Archives July 2021

ਭਗਤ ਪੂਰਨ ਸਿੰਘ ਜੀ ਦੀ 29ਵੀਂ ਬਰਸੀ ਨੂੰ ਸਮਰਪਿਤ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਪਿੰਗਲਵਾੜਾ ਸੰਸਥਾ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਕਰਵਾਏ ਗਏ

ਅੰਮ੍ਰਿਤਸਰ, 31 ਜੁਲਾਈ (ਗਗਨ) – ਅਜ ਭਗਤ ਪੂਰਨ ਸਿੰਘ ਦੀ ਯਾਦ ਵਿਚ ਗਾਇਆ ਗੀਤ ਜੋ ਕਿ ਜਲਦੀ ਰਿਲੀਜ਼ ਹੋ ਰਿਹਾ ਹੈ, ਉਸਦੇ ਇੰਡ-ਕਨੇਡੀਅਨ ਗਾਇਕ ਸ੍ਰ. ਜੁਗ ਬਾਜਵਾ ਜੋ ਕਿ ਜਨਮ ਤੋਂ ਹੀ ਅੱਖਾਂ ਤੋਂ ਵਾਂਝੇ ਹਨ ਅਤੇ ਸੰਗੀਤਕਾਰ ਸੁਨੀਲ ਕਸ਼ਅਪ ਨੇ ਵਿਦੇਸ਼ ਤੋਂ ਆਨ-ਲਾਈਨ ਸਕੂਲੀ ਬੱਚਿਆਂ ਅਤੇ ਪਿੰਗਲਵਾੜਾ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ । ਇਸ ਮੌਕੇ ਪਿੰਗਲਵਾੜਾ ਸੰਸਥਾ ਅਧੀਨ ਚਲਦੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵੱਲੋਂ ਇਨ੍ਹਾਂ ਮਹਾਨ ਕਲਾਕਾਰਾਂ ਨੂੰ ਉਨ੍ਹਾਂ ਦੇ ਜੀਵਨ ਅਤੇ ਪ੍ਰਾਪਤੀਆਂ ਨਾਲ ਜੁੜੇ ਕਈ ਸਵਾਲ ਕੀਤੇ ਗਏ । ਜਿਨ੍ਹਾਂ ਸਵਾਲਾਂ ਦੇ ਜਵਾਬ ਇਨ੍ਹਾਂ ਕਲਾਕਾਰਾਂ ਵਲੋਂ ਬੱਚਿਆਂ ਨੂੰ ਬੜੇ ਸੋਹਣੇ ਢੰਗ ਨਾਲ ਦਿਤੇ ਗਏ । ਉਨਾਂ ਨੇ ਬੱਚਿਆਂ ਨੂੰ ਜੀਵਨ ਵਿਚ ਮਿਹਨਤ ਦੇ ਨਾਲ ਉੱਚੇ ਮੁਕਾਮ ਹਾਸਲ ਕਰਨ ਵਾਲੀਆਂ ਪ੍ਰੇਰਨਾ ਦਾਇਕ ਗੱਲਾਂ ਸਮਝਾਈਆਂ । ਉਨ੍ਹਾਂ ਨੇ ਬੱਚਿਆਂ ਨੂੰ ਆਪਣੀ ਮਿੱਠੀ ਆਵਾਜ਼ ਵਿਚ ਗੀਤ ਸੁਣਾ ਕੇ ਤਾੜੀਆਂ ਵਜਾਉਣ ਲਈ ਮਜਬੂਰ ਕਰ ਦਿਤਾ । ਸ੍ਰ. ਬਾਜਵਾ ਅਤੇ ਮਿਸਟਰ ਕਸ਼ਅਪ ਵੱਲੋਂ ਕਿਹਾ ਗਿਆ ਕਿ ਪਿੰਗਲਵਾੜਾ ਸੰਸਥਾ ਲਈ ਕੁਝ ਕਰਨਾ ਉਨ੍ਹਾਂ ਲਈ ਬੜਾ ਵੱਡਾ ਸੁਭਾਗ ਹੋਵੇਗਾ ।

ਇਸ ਤੋਂ ਬਾਅਦ ਭਗਤ ਪੂਰਨ ਸਿੰਘ ਜੀ ਦੀ 29ਵੀਂ ਬਰਸੀ ਨੂੰ ਸਮਰਪਿਤ ਬੱਚਿਆਂ ਦੇ ਪੇਂਟਿੰਗ (ਵਾਤਾਵਰਣ ਵਿਸ਼ਿਆਂ ਆਦਿ ਉੱਪਰ ਆਧਾਰਿਤ) ਮੁਕਾਬਲੇ ਪਿੰਗਲਵਾੜਾ ਸੰਸਥਾ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਕਰਵਾਏ ਗਏ। ਇਸ ਗੱਲ ਦਾ ਪ੍ਰਗਟਾਵਾ ਪਿੰਗਲਵਾੜਾ ਸੰਸਥਾ ਦੇ ਮੁਖੀ ਡਾ: ਇੰਦਰਜੀਤ ਕੌਰ ਨੇ ਕਰਦੇ ਹੋਏ ਦੱਸਿਆ ਕਿ ਕਿ ਇਸ ਮੁਕਾਬਲੇ ਵਿਚ ਪਿੰਗਲਵਾੜਾਂ ਸੰਸਥਾ ਅਧੀਨ ਚਲਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਵਾਰਡਾਂ ਦੇ ਮਰੀਜ਼ਾਂ ਨੇ ਭਾਗ ਲਿਆ।

ਉਨ੍ਹਾਂ ਦੱਸਿਆ ਕਿ ਬੱਚਿਆ ਵੱਲੋਂ ਬਹੁਤ ਹੀ ਖੂਬਸੁਰਤ ਤਰੀਕੇ ਨਾਲ ਵਾਤਾਵਰਣ ਉੱਪਰ ਆਧਾਰਿਤ ਪੇਂਟਿੰਗ ਆਦਿ ਬਹੁਤ ਵਧੀਆ ਢੰਗ ਨਾਲ ਬਣਾਈਆਂ ਗਈਆਂ। ਇਸ ਮੌਕੇ ਕਲਾ ਪ੍ਰੇਮੀ ਸ੍ਰ: ਕੁਲਵੰਤ ਸਿੰਘ ਗਿੱਲ, ਸ੍ਰੀ ਬ੍ਰਿਜੇਸ਼ ਜੋਲੀ, ਸ੍ਰੀ ਸੰਜੇ ਕੁਮਾਰ, ਸ੍ਰ. ਨਰਿੰਦਰ ਸਿੰਘ ਬਤੌਰ ਜੱਜ ਪੁੱਜੇ।ਡਾ. ਹਰਜੀਤ ਸਿੰਘ(ਸਾਬਕਾ ਡਾਇਰੈਕਟਰ ਦੂਰਦਰਸ਼ਨ ਜਲੰਧਰ) ਮੁੱਖ ਮਹਿਮਾਨ ਵੱਜੋਂ ਪੁੱਜੇ ਅਤੇ ਉਨ੍ਹਾਂ ਨੇ ਜੇਤੂ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ । ਡਾ. ਇੰਦਰਜੀਤ ਕੌਰ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਬੱਚਿਆਂ ਦੀ ਪ੍ਰਤਿਭਾ ਵਿੱਚ ਹੋਰ ਨਿਖਾਰ ਆਵੇਗਾ।ਉਨ੍ਹਾਂ ਨੇ ਖਰਾਬ ਹੋ ਰਹੇ ਵਾਤਾਵਰਨ ਤੇ ਚਿੰਤਾ ਪ੍ਰਗਟਾਈ।

ਪੇਂਟਿੰਗ ਮੁਕਾਬਲਿਆਂ ਦੇ ਨਤੀਜਿਆਂ ਵਿੱਚ ਸਹਿਜਪ੍ਰੀਤ ਕੌਰ(ਭਗਤ ਪੂਰਨ ਸਿੰਘ ਆਦਰਸ਼ ਸੀ: ਸੈ; ਸਕੂਲ, ਮਾਨਾਂਵਾਲਾ), ਹਰਪ੍ਰੀਤ ਕੌਰ (ਭਗਤ ਪੂਰਨ ਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਜ) ਹਰਨੇਕ ਸਿੰਘ(ਪਿਆਰਾ ਸਿੰਘ ਵਾਰਡ) ਨੇ ਪਹਿਲਾ ਸਥਾਨ, ਕੁਮਾਰੀ ਅਮੀਸ਼ਾ (ਭਗਤ ਪੂਰਨ ਸਿੰਘ ਆਦਰਸ਼ ਸੀ: ਸੈ; ਸਕੂਲ, ਮਾਨਾਂਵਾਲਾ), ਸੁਖਦੀਪ ਕੌਰ(ਫੀਮੇਲ ਵਾਰਡ) ਨੇ ਦੂਜਾ ਅਤੇ ਗੁਰਲੀਨਪ੍ਰੀਤ ਕੌਰ(ਭਗਤ ਪੂਰਨ ਸਿੰਘ ਸਕੂਲ ਫਾਰ ਡੈੱਫ), ਮਾਰੂਤੀ(ਪਿਆਰਾ ਸਿੰਘ ਵਾਰਡ) ਨੇ ਤੀਜਾ ਸਥਾਨ ਹਾਸਿਲ ਕੀਤਾ । ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਵਲੋਂ ਆਏ ਜੱਜਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪਿੰਗਲਵਾੜਾ ਸੋਸਾਇਟੀ ਦੇ ਮੁਖ ਸੇਵਾਦਾਰ ਡਾ. ਇੰਦਰਜੀਤ ਕੌਰ, ਆਨਰੇਰੀ ਸਕੱਤਰ ਮੁਖਤਾਰ ਸਿੰਘ ਗੁਰਾਇਆ, ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਮੈਂਬਰ ਪਿੰਗਲਵਾੜਾ ਸੋਸਾਇਟੀ ਸ੍ਰ. ਰਾਜਬੀਰ ਸਿੰਘ, ਪ੍ਰਸ਼ਾਸਕ ਪਿੰਗਲਵਾੜਾ ਸੋਸਾਇਟੀ ਕਰਨਲ ਦਰਸ਼ਨ ਸਿੰਘ ਬਾਵਾ, ਸ੍ਰ. ਐਸ.ਐਸ. ਛੀਨਾ, ਸ੍ਰ. ਆਰ.ਪੀ. ਸਿੰਘ, ਸ੍ਰੀ. ਯੋਗੇਸ਼ ਸੂਰੀ, ਜਨਰਲ ਮੈਨੇਜਰ ਸ਼੍ਰੀ ਤਿਲਕ ਰਾਜ ਅਤੇ ਵੱਖ-ਵੱਖ ਸਕੂਲਾਂ ਤੋਂ ਆਏ ਬੱਚੇ ਅਤੇ ਅਧਿਆਪਕ ਆਦਿ ਹਾਜ਼ਰ ਸਨ।