤੇ ਮੀਰੀ ਪੀਰੀ ਦੇ ਸਿਧਾਂਤ ਦੀ ਪਹਿਰੇਦਾਰੀ ਕਰਨ ਦਾ ਭਰੋਸਾ ਦਿੱਤਾ। ਸ੍ਰੋਮਣੀ ਕਮੇਟ. ਦੇ ਜਨਰਲ ਸਕਤਰ ਸ: ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਦਮਦਮੀ ਟਕਸਾਲ ਪੰਥ ਦੀ ਰੂਹ ਹੈ, ਜਿਸ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ। ਅਨੇਕਾਂ ਨੌਜਵਾਨਾਂ ਤੋਂ ਨਸ਼ਾ ਛੁਡਾਉਣ ਅਤੇ ਅਨੇਕਾਂ ਨੂੰ ਅੰਮ੍ਰਿਤ ਛਕਾਇਆ। ਉਨ੍ਹਾਂ ਦੇਹਧਾਰੀ ਗੁਰੂ ਡੰਮ੍ਹ ਦਾ ਸਖ਼ਤ ਵਿਰੋਧ ਕੀਤਾ ਅਤੇ ਪੰਥ ਵਿਚ ਜਾਗ੍ਰਿਤੀ ਪੈਦਾ ਕੀਤੀ। ਇਸ ਮੌਕੇ ਭਾਈ ਅਜੈਬ ਸਿੰਘ ਅਭਿਆਸੀ, ਬਾਬਾ ਜੀਵਾ ਸਿੰਘ, ਗਿਆਨੀ ਸਾਹਬ ਸਿੰਘ, ਸੇਵਾ ਸਿੰਘ ਭੱਕਲਾਂ, ਗਿਆਨੀ ਹੀਰਾ ਸਿੰਘ ਮਨਿਆਲਾ, ਸੰਤ ਬਾਬਾ ਅਜੀਤ ਸਿੰਘ ਤਰਨਾ ਦਲ ਮਹਿਤਾ ਚੌਕ, ਭਾਈ ਰਵਿੰਦਰ ਪਾਲ ਸਿੰਘ ਰਾਜੂ ਸੂਸਾ, ਮਾ: ਸਖਵਿੰਦਰ ਸਿੰਘ ਸੂਸਾਂ ਜ: ਤਰਲੋਚਨ ਸਿੰਘ, ਜ: ਜਰਨੈਲ ਸਿੰਘ, ਵੀ ਹਾਜ਼ਰ ਸਨ।