Archives June 2021

ਝੂਠ ਦੇ ਚਿਮਟੇ ਨਾਲ ਮਹਾਂਮਾਰੀ ਦਾ ਇਲਾਜ

ਲਗਦਾ ਹੈ ਅਸੀਂ ਉਸ ਦੇਸ਼ ਦੇ ਵਸਨੀਕ ਬਣਦੇ ਜਾ ਰਹੇ ਹਾਂ, ਜਿਸ ਦੇਸ਼ ਵਿੱਚ ਬਿਮਾਰੀ ਦਾ ਇਲਾਜ ਡਾਕਟਰਾਂ, ਨਰਸਾਂ, ਦਵਾਈਆਂ, ਟੀਕਿਆਂ, ਵੈਕਸੀਨਾਂ ਅਤੇ ਹਸਪਤਾਲਾਂ ਦੀ ਬਜਾਏ ਝੂਠ ਨਾਲ ਕੀਤਾ ਜਾ ਰਿਹਾ ਹੈ। ਝੂਠ ਵੱਧ ਤੋਂ ਵੱਧ ਫੈਲਾਅ ਕੇ ਜਨਤਾ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਝੂਠ ਮੌਜੂਦਾ ਸੈਂਟਰ ਦੀ ਸਰਕਾਰ ਦੀਆਂ ਏਜੰਸੀਆਂ ਰਾਹੀਂ, ਗੋਦੀ ਮੀਡੀਆ ਅਤੇ ਪ੍ਰਿੰਟ ਮੀਡੀਆ ਰਾਹੀਂ ਫੈਲਾਇਆ ਜਾ ਰਿਹਾ ਹੈ। ਇਸ ਵਿੱਚ ਸੌ ਫੀਸਦੀ ਅੰਧ ਭਗਤਾਂ ਦਾ ਵੀ ਰੋਲ ਹੈ, ਜੋ ਹਰ ਚੰਗੀ ਗੱਲ ਸਰਕਾਰ ਦੇ ਖਾਤੇ ਅਤੇ ਮਾੜੀ ਗੱਲ ਵਿਰੋਧੀਆਂ ਦੇ ਖਾਤੇ ਵਿੱਚ ਪਾਉਣ ਲਈ ਦਿਨ-ਰਾਤ ਇੱਕ ਕਰ ਰਹੇ ਹਨ।ਅੱਜ ਤਕ ਸਾਡੀ ਮੁੱਖ ਦੋਸ਼ੀ, ਕਰੋਨਾ ਬਿਮਾਰੀ ਹੀ ਸੀ, ਪਰ ਅਚਾਨਕ ਇਸ ਬਿਮਾਰੀ ਵਿੱਚੋਂ ਨਿਕਲੀ ਨਵੀਂ ਬਿਮਾਰੀ ਜਿਹੜੀ ਬਲੈਕ ਫੰਗਸ ਦੇ ਨਾਮ ਨਾਲ ਜਾਣੀ ਜਾਂਦੀ ਹੈ, ਵੀ ਵਧ ਰਹੀ ਹੈ। ਇਸ ਨਵੀਂ ਬਿਮਾਰੀ ਦੇ ਹਾਲ ਦੀ ਘੜੀ ਅਸੀਂ ਹੀ ਚੈਂਪੀਅਨ ਹਾਂ, ਜਿਸ ਨੂੰ ਸਰਕਾਰ ਇੱਕ ਵੱਡੀ ਮਹਾਂਮਾਰੀ ਘੋਸ਼ਿਤ ਕਰਨ ਜਾ ਰਹੀ ਹੈ। ਕਈ ਸੂਬਿਆਂ ਨੇ ਇਸ ਸੰਬੰਧ ਵਿੱਚ ਪਹਿਲ ਵੀ ਕਰ ਦਿੱਤੀ ਹੈ। ਫੂਡ ਅਤੇ ਡਰੱਗ ਡਿਪਾਰਟਮੈਂਟ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਇਸ ਬਿਮਾਰੀ ਦੇ ਬਾਕੀ ਕਾਰਨਾਂ ਤੋਂ ਇਲਾਵਾ ਕਿਤੇ ਦੂਸ਼ਿਤ ਆਕਸੀਜਨ ਅਤੇ ਪਾਣੀ ਤਾਂ ਨਹੀਂ। ਮੌਜੂਦਾ ਨਿਕੰਮੀ ਸਰਕਾਰ ਦੀਆਂ ਨਿਕੰਮੀਆਂ ਪਾਲਸੀਆਂ ਕਰਕੇ ਸਭ ਕੁਝ ਦੂਸ਼ਿਤ ਹੋ ਰਿਹਾ ਹੈ। ਇਸ ਬੀਮਾਰੀ ਨਾਲ ਲੜਨ ਲਈ ਵੀ ਸਰਕਾਰ ਪਾਸ ਨਾ ਦਵਾਈਆਂ, ਨਾ ਹੀ ਟੀਕਿਆਂ ਦਾ ਕੋਈ ਯੋਗ ਪ੍ਰਬੰਧ ਹੈ। ਸਰਕਾਰ “ਵਿਹੜੇ ਆਈ ਜੰਜ, ਬਿੰਨੋ ਕੁੜੀ ਦੇ ਕੰਨ” ਵਾਲੀ ਪਾਲਿਸੀ ’ਤੇ ਚੱਲ ਰਹੀ ਹੈ।ਲਗਭਗ ਸਭ ਸਰਕਾਰਾਂ ਆਪਣੀਆਂ ਕਮਜ਼ੋਰੀਆਂ ਲੁਕੋਣ ਲਈ ਘੱਟ ਗਿਣਤੀ-ਮਿਣਤੀ ਦੇ ਅੰਕੜਿਆਂ ਦਾ ਸਹਾਰਾ ਲੈ ਰਹੀਆਂ ਹਨ। ਉਹ ਘੱਟ ਕਰੋਨਾ ਟੈਸਟ ਕਰਕੇ ਘੱਟ ਬਿਮਾਰੀ ਦੱਸ ਰਹੀਆਂ ਹਨ। ਮਰਨ ਵਾਲਿਆਂ ਨੂੰ ਕਰੋਨਾ ਗਿਣਤੀ ਵਿੱਚ ਘੱਟ ਦਿਖਾ ਕੇ ਆਪਣੀ ਪਿੱਠ ਥਾਪੜਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਮੌਤਾਂ ਨੂੰ ਵੱਖ-ਵੱਖ ਕੈਟਾਗਰੀਆਂ ਵਿੱਚ ਰੱਖ ਕੇ ਕਰੋਨਾ ਨੂੰ ਘੱਟ ਦਿਖਾ ਰਹੇ ਹਨ।

ਇਸ ਸੰਬੰਧ ਵਿੱਚ ਦੂਰ ਕੀ ਜਾਣਾ, ਤੁਸੀਂ ਯੂ ਪੀ ਸਰਕਾਰ ਦੀ ਹੀ ਉਦਾਹਰਣ ਲਓ, ਜੋ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਹੈ। ਜਿਸ ਬਾਰੇ ਯੂਪੀ ਦੀ ਹਾਈ ਕੋਰਟ ਨੇ, ਸਿਸਟਮ ਬਾਰੇ ਆਖਿਆ ਹੈ ਕਿ “ਸਭ ਰਾਮ ਭਰੋਸੇ ਚੱਲ ਰਿਹਾ ਹੈ।” ਜਿਸ ’ਤੇ ਯੂ ਪੀ ਸਰਕਾਰ ਨੇ ਸੁਪਰੀਮ ਕੋਰਟ ਦਾ ਬੂਹਾ ਵੀ ਖੜਕਾਇਆ ਹੈ। ਸਭ ਜਾਣਦੇ ਹਨ ਕਿ ਆਪਣੀ ਲੋਕਪ੍ਰਿਅਤਾ ਦਾ ਗਰਾਫ਼ ਦਿਖਾਲਣ ਵਾਸਤੇ ਯੂ ਪੀ ਦੇ ਅੜੀਅਲ ਮੁੱਖ ਮੰਤਰੀ ਨੇ, ਯੂ ਪੀ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ ਚੋਣਾਂ ਨਾ ਕਰਾਉਣ ਦੀਆਂ ਬੇਨਤੀਆਂ ਨੂੰ ਦਰ-ਕਿਨਾਰ ਕਰਦਿਆਂ ਚੋਣਾਂ ਕਰਾਈਆਂ, ਜਿਸਦੇ ਰਿਜ਼ਲਟ ਦੋ ਮਈ ਨੂੰ ਘੋਸ਼ਿਤ ਕੀਤੇ ਗਏ। ਜਿਸ ਵਿੱਚ ਹੰਕਾਰੀ ਨੇਤਾ ਨੂੰ ਆਪਣੀ ਉਮੀਦ ਤੋਂ ਕਿਤੇ ਘੱਟ ਸਫ਼ਲਤਾ ਮਿਲੀ। ਦਾਅ ’ਤੇ ਲਾਈ ਆਪਣੀ ਲੋਕਪ੍ਰਿਅਤਾ ਕਿਤੇ ਦਿਖਾਈ ਨਹੀਂ ਦਿੱਤੀ। ਉੱਥੇ ਹੋਈਆਂ ਚੋਣਾਂ ਵਿੱਚ ਭਾਗ ਲੈਣ ਵਾਲੇ ਸਰਕਾਰੀ ਮੁਲਾਜ਼ਮ, ਜਿਨ੍ਹਾਂ ਦੇ ਕੰਮ ਕਰਨ ਨਾਲ ਇਹ ਚੋਣਾਂ ਹੋ ਸਕੀਆਂ, ਉਨ੍ਹਾਂ ਵਿੱਚੋਂ ਬਹੁਤੇ ਐਜੂਕੇਸ਼ਨ ਡਿਪਾਰਟਮੈਂਟ ਨਾਲ ਸੰਬੰਧ ਰੱਖਦੇ ਹਨ। ਉਨ੍ਹਾਂ ਵਿੱਚੋਂ ਕੁਝ ਚੋਣ ਦੌਰਾਨ ਅਤੇ ਬਹੁਤੇ ਚੋਣਾਂ ਤੋਂ ਬਾਅਦ ਆਪਣੇ ਪਰਿਵਾਰ ਅਤੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਇਨ੍ਹਾਂ ਮਰਨ ਵਾਲਿਆਂ ਵਿੱਚੋਂ ਬਹੁਤਿਆਂ ਦੀ ਔਸਤਨ ਉਮਰ 45 ਸਾਲ ਸੀ। ਉਹਨਾਂ ਮਰਨ ਵਾਲਿਆਂ ਵਿੱਚ ਬੱਚਿਆਂ ਦੀਆਂ ਮਾਵਾਂ, ਬਾਪ, ਭਰਾ, ਪੁੱਤ, ਭਤੀਜੇ ਆਦਿ ਸਨ। ਉਹ ਸਭ ਨੌਕਰੀ ਵਿੱਚ ਹੋਣ ਕਾਰਨ ਘੱਟ ਉਮਰ ਦੇ ਸਨ। ਜਿਸ ਕਰਕੇ ਬੱਚੇ ਛੋਟੇ ਹੋਣ ਕਾਰਨ ਅਨਾਥ ਹੋ ਗਏ। ਮੁਲਾਜ਼ਮਾਂ ਦੀ ਯੂਨੀਅਨ ਮੁਤਾਬਕ ਅਜਿਹੇ ਯੋਧਿਆਂ ਦੀ ਕੁਲ ਗਿਣਤੀ 1621 ਬਣਦੀ ਹੈ, ਜਦਕਿ ਸਰਕਾਰੀ ਰਿਕਾਰਡ ਮੁਤਾਬਕ ਸਿਰਫ਼ (ਤਿੰਨ) ਬਣਦੀ ਹੈ। ਇਹ ਤੁਸੀਂ ਆਪ ਦੇਖ ਲਵੋ ਕਿ ਸਰਕਾਰੀ ਅਤੇ ਗੈਰ-ਸਰਕਾਰੀ ਅੰਕੜਿਆਂ ਵਿੱਚ ਕਿੰਨਾ ਫ਼ਰਕ ਹੈ। ਅਗਰ ਇਹ ਅੰਕੜੇ ਸੱਚ ਹਨ (ਜਿਨ੍ਹਾਂ ਦੀ ਜਾਂਚ ਕੀਤੀ ਜਾ ਸਕਦੀ ਹੈ) ਤਾਂ ਝੂਠ ਦੀ ਉਚਾਈ ਦਾ ਅੰਦਾਜ਼ਾ ਤੁਸੀਂ ਆਪ ਲਗਾ ਸਕਦੇ ਹੋ। ਇਸ ਸੂਬੇ ਦਾ ਮੁਖੀ ਉਹ ਵਿਅਕਤੀ ਹੈ, ਜਿਜੜਾ ਗ੍ਰਹਿਸਤ ਤਿਆਗ ਕੇ ਸੱਚ ਦੀ ਖੋਜ ਵਿੱਚ ਜੰਗਲਾਂ ਨੂੰ ਜਾਂਦਾ-ਜਾਂਦਾ ਸਿਆਸਤ ਦੇ ਝੂਟੇ ਲੈਣ ਲਈ ਮਜਬੂਰ ਹੋ ਗਿਆ। ਹੁਣ ਕੋਈ ਗ੍ਰਹਿਸਤੀ ਤਾਂ ਕੁਰਸੀ ਦਾ ਤਿਆਗ ਕਰ ਸਕਦਾ ਹੈ, ਪਰ ਯੋਗੀ ਤੋਂ ਭੋਗੀ ਬਣਿਆ ਵਿਅਕਤੀ ਅਜਿਹਾ ਨਹੀਂ ਕਰ ਸਕਦਾ।

ਯੂ ਪੀ ਵਿੱਚ ਉਪਰੋਕਤ ਮੌਤਾਂ ਦੀ ਗਿਣਤੀ ਕਾਫ਼ੀ ਘਟ ਸਕਦੀ ਸੀ, ਅਗਰ ਉੱਥੇ ਦਾ ਸਿਹਤ ਸਿਸਟਮ ਮਜ਼ਬੂਤ ਬਣਾਇਆ ਹੁੰਦਾ। ਦਰਅਸਲ ਉੱਥੇ ਦਾ ਸਿਹਤ ਸਿਸਟਮ ਸਰਕਾਰੀ ਮੁਲਾਜ਼ਮਾਂ ਦੇ ਮਰਨ ਤੋਂ ਪਹਿਲਾਂ ਹੀ ਮਰ ਚੁੱਕਾ ਸੀ। ਸਰਕਾਰ ਅਤੇ ਉਸਦਾ ਸਰਕਾਰੀ ਅਮਲਾ ਇਸ ਕਰਕੇ ਵੀ ਥੋਕ ਵਿੱਚ ਝੂਠ ਬੋਲ ਰਿਹਾ ਹੈ, ਕਿਉਂਕਿ ਮਰਨ ਵਾਲਿਆਂ ਦੇ ਪੀੜਤ ਪਰਿਵਾਰਾਂ ਨੇ ਕਾਨੂੰਨੀ ਤੌਰ ’ਤੇ ਮੁਆਵਜ਼ਾ ਮੰਗਣਾ ਸ਼ੁਰੂ ਕਰ ਦਿੱਤਾ ਹੈ, ਜੋ ਉਹਨਾਂ ਦਾ ਹੱਕ ਬਣਦਾ ਹੈ। ਪੰਚਾਇਤੀ ਚੋਣਾਂ ਵਿੱਚ ਡਿਊਟੀ ਦੇਣ ਵਾਲੇ, ਬੀਮਾਰੀ ਦੇ ਸ਼ਿਕਾਰ ਕਈ ਮੁਲਾਜ਼ਮ ਅੱਜ ਵੀ ਆਪਣੇ ਇਲਾਜ ਲਈ ਦਰ-ਦਰ ਭਟਕ ਰਹੇ ਹਨ। ਡਿਊਟੀ ਦੌਰਾਨ ਜਿਨ੍ਹਾਂ ਦੀਆਂ ਬਿਮਾਰੀ ਕਾਰਨ ਮੌਤਾਂ ਵੀ ਹੋਈਆਂ, ਉਨ੍ਹਾਂ ਦੇ ਮੌਤ ਦੇ ਸਰਟੀਫਿਕੇਟਾਂ ਵਿੱਚ ਕਰੋਨਾ ਕਾਰਨ ਨਹੀਂ ਲਿਖਿਆ ਗਿਆ। ਚੋਣਾਂ ਦੌਰਾਨ ਪੁਲਿਸ ਮੁਲਾਜ਼ਮ ਜੋ ਮਰੇ, ਪਤਾ ਨਹੀਂ ਇਹ ਕਿਸ ਕਾਰਨ ਡਰੇ ਕਿ ਆਪਣੀ ਅਵਾਜ਼ ਨਹੀਂ ਉਠਾ ਸਕੇ। ਸ਼ਾਇਦ ਇਸ ਕਰਕੇ ਨਾ ਉਠਾਈ ਹੋਵੇ, ਕਿਉਂਕਿ ਯੋਗੀ ਰਾਜ ਵਿੱਚ ਸੱਚ ਬੋਲਣ ਵਾਲਿਆਂ ਖ਼ਿਲਾਫ਼ ਪਰਚੇ ਹੋ ਰਹੇ ਹਨ।ਇਹ ਸੱਚ ਹੈ ਕਿ ਯੂ ਪੀ ਦਾ ਯੋਗੀ ਕਾਫ਼ੀ ਪੜ੍ਹਿਆ-ਲਿਖਿਆ ਯੋਗੀ ਹੈ। ਅਮਲ ਵਿੱਚ ਓਨਾ ਸਿਆਣਾ ਨਹੀਂ ਲੱਗਦਾ। ਜੇਕਰ ਉਸ ਨੇ ਸੁਕਰਾਤ ਦੀਆਂ ਇਹ ਲਾਈਨਾਂ ਪੜ੍ਹੀਆਂ ਹੁੰਦੀਆਂ ਤੇ ਉਸ ਉੱਤੇ ਅਮਲ ਕੀਤਾ ਹੁੰਦਾ ਤਾਂ ਉਸ ਦਾ ਹੰਕਾਰ ਅਜੋਕੀ ਉਚਾਈ ’ਤੇ ਨਾ ਪਹੁੰਚਿਆ ਹੁੰਦਾ। ਸੁਕਰਾਤ ਨੇ ਕਿਹਾ ਸੀ, “ਆਪਣੀ ਗਲਤੀ ਮੰਨਣ ਅਤੇ ਗੁਨਾਹ ਛੱਡਣ ਵਿੱਚ ਕਦੇ ਦੇਰੀ ਨਾ ਕਰੋ, ਕਿਉਂਕਿ ਸਫ਼ਰ ਜਿੰਨਾ ਲੰਬਾ ਕਰੋਗੇ, ਵਾਪਸੀ ਓਨੀ ਹੀ ਮੁਸ਼ਕਲ ਹੋਵੇਗੀ।” ਪਰ ਅਜਿਹਾ ਉਹ ਕਰ ਨਹੀਂ ਸਕਿਆ ਅਤੇ ਨਾ ਹੀ ਉਹ ਕਰ ਸਕੇਗਾ, ਕਿਉਂਕਿ ਇਸ ਪਿੱਛੇ ਉਸ ਗੰਗਾ ਪੁੱਤਰ ਦਾ ਹੱਥ ਹੈ, ਜੋ ਸਮੁੰਦਰ ਅਤੇ ਦਰਿਆਵਾਂ ਦੇ ਕੰਢਿਆਂ ਤੋਂ ਚਾਰ-ਚੁਫੇਰੇ ਕੈਮਰੇ ਲਗਾ ਕੇ ਪਲਾਸਟਿਕ ਦੀਆਂ ਖਾਲੀ ਬੋਤਲਾਂ ਨੂੰ ਇਕੱਠਾ ਕਰਨ ਦਾ ਡਰਾਮਾ ਕਰਦਾ ਹੈ, ਪਰ ਅਸਲੀਅਤ ਵਿੱਚ ਉਸਦੀ ਗੰਗਾ ਮਾਂ ਦੇ ਕਿਨਾਰਿਆਂ ’ਤੇ ਅਣਗਿਣਤ ਕਰੋਨਾ ਕਾਰਨ ਲਾਸ਼ਾਂ ਪਈਆਂ ਉਸ ਨੂੰ ਦਿਖਾਈ ਨਹੀਂ ਦਿੰਦੀਆਂ।

ਜੋ ਸਭ ਕੁਝ ਦੇਖਣ ਤੋਂ ਬਾਅਦ ਅੱਖਾਂ ਬੰਦ ਕਰਕੇ ਖਾਮੋਸ਼ ਹੋ ਜਾਂਦਾ ਹੈ। ਜੇ ਗੰਗਾ ਪੁੱਤਰ ਦਾ ਅਜਿਹਾ ਹਾਲ ਹੈ ਤਾਂ ਉਸ ਦੇ ਚੇਲਿਆਂ ਬਾਰੇ ਤੁਸੀਂ ਆਪ ਅੰਦਾਜ਼ਾ ਲਾ ਲਵੋ।ਦੇਸ਼ ਵਾਸੀਆਂ ਨੂੰ ਜਿੱਥੇ ਮੌਜੂਦਾ ਬਿਮਾਰੀਆਂ ਅਤੇ ਇਸਦੇ ਇਲਾਜ ਦੀਆਂ ਘਾਟਾਂ ਨੇ ਚਿੰਤਾ ਵਿੱਚ ਡੁਬੋਇਆ ਹੋਇਆ ਹੈ, ਉੱਥੇ ਸਰਕਾਰੀ ਝੂਠ ਅਤੇ ਅੰਧਭਗਤਾਂ ਦੇ ਝੂਠ ਨੇ ਹਿਲਾ ਕੇ ਰੱਖ ਦਿੱਤਾ ਹੈ। ਜਿਸ ਯੂ ਪੀ ਵਿੱਚ ਫਰਿੱਜ ਵਿੱਚ ਪਿਆ ਬੱਕਰੇ ਦਾ ਮੀਟ ਅੰਧ ਭਗਤਾਂ ਨੂੰ ਗਊ ਦਾ ਮੀਟਾ ਦਿਸ ਪੈਂਦਾ ਹੈ, ਉਨ੍ਹਾਂ ਨੂੰ ਅੱਜ ਸਰੇਆਮ ਪਈਆਂ ਗੰਗਾ ਕਿਨਾਰੇ ਲਾਸ਼ਾਂ, ਬਾਵਜੂਦ ਇੱਲ੍ਹਾਂ, ਕਾਵਾਂ ਅਤੇ ਕੁੱਤਿਆਂ ਵੱਲੋਂ ਇਸਦੀ ਨਿਸ਼ਾਨਦੇਹੀ ਕਰਨ ਦੇ ਨਹੀਂ ਦਿਸ ਰਹੀਆਂ। ਠੀਕ ਇਸੇ ਤਰ੍ਹਾਂ ਜਦ ਭਾਰਤ ਗਵਾਂਢੀ ਦੇਸ਼ ਖ਼ਿਲਾਫ਼ ਸਰਜੀਕਲ ਸਟਰਾਈਕ ਕਰਦਾ ਹੈ ਤਾਂ ਬੰਬ ਸਿੱਟਣ ਤੋਂ ਬਾਅਦ ਝੱਟ ਮੌਤਾਂ ਦੀ ਗਿਣਤੀ ਦੱਸ ਦਿੰਦਾ ਹੈ। ਅੱਜ ਉਹ ਗੋਦੀ ਮੀਡੀਆ ਮੌਤਾਂ ਸੰਬੰਧੀ ਮੂਰਛਤ ਕਿਉਂ ਹੋਇਆ ਪਿਆ ਹੈ? ਕੁਲ ਹੋਈਆਂ ਮੌਤਾਂ ਦਾ ਸੱਚ ਸਾਹਮਣੇ ਕਿਉਂ ਨਹੀਂ ਆ ਰਿਹਾ? ਸ਼ਾਇਦ ਮੌਜੂਦਾ ਸਰਕਾਰ ਅਜਿਹਾ ਝੂਠ ਬੋਲ ਕੇ, ‘ਸਭ ਅੱਛਾ ਹੈ’ ਦਾ ਭਰਮ ਪਾਲਣਾ ਚਾਹੁੰਦੀ ਹੈ। ਅਜਿਹੀ ਹਾਲਤ ਵਿੱਚ ਜਨਤਾ ਦੀ ਵੱਧ ਤੋਂ ਵੱਧ ਸ਼ਮੂਲੀਅਤ ਹੀ ਸਰਕਾਰ ਨੂੰ ਸਮਝਾ ਅਤੇ ਹਰਾ ਸਕਦੀ ਹੈ। ਸ਼ਮੂਲੀਅਤ ਲਈ ਫਰੰਟ ਭਾਵੇਂ ਕੋਈ ਵੀ ਹੋਵੇ, ‘ਸਾਨੂੰ ਕੀ?’ ਦੀ ਪਾਲਿਸੀ ਤਿਆਗ ਕੇ ‘ਸਾਨੂੰ ਕਿਉਂ ਨਹੀਂ?’ ਦੀ ਨੀਤੀ ਅਪਨਾਉਣੀ ਪਵੇਗੀ। ਹੁਣ ਤਕ ਅਸੀਂ ਆਪਣਾ ਬਹੁਤ ਕੁਝ ਗਵਾ ਚੁੱਕੇ ਹਾਂ, ਹੋਰ ਨਾ ਗਵਾਚੇ, ਇਸ ਲਈ ਸਾਨੂੰ ਪੰਛੀਆਂ ਦੇ ਝੁੰਡ ਵਾਂਗ ਇਕੱਠੇ ਉੱਠਣਾ ਹੋਵੇਗਾ। ਉਹ ਵੀ ਬਿਨਾਂ ਕਿਸੇ ਭੇਦ-ਭਾਵ ਦੇ, ਅੱਜ ਦੇ ਦਿਨਾਂ ਵਿੱਚ ਦੇਸ਼ ਹਿਤ ਲਈ ਲੜਨ ਵਾਲੀਆਂ ਸਿਆਸੀ ਪਾਰਟੀਆਂ ਦੇ ਕਾਰਕੁਨ ਕਰੋੜਾਂ ਵਿੱਚ ਹੋਣਗੇ, ਸਿਹਤ ਕਰਮਚਾਰੀ 60 ਲੱਖ ਦੇ ਲਗਭਗ ਹਨ, 20 ਲੱਖ ਦੇ ਲਗਭਗ ਫੌਜੀ ਜਵਾਨ ਹਨ। ਜੇਕਰ ਸਭ ਸਾਫ਼ ਨੀਤੀ ਨਾਲ ਇਕੱਠੇ ਹੋ ਜਾਣ ਤਾਂ ਕਿਸੇ ਵੀ ਮਹਾਂਮਾਰੀ ਤੇ ਆਫ਼ਤ ਖਿਲਾਫ ਲੜ ਕੇ ਬੜੀ ਅਸਾਨੀ ਨਾਲ ਉਸ ਦਾ ਲੱਕ ਤੋੜਿਆ ਜਾ ਸਕਦਾ ਹੈ। ਵਰਨਾ ਉਦੋਂ ਤਕ ਮੌਜੂਦਾ ਸਰਕਾਰ ਸਭ ਬਿਮਾਰੀਆਂ ਦਾ ਇਲਾਜ ਝੂਠ ਦੇ ਚਿਮਟੇ ਨਾਲ ਹੀ ਕਰਦੀ ਰਹੇਗੀ