ਪੰਜਾਬ ,31 ਮਈ (ਬੁਲੰਦ ਆਵਾਜ ਬਿਊਰੋ) – ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਜੀ, ਸਿੱਖ ਕੌਮ ਦਾ ਉਹ ਅਜ਼ੀਮ ਨਾਇਕ ਜੋ ਇਕ ਆਮ ਪੇਂਡੂ ਦੇ ਪੱਧਰ ਤੋਂ ਉੱਠ ਕੇ ਭਾਰਤੀ ਫ਼ੌਜ ਵਿਚ ਜਰਨੈਲ ਦੇ ਅਹੁਦੇ ਉੱਤੇ ਪਹੁੰਚਿਆ ਅਤੇ ਕੌਮੀ ਫ਼ਰਜ਼ ਨਿਭਾਉਣ ਦਾ ਸੱਦਾ ਆਉਣ ’ਤੇ ਸਕੂਨ ਦੀ ਜ਼ਿੰਦਗੀ ਗੁਜ਼ਾਰਨ ਦੀਆਂ ਆਪਣੀਆਂ ਸਾਰੀਆਂ ਖੁਵਾਇਸ਼ਾਂ ਨੂੰ ਤਿਆਗ, ਜਾਨ ਕੁਰਬਾਨ ਕਰਨ ‘ਚ ਰਤਾ ਸਮਾਂ ਨਾ ਲਾਉਦਾ ਹੋਇਆ ਮਰਦ- ਏ- ਮੁਜਾਹਿਦ ਬਾਬਾ ਏ ਕੌਮ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਦੋ ਜਹਾਨ ਦਾ ਬੇਲੀ ਹੋ ਨਿੱਬੜਿਆ।
ਜਨਰਲ ਭਾਈ ਸੁਬੇਗ ਸਿੰਘ, ਪਿੰਡ ਖ਼ਿਆਲਾ ਖ਼ੁਰਦ ਦੇ ਰਹਿਣ ਵਾਲੇ ਸਨ ਜੋ ਕਿ ਗੁਰੂ ਨਗਰੀ ਤੋਂ ਨੌਂ ਮੀਲ ਦੂਰ ਸ੍ਰੀ ਅੰਮ੍ਰਿਤਸਰ ਸਾਹਿਬ- ਲੋਪੋਕੇ ਚੁਗਾਵਾਂ ਰੋਡ ‘ਤੇ ਸਥਿਤ ਹੈ । ਆਪ ਜੀ ਦਾ ਪਰਿਵਾਰ ਪਿੰਡ ਵਿਚ ਖਾਂਦਾ-ਪੀਂਦਾ ਧਨੀ ਪਰਿਵਾਰ ਅਤੇ ਜ਼ਮੀਨਾਂ ਦਾ ਮਾਲਕ ਸੀ। ਆਪ ਜੀ ਪਿਤਾ ਭਗਵਾਨ ਸਿੰਘ ਅਤੇ ਮਾਤਾ ਪ੍ਰੀਤਮ ਕੌਰ ਦੇ ਸਭ ਤੋਂ ਵੱਡੇ ਪੁੱਤਰ ਸਨ। ਉਨ੍ਹਾਂ ਦੇ ਤਿੰਨ ਭਰਾ ਅਤੇ ਦੋ ਭੈਣਾਂ ਸਨ। ਜਨਰਲ ਸਾਹਿਬ ਦੇ ਪਰਿਵਾਰ ਨੂੰ ਕੁਝ ਲੋਕ ਬਿਨਾ ਖੋਜ ਪੜਤਾਲ ਦੇ ਹੀ 1740 ਵਿਚ ਸ੍ਰੀ ਹਰਿਮੰਦਰ ਸਾਹਿਬ ਅੰਦਰ ਬੇਅਦਬੀ ਕਰਨ ਵਾਲੇ ਮੱਸੇ ਰੰਘੜ ਦਾ ਸਿਰ ਭਾਈ ਸੁੱਖਾ ਸਿੰਘ ਮਾੜੀ ਕੰਬੋ ਕੇ ਨਾਲ ਮਿਲ ਕੇ ਵੱਢਣ ਵਾਲੇ ਭਾਈ ਮਹਿਤਾਬ ਸਿੰਘ ਭੰਗੂ ਨਾਲ ਜੋੜ ਲੈਂਦੇ ਹਨ। ਇਹ ਭੁਲੇਖਾ ਸ਼ਾਇਦ ਦੋਹਾਂ ਦਾ ਭੰਗੂ ਗੋਤ ਹੋਣ ਕਰਕੇ ਹੈ। ਲਿਹਾਜ਼ਾ ਅਜਿਹੀ ਕੋਈ ਗਲ ਨਹੀਂ ਹੈ। ਭਾਈ ਮਹਿਤਾਬ ਸਿੰਘ ਜੀ ਦਾ ਨਗਰ ਪਿੰਡ ਮੀਰਾਂ ਕੋਟ ਹੈ ਅਤੇ ਜਨਰਲ ਭਾਈ ਸੁਬੇਗ ਸਿੰਘ ਜੀ ਦਾ ਪਿੰਡ ਖ਼ਿਆਲਾ ਹੈ। ਨਾ ਹੀ ਪਿੰਡ ਖ਼ਿਆਲੇ ਦਾ ਨਾਮ ਕਦੀ ਖ਼ਿਆਲਾ ਨੰਦ ਸਿੰਘ ਵੱਜਦਾ ਰਿਹਾ। ਸ਼ਰਧਾ ਵੱਸ ਕੀਤੇ ਗਏ ਇਨ੍ਹਾਂ ਦਾਅਵਿਆਂ ਦੀ ਸਚਾਈ ਸੰਗਤ ਸਾਹਮਣੇ ਰੱਖਣੀ ਜ਼ਰੂਰੀ ਸਮਝ ਦਾ ਹਾਂ, ਕਿਉਂਕਿ ਇਹ ਭੁਲੇਖਾ ਪਾਊ ਲਿਖਤਾਂ ਅੱਗੇ ਜਾ ਕੇ ਇਤਿਹਾਸ ਨਾਲ ਇਨਸਾਫ਼ ਨਹੀਂ ਕਰਨਗੀਆਂ।
ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਜੀ ਦਾ ਪਿੰਡ ਖ਼ਿਆਲਾ, ਉਸ ਸਰਜ਼ਮੀਨ ’ਤੇ ਆਬਾਦ ਹੈ ਜਿੱਥੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਮੇਂ ਬਾਦਸ਼ਾਹ ਸ਼ਾਹਜਹਾਨ ਦੇ ਸ਼ਿਕਾਰੀ ’’ਬਾਜ਼’’ ਨੂੰ ਲੈ ਕੇ ਸੰਨ 1628 ’ਚ ਗੁਰੂ ਕੇ ਸਿੱਖਾਂ ਅਤੇ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਲਈ ਮੁਖਲਿਸ ਖਾਨ ਦੀ ਕਮਾਨ ਹੇਠ ਸ੍ਰੀ ਅੰਮ੍ਰਿਤਸਰ ’ਤੇ ਚੜ੍ਹ ਕੇ ਆਈ ਸਤ ਹਜ਼ਾਰ ਮੁਗ਼ਲ ਫ਼ੌਜ ਦਰਮਿਆਨ ਹੋਈ ਜੰਗ ਦੌਰਾਨ ਸ਼ਹੀਦੀ ਪਾਉਣ ਵਾਲੇ ਸ਼ਹੀਦ ਬਾਬਾ ਦਿੱਤਮਲ ਸ਼ਹੀਦ ( ਬਾਬੇ ਮੜ੍ਹ) ਜੀ ਦੇ ਪਾਵਨ ਸਰੂਪ ਦਾ ਜਿੱਥੇ ਅੰਤਿਮ ਸਸਕਾਰ ਕੀਤਾ ਗਿਆ। ਇਸ ਅਸਥਾਨ ’ਤੇ ਪਿੰਡ ਵੱਸਣ ਦੀ ਕਹਾਣੀ ਵੀ ਬੜੀ ਰੋਚਿਕ ਹੈ। ਪਿੰਡ ਖਿਆਲੇ ਦੇ ਲੋਕਾਂ ਲਈ ਮੱਸਿਆ ਤੋਂ ਬਾਅਦ ਚੌਥ ਵਾਲਾ ਦਿਨ ਬੜਾ ਮਹੱਤਵ ਵਾਲਾ ਰਿਹਾ ਹੈ, ਕਿਉਂਕਿ ਇਸੇ ਦਿਨ ਸੰਨ 1725 ਈਸਵੀ ਦੌਰਾਨ ਭਾਗੂ ( ਭੰਗੂ) ਅਤੇ ਬੀਬੀ ਸਲਵਾਣੀ ਵਿਆਹ ਉਪਰੰਤ ਬਾਬਾ ਮੜ੍ਹ ਦੇ ਇਸ ਅਸਥਾਨ ਨੂੰ ਪਵਿੱਤਰ ਮੰਨਦਿਆਂ ਪਿੰਡ ਵਸਾਉਣ ਲਈ ਮੋਹੜੀ ਗੱਡ ਦੇ ਹਨ ਅਤੇ ਬਾਬਾ ਮੜ੍ਹ ਜੀ ਨੂੰ ਸ਼ਰਧਾ ਨਾਲ ਮੱਥਾ ਟੇਕ ਮੁਰਾਦਾਂ ਮੰਗਦੇ ਹਨ। ਜੋ ਕਿ ਵਿਆਹ ਕੇ ਆਏ ਜੋੜਿਆਂ ’ਚ ਇਹ ਪ੍ਰਥਾ ਅੱਜ ਵੀ ਨਿਰੰਤਰ ਜਾਰੀ ਹੈ।
ਖ਼ਿਆਲਾ ਪਿੰਡ ਵਸਾਉਣ ਵਾਲੇ ਭਾਗੂ ( ਭੰਗੂ) ਦਾ ਨਾਤਾ ਮਾਲਵੇ ਦੇ ਰਿਆਸਤ ਪਟਿਆਲਾ ’ਚ ਸੁਨਾਮ ਦੇ ਕੋਲ ਪਿੰਡ ਕਣਕਵਾਲ (ਭੰਗੂਆਂ) ਨਾਲ ਹੈ। ਇਸ ਪਿੰਡ ਦੇ ਨਾਨਕ ਨਾਮ ਲੇਵਾ ਵਸਨੀਕ ਅਠਾਰ੍ਹਵੀਂ ਸਦੀ ਦੇ ਦੂਸਰੇ ਦਹਾਕੇ ਦੌਰਾਨ ਮੱਸਿਆ ਸੰਗਰਾਂਦ ’ਤੇ ਸੰਗਤੀ ਰੂਪ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਲਈ ਅੰਮ੍ਰਿਤਸਰ ਆਇਆ ਕਰਦੇ ਸਨ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿਚ ਸੇਵਾ ਕਰ ਜੀਵਨ ਸਫਲਾ ਕਰਿਆ ਕਰਦੇ ਸਨ। ਇਕ ਵਾਰ ਉਕਤ ਸੰਗਤ ਨਾਲ ਇਕ 12 ਸਾਲ ਦਾ ਅਨਾਥ ਬਚਾ ਭਾਗੂ ( ਭੰਗੂ) ਵੀ ਆਇਆ। ਜਦ ਸੰਗਤ ਵਾਪਸ ਪਰਤੀ ਤਾਂ ਭਾਗੂ ਨੂੰ ਕਿਸੇ ਨੇ ਵੀ ਵਾਪਸ ਚੱਲਣ ਲਈ ਨਹੀਂ ਕਿਹਾ। ਬੱਚਾ ਇੱਥੇ ਹੀ ਰਹਿ ਗਿਆ, ਜਾਣ ਪਛਾਣ ਵਾਲਾ ਨਜ਼ਰ ਨਾ ਆਉਣ ’ਤੇ ਉਹ ਜਾਰੋ ਜ਼ਾਰ ਰੋਣ ਲਗਾ। ਉਸ ਸਮੇਂ ਲੰਗਰ ਦੇ ਇੰਚਾਰਜ ਬਾਬਾ ਜੀ ਮਹਾਪੁਰਖਾਂ ਨੇ ਉਸ ਨੂੰ ਧੀਰਜ ਦਿੰਦਿਆਂ ਚੁੱਪ ਕਰਾਇਆ। ਕੋਈ ਹਮਸਾਇਆ ਨਾ ਹੋਣ ਕਾਰਨ ਉਹ ਇੱਥੇ ਹੀ ਰਹਿਣ ਲਗਾ ਤੇ ਗੁਰੂਘਰ ਦੀ ਸੇਵਾ ’ਚ ਤਤਪਰ ਰਹਿਣ ਲਗਾ । ਛੇ ਸਾਲਾਂ ਬਾਅਦ ਉਹ ਮੁੱਛ ਫੁੱਟ ਗੱਭਰੂ ਸੋਹਣਾ ਤੇ ਉੱਚਾ ਲੰਮਾ ਜਵਾਨ ਹੋ ਗਿਆ। ਨਵ ਵਿਆਹੇ ਜੋੜੇ ਦੇਖ ਮਨ ਵਿਚ ਉੱਠ ਰਹੀਆਂ ਰੀਝਾਂ ਨੇ ਆਪਣਾ ਹਾਣ ਲੱਭਣ ’ਤੇ ਲਾ ’ਤਾ। ਇਕ ਦਿਨ ਆਪਣੇ ਮਨ ’ਚ ਗੁਰੂ ਰਾਮਦਾਸ ਜੀ ਅੱਗੇ ਫ਼ਰਿਆਦ ਕਰਦਿਆਂ ਕਿ ਮੈ ਅਨਾਥ ਦਾ ਨਾਥ ਤੂ ਹੈ, ਕੋਈ ਭਾਗੂ ਕਹਿੰਦਾ ਕੋਈ ਭੰਗੂ ਪਤਾ ਨਹੀਂ ਮੈ ਨੀਚ ਹਾਂ ਜਾਂ ਊਚ ਹਾਂ। ਪਾਤਿਸ਼ਾਹ ਤੇਰੇ ਨਗਰ ਦੇ ਕੁਝ ਕੋਹ ’ਤੇ ਮੇਰਾ ਵੀ ਘਰ ਹੋਵੇ। ਸੋਹਣੀ ਸੁਨੱਖੀ ਨਾਰ ਹੋਵੇ। ਜ਼ਮੀਨ ਜਾਇਦਾਦ ਦਾ ਮਾਲਕ ਹੋਵਾਂ। ਦੇਖੋ ਯਤੀਮ ਭਾਗੂ ਦੀਆ ਇਨ੍ਹਾਂ ਅਰਦਾਸ ਪ੍ਰਤੀ ਗੁਰੂ ਸਾਹਿਬ ਕੀ ਬਿਧ ਬਣਾਉਂਦੇ ਹਨ। ਇਕ ਦਿਨ ਲਊ ਕੁਸ਼ ਦੀ ਵਾਰਤਾ ਸੁਣੀ ਤਾਂ ਭਾਗੂ ਅੰਦਰ ਉਸ ਜਗਾ ਨੂੰ ਦੇਖਣ ਦੀ ਤਾਂਘ ਉੱਠੀ, ਉੱਠੀ ਕੀ ਉੱਠ ਕੇ ਉੱਧਰ ਹੋ ਤੁਰਿਆ। ਇਹ ਪ੍ਰਸਿੱਧ ਅਸਥਾਨ ਰਾਮ ਤੀਰਥ ਬਾਲਮੀਕ ਆਸ਼ਰਮ ਜਿੱਥੇ ਮਾਤਾ ਸੀਤਾ ਜੀ ਨੇ ਬਣਵਾਸ ਦੇ 12 ਸਾਲ ਬਤੀਤ ਕੀਤੇ, ਗੁਰੂ ਨਗਰੀ ਤੋਂ ਛੇ ਕੋਹ ਦੂਰ ਪੱਛਮ ਵਲ ਹੈ। ਰਸਤੇ ’ਚ ਜੰਗਲ ਦੇ ਕੁਦਰਤੀ ਨਜ਼ਾਰਿਆਂ ਦਾ ਭਾਗੂ ਦੇ ਮਨ ਨੇ ਅਨੰਦ ਮਾਣਿਆ । ਰਾਮ ਤੀਰਥ ਪਹੁੰਚ ਕੇ ਮੰਦਰ ’ਚ ਆਪਣੀ ਹਾਜ਼ਰੀ ਲਵਾਈ, ਫਿਰ ਨਾਲ ਵਗ ਰਹੀ ਤਾਮਸਾ ਨਦੀ ( ਹੁਣ ਗੰਦੇ ਨਾਲੇ ’ਚ ਤਬਦੀਲ ਕੀਤਾ ਜਾ ਚੁੱਕਿਆ) ਦੇ ਕਿਨਾਰੇ ਕਿਨਾਰੇ ਲਹਿੰਦੇ ਵਲ ਨੂੰ ਰਵਾਨਾ ਹੋ ਗਿਆ। ਰਸਤੇ ਵਿਚ ਕੁੜੀਆਂ ਦੀ ਢਾਣੀ ਤੇ ਉਸ ’ਚੋ ਇਕ ਸੋਹਣੀ ਸੁਨੱਖੀ ਮੁਟਿਆਰ ਜਿਸ ਨੂੰ ਕੁੜੀਆਂ ਸਲਵਾਣੀ ਕਰ ਕੇ ਸੱਦ ਰਹੀਆਂ ਸਨ, ਨੂੰ ਦੂਰ ਤੀਕ ਜਾਂਦੀ ਨੂੰ ਦੇਖਦਾ ਰਿਹਾ। ਭਾਗੂ ਅੱਗੇ ਤੁਰਿਆ ਤਾਂ ਉਸ ਨੂੰ ਕੁਝ ਨੌਜਵਾਨ ਕਬੱਡੀ ਖੇਡ ਦੇ ਮਿਲੇ। ਭਾਗੂ ਵੀ ਜਾ ਖਲੋਤਾ। ਢੋਲ ਵੱਜਿਆ ਤੇ ਐਲਾਨ ਹੋਇਆ ਅਤੇ ਘੁਲ਼ਨ ਵਾਲੇ ਜਵਾਨ ਮੈਦਾਨ ਵਿਚ ਆ ਗਏ।
ਤ੍ਰਿਕਾਲਾਂ ਵੇਲੇ ਇਕ ਮਧਰੇ ਕਦ ਵਾਲੇ ਫੀਨ੍ਹੇ ਪਹਿਲਵਾਨ ਤੋਂ ਭੈ ਖਾਂਦਿਆਂ ਕੋਈ ਘੁਲਣਾ ਲਈ ਤਿਆਰ ਨਾ ਹੋਇਆ ਤਾਂ ਇਕ ਸਰਦਾਰ ਨੇ ਦੋ ਰੁਪਏ ਮਾਲੀ ਬੰਨ੍ਹ ਦਿੱਤੀ। ਆਵਾਜ਼ ਦੇਣ ’ਤੇ ਵੀ ਕੋਈ ਬਾਹਰ ਨਾ ਨਿਕਲਿਆ ਤਾਂ ਭਾਗੂ ਗੁਰੂ ਚਰਨਾਂ ’ਚ ਧਿਆਨ ਧਰ ਅਖਾੜੇ ’ਚ ਆਣ ਖਲੋਇਆ। ਪਿੰਡ ਵਾਲੇ ਲੋਕ ਉਦੋਂ ਹੈਰਾਨ ਰਹਿ ਗਏ ਜਦ ਮੁੱਛ ਫੁੱਟ ਗੱਭਰੂ ਭਾਗੂ ਨੇ ਫੀਨ੍ਹੇ ਪਹਿਲਵਾਨ ਨੂੰ ਢਾਹ ਲਿਆ। ਮਾਲੀ ਭੰਨਣ ਵਾਲਾ ਸਰਦਾਰ ਸਿਫ਼ਤ ਕਰਨੋਂ ਨਾ ਰਹਿ ਸਕਿਆ। ਰਾਤ ਆਪਣੇ ਕੋਲ ਰਹਿਣ ਲਈ ਕਿਹਾ। ਇਹ ਸਰਦਾਰ ਹੋਰ ਕੋਈ ਨਹੀਂ ਸਲਵਾਣੀ ਦਾ ਪਿਤਾ ਅਤੇ ਤਾਮਸਾ ਨਦੀ ਦੇ ਕਿਨਾਰੇ ਵੱਸ ਰਹੇ ਬੋਪਾਰਾਏ ਪਿੰਡ ਦਾ ਰਾਜਾ ਸੀ। ਜੋ ਕਿ ਦੂਰ ਦੂਰ ਤਕ ਦੇ ਜ਼ਮੀਨਾਂ ਦਾ ਮਾਲਕ ਸੀ। ਸਰਦਾਰ ਨੇ ਭਾਗੂ ਨੂੰ ਘਰ ਲਿਜਾ ਕੇ ਬਹੁਤ ਸੇਵਾ ਕੀਤੀ। ਆਪਣੇ ਟੱਬਰ ਨੂੰ ਘੋਲ ’ਚ ਭਾਗੂ ਦੇ ਮਾਲੀ ਜਿੱਤਣ ਬਾਰੇ ਦੱਸਿਆ। ਸਲਵਾਣੀ ਵੀ ਭਾਗੂ ਨੂੰ ਦੇਖ ਬਹੁਤ ਖ਼ੁਸ਼ ਸੀ। ਬੀਬੀ ਸਲਵਾਣੀ ਦੀ ਮਾਂ ਨੂੰ ਵੀ ਆਪਣੀ ਧੀ ਲਈ ਅਜਿਹੇ ਵਰ ਦੀ ਹੀ ਲੋਚਾ ਸੀ। ਬੇਸ਼ੱਕ ਭਾਗੂ ਉਸ ਟੱਬਰ ਵਿਚ ਉਸ ਵਕਤ ਬੁਰੀ ਤਰਾਂ ਸ਼ਰਮਾ ਰਿਹਾ ਸੀ। ਗਲੀਂ ਬਾਤੀਂ ਭਾਗੂ ਦੇ ਅਨਾਥ ਹੋਣ ਬਾਰੇ ਪਤਾ ਲੱਗਣ ’ਤੇ ਸਰਦਾਰ ਦਾ ਮਨ ਪਸੀਜ ਗਿਆ ਤੇ ਉਸ ਨੇ ਭਾਗੂ ਨੂੰ ਆਪਣੇ ਕੋਲ ਰਹਿਣ ਲਈ ਮਨਾ ਲਿਆ। ਭਾਗੂ ਸਰਦਾਰ ਦੇ ਮਾਲ ਡੰਗਰ ਤੇ ਜ਼ਮੀਨਾਂ ਦਾ ਖ਼ਿਆਲ ਰੱਖਣ ਲਗਾ। ਕੁਝ ਅਰਸੇ ਬਾਅਦ ਸ਼ਿਕਾਰ ਖੇਡਣ ਆਏ ਇਕ ਪਹਾੜੀ ਰਾਜੇ ਦੀ ਨਜ਼ਰ ਬੀਬੀ ਸਲਵਾਣੀ ’ਤੇ ਪਈ ਤਾਂ ਉਸ ਨੇ ਸਰਦਾਰ ਤੋਂ ਸਲਵਾਣੀ ਦਾ ਹੱਥ ਮੰਗ ਲਿਆ। ਸਰਦਾਰ ਨੇ ਆਪਣੇ ਟੱਬਰ ਨਾਲ ਸਲਾਹ ਕਰ ਕੇ ਦੱਸਣ ਦੀ ਗਲ ਕਹੀ। ਸਰਦਾਰ ਨੇ ਜਦ ਟੱਬਰ ਨੂੰ ਦੱਸਿਆ ਕਿ ਧੀ ਦਾ ਰਿਸ਼ਤਾ ਮੰਗਣ ਵਾਲਾ ਬੰਦਾ ਇਕ ਪਹਾੜੀ ਰਾਜਾ ਹੈ। ਇਹ ਸੁਣ ਦਿਆਂ ਸਭ ਨੇ ਬੀਬੀ ਸਲਵਾਣੀ ਦਾ ਰਿਸ਼ਤਾ ਉਸ ਪਹਾੜੀ ਰਾਜੇ ਨਾਲ ਕਰਨ ਤੋਂ ਮਨਾ ਕਰ ਦਿੱਤਾ ਕਿ, ਇਕ ਤਾਂ ਪਹਾੜਾਂ ਜੰਗਲਾਂ ’ਚ ਜਾਂਦਿਆਂ ਕਈ ਦਿਨ ਤੇ ਰਾਤਾਂ ਗੁੱਜਰ ਜਾਣਗੀਆਂ, ਆਪਣੀ ਧੀ ਨੂੰ ਦੇਸ਼ ਨਿਕਾਲ਼ਾ ਨਹੀਂ ਦੇ ਸਕਦੇ। ਦੂਜਾ ਇਹ ਪਹਾੜੀ ਅਸੀਂ ਪੰਜਾਬੀ ਸਰਦਾਰ। ਰਿਸ਼ਤਾ ਕਿਵੇਂ ਦੇ ਦੇਈਏ। ਇਨ੍ਹਾਂ ਨਾਲ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਅਨੇਕਾਂ ਜੰਗਾਂ ਹੁੰਦੀਆਂ ਰਹੀਆਂ। ਸਰਦਾਰ ਨੇ ਰਾਜੇ ਨੂੰ ਨਾਂਹ ਤਾਂ ਕਰ ਦਿੱਤੀ ਪਰ ਤੌਖਲਾ ਇਹ ਵੀ ਰਿਹਾ ਕਿ ਪਹਾੜੀ ਰਾਜਾ ਫ਼ੌਜ ਲਿਆ ਕੇ ਚੜ੍ਹਾਈ ਹੀ ਨਾ ਕਰ ਦੇਵੇ। ਇਹ ਸੋਚ ਉਨ੍ਹਾਂ ਧੀ ਵਿਆਹੁਣ ਲਈ ਵਰ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪਰ ਬੀਬੀ ਸਲਵਾਣੀ ਦੇ ਲਾਇਕ ਕਿਤੇ ਵੀ ਕੋਈ ਵਰ ਨਾ ਮਿਲਿਆ। ਤ੍ਰਿਕਾਲਾਂ ਵੇਲੇ ਭਾਗੂ ਬੇਲੇ ’ਚੋਂ ਵੱਗ ਚਾਰ ਕੇ ਲੈ ਆਇਆ ਤੇ ਹਵੇਲੀ ਵੜਦਿਆਂ ਨੂੰ ਬੀਬੀ ਸਲਵਾਣੀ ਦੀ ਦਾਦੀ ਨੇ ਦੇਖ ਲਿਆ। ਭਾਗੂ ਨੂੰ ਦੇਖ ਦਾਦੀ ਕਹਿਣ ਲੱਗੀ ਕਿ ਇਹ ਸੀਤਲ ਸੁਭਾਅ ਵਾਲਾ ਸਲਵਾਣੀ ਦੇ ਹਾਣ ਪਰਵਾਨ ਇਸ ਤੋਂ ਚੰਗਾ ਵਰ ਕਿਤਿਓਂ ਨਹੀਂ ਮਿਲ ਸਕਦਾ, ਇਸੇ ਨਾਲ ਸਲਵਾਣੀ ਦਾ ਵਿਆਹ ਕਰਦਿਓ ਤੇ ਨਦੀ ਤੋਂ ਪਾਰ ਜ਼ਮੀਨ ਦਾਜ ਵਿਚ ਦੇ ਦਿਆਂਗੇ, ਆਪੇ ਘਰ ਘਾਟ ਬਣਾ ਲੈਣਗੇ। ਦਾਦੀ ਮਾਂ ਦੇ ਇਹ ਬਚਨ ਸਰਦਾਰ ਨੇ ਸਿਰ ਮੱਥੇ ਪਰਵਾਨ ਕੀਤਾ। ਇਹ ਰਿਸ਼ਤਾ ਜਦ ਤੈਅ ਹੋਇਆ ਭਾਗੂ ਜਾਂ ਬੀਬੀ ਸਲਵਾਣੀ ਨੂੰ ਪਤਾ ਤਕ ਨਹੀਂ ਸੀ। ਫਿਰ ਰੀਤ ਅਨੁਸਾਰ ਭਾਗੂ ਅਤੇ ਸਲਵਾਣੀ ਨੂੰ ਸ਼ਗਨ ਲਾਉਣ ਦੀ ਰਸਮ ਪੂਰੀ ਕੀਤੀ ਗਈ।
ਕੁਝ ਦਿਨਾਂ ਬਾਅਦ ਵਿਆਹ ਦਾ ਕਾਰਜ ਸੰਪੂਰਨ ਹੋਇਆ ਤੇ ਸਰਦਾਰ ਨੇ ਰਿਸ਼ਤੇਦਾਰਾਂ ਨਾਲ ਸਲਾਹ ਕੀਤੀ ਕਿ ਧੀ ਦੀ ਡੋਲੀ ਕਿਧਰ ਪਾਸੇ ਤੋਰੀ ਜਾਵੇ। ਉਤਰ ਦਿਸ਼ਾ ਵਿਚ ਜਾਣਾ ਸ਼ੁੱਭ ਮੰਨਦਿਆਂ ਰਾਤ ਠਹਿਰਨ ਲਈ ਸਮਾਨ ਅਤੇ ਬੰਦੇ ਤੇ ਲਾਗਣਾਂ ਨੂੰ ਜਾਣ ਲਈ ਤਿਆਰ ਕੀਤਾ ਗਿਆ। ਸਾਰਾ ਬੰਦੋਬਸਤ ਕਰ ਕਾਫ਼ਲਾ ਨਿਕਲਿਆ ਅਤੇ ਪਤਨ ਤੋਂ ਦਰਿਆ ਪਾਰ ਕਰਦਿਆਂ ਕੁਝ ਦੂਰ ਜਾ ਕੇ ਮਹਾਂਪੁਰਖਾਂ ਦੇ ਅਸਥਾਨ ( ਬਾਬਾ ਮੜ੍ਹ)’ਤੇ ਡੋਲੀ ਰੱਖ ਦਿੱਤੀ ਗਈ ਅਤੇ ਰਹਿਣ ਦਾ ਬੰਦੋਬਸਤ ਕੀਤਾ ਗਿਆ। ਦਿਨ ਚੜ੍ਹਦਿਆਂ ਨੂੰ ਭਾਗੂ ਨੇ ਪਿੰਡ ਬੰਨ੍ਹਣ ਲਈ ਮੋੜ੍ਹੀ ਗੱਡ ਦਿੱਤੀ। ਡੋਲੀ ਬੋਪਾਰਾਏ ਪਰਤ ਜਾਣ ਉਪਰੰਤ ਉੱਥੇ ਸਭ ਤੋਂ ਪਹਿਲਾਂ ਖੂਹ ਪੁੱਟਿਆ ਗਿਆ, ਫਿਰ ਰਹਿਣ ਬਸੇਰਾ। ਪਿੰਡ ਦਾ ਨਾਮ ਰੱਖਣ ਦੀ ਵਾਰੀ ਆਈ ਤਾਂ ਦਾਦੀ ਮਾਂ ਨੇ ਕਿਹਾ ’’ਅਸੀਂ ਖ਼ਿਆਲਾਂ ਦੇ ਘੋੜੇ ਲਾਗੇ ਪਿੰਡਾਂ ’ਚ ਦੁੜਾਏ, ਫਿਰ ਪੁੱਤ ਸਾਡੇ ਖ਼ਿਆਲ ’ਚ ਆਇਆ ਕਿ ਸਾਡਾ ਜਵਾਈ ਤਾਂ ਸਾਡੇ ਘਰ ਹੀ ਹੈ। ਸੋ ਇਸ ਖ਼ਿਆਲਾਂ ਤੋਂ ਪਿੰਡ ਦਾ ਨਾਮ ’’ਖ਼ਿਆਲਾ’’ ਰੱਖ ਦੇਈਏ।’’ ਇਸ ਤਰਾਂ ਇਸ ਪਿੰਡ ਦਾ ਨਾਮ ’’ਖ਼ਿਆਲਾ’’ ਪ੍ਰਸਿੱਧ ਹੋਇਆ। ਹੁਣ ਭਾਗੂ ਦੰਪਤੀ ਨੂੰ ਜਗੀਰ ਵੀ ਦੇਣੀ ਸੀ । ਸੋ ਸਰਦਾਰ ਨੇ ਕਿਹਾ ਦਿਨ ਚੜ੍ਹੇ ਜਿੰਨੇ ਥਾਂ ਘੋੜਾ ਫੇਰ ਲਵੇ ਉਹ ਜ਼ਮੀਨ ਤੇਰੀ। ਸੋ ਭਾਗੂ ਨੇ ਦਿਨ ਚੜ੍ਹੇ ਬੋਪਾਰਾਏ ਹਵੇਲੀ ਤੋਂ ਘੋੜੇ ਨੂੰ ਕਾਠੀ ਪਾਈ ਅਤੇ ਤਾਮਸਾ ਨਦੀ ਪਾਰ ਕਰ ਦਿਆਂ ਘੋੜਾ ਫੇਰ ਅਤੇ ਵਾਪਸ ਸਹੁਰੇ ਦੀ ਹਵੇਲੀ ਜਾ ਘੋੜਾ ਬੰਨ੍ਹਿਆ। ਨਾਲ ਗਏ ਅਸਵਾਰਾਂ ਤੋਂ ਸਰਦਾਰ ਨੇ ਘੋੜਾ ਫੇਰਨ ਦੀ ਸਾਰੀ ਜਾਣਕਾਰੀ ਲਈ ਤਾਂ ਪਤਾ ਲੱਗਿਆ ਕਿ ਹਵੇਲੀ ਤੋਂ ਹੀ ਸਵਾਰੀ ਸ਼ੁਰੂ ਹੋਈ ਤੇ ਹਵੇਲੀ ਆਣ ਉੱਤਰਿਆ ਤਾਂ ਉਸ ਨੇ ਹਵੇਲੀ ਤੇ ਪਿੰਡ ਖ਼ਾਲੀ ਕਰਨ ਦਾ ਹੁਕਮ ਦੇ ਦਿੱਤਾ। ਇਹੀ ਕਾਰਨ ਹੈ ਕਿ ਅੱਜ ਵੀ ਪਤਨ ਦੇ ਨਾਲ ਖ਼ਾਲੀ ਕੀਤਾ ਗਿਆ ਪਿੰਡ ਥੇਹ ਦੇ ਰੂਪ ’ਚ ਮੌਜੂਦ ਹੈ। ਇਸ ਉਪਰੰਤ ਸਰਦਾਰ ਨੇ ਆਪਣੇ ਪੁੱਤਰਾਂ ਦੇ ਨਾਮ ’ਤੇ ਤਿੰਨ ਪਿੰਡ ਬੋਪਾਰਾਏ ਕਲਾਂ, ਬੋਪਾਰਾਏ ਖ਼ੁਰਦ ਅਤੇ ਬੋਪਾਰਾਏ ਬਾਜ਼ ਸਿੰਘ ਵਸਾ ਲਏ।
ਭਾਗੂ ਨੇ ਆਪਣੇ ਅਧੀਨ ਆਈ ਜ਼ਮੀਨ ਵਾਹੀ ਯੋਗ ਬਣਾ ਲਈ, ਫ਼ਸਲ ਚੰਗੀ ਹੋਣ ਲੱਗੀ ਅਤੇ ਕੰਮ ਦਾ ਬੋਝ ਵਧਣ ਲਗਾ। ਬੀਬੀ ਸਲਵਾਣੀ ਦੇ ਘਰ ਦੇ ਕੰਮ ਦੇ ਬੋਝ ਨੂੰ ਵੰਡਣ ਲਈ ਬੀਬੀ ਦੇ ਮਾਪਿਆਂ ਨੇ ਭਾਗੂ ਦਾ ਇਕ ਹੋਰ ਵਿਆਹ ਕਰ ਦੇਣ ਦੀ ਗਲ ਕੀਤੀ ਤਾਂ ਬੀਬੀ ਸਲਵਾਣੀ ਨੇ ਕੋਟਲੇ ਤੋਂ ਆਪਣੀ ਪਸੰਦ ਦੀ ਤੀਵੀਂ ’ਬੀਬੀ ਧਿਆਨੀ’ ਨਾਲ ਭਾਗੂ ਦਾ ਇਕ ਹੋਰ ਵਿਆਹ ਕੀਤਾ। ਦੋਵੇਂ ਤੀਵੀਆਂ ਖ਼ੁਸ਼ੀ ਖ਼ੁਸ਼ੀ ਰਹਿਣ ਲੱਗੀਆਂ। ਬੀਬੀ ਸਲਵਾਣੀ ਦੀ ਕੁੱਖੋਂ 14 ਪੁੱਤਰ ਅਤੇ ਇਕ ਧੀ ਨੇ ਜਨਮ ਲਿਆ ਅਤੇ ਬੀਬੀ ਧਿਆਨੀ ਦੀ ਕੁੱਖੋਂ 11 ਪੁੱਤਰ ਅਤੇ ਦੋ ਧੀਆਂ ਨੇ ਜਨਮ ਲਿਆ। ਅੱਗੋਂ ਮਨਾਂ ਦੀ ਔਲਾਦ ਵਧੀ ਫੁੱਲੀ । ਇਸ ਤਰਾਂ ਇਕ ਵੱਸਦਾ ਘਰ ਪਿੰਡ ਵਿਚ ਤਬਦੀਲ ਹੋ ਗਿਆ। ਬੀਬੀ ਸਲਵਾਣੀ ਦੇ ਸੰਤਾਨ ਦੀ ਵਸੋਂ ਪਿੰਡ ਵੱਡਾ ਖ਼ਿਆਲਾ ( ਖ਼ਿਆਲਾ ਕਲਾਂ) ਅਤੇ ਬੀਬੀ ਧਿਆਨੀ ਦੇ ਪੁੱਤਰਾਂ ਨੂੰਹਾਂ ਲਈ ਪਿੰਡ ਦੇ ਉਤਰ ਦਿਸ਼ਾ ’ਚ ਮਕਾਨ ਬਣਾ ਕੇ ਦਿੱਤੇ ਗਏ, ਜਿਸ ਨੂੰ ਛੋਟਾ ਪਿੰਡ ਭਾਵ ਖ਼ਿਆਲਾ ਖ਼ੁਰਦ ਦੇ ਨਾਮ ਨਾਲ ਜਾਣਿਆ ਗਿਆ। ਅੰਗਰੇਜ਼ ਰਾਜ ਸਮੇਂ ’ਬਾਰ’ ਦੇ ਇਲਾਕੇ ਨੂੰ ਆਬਾਦ ਕਰਨ ਲਈ ਖਿੰਡ ਖ਼ਿਆਲਾ ਦੇ ਵਸਨੀਕ ਗਏ ਤਾਂ ਉਨ੍ਹਾਂ ਉੱਥੇ ਜੰਗਲ ਬੇਲੇ ਸਾਫ਼ ਕਰਦਿਆਂ ਚੱਕ ਨੰ: 57 ’ਚ ਖ਼ਿਆਲਾ ਨਾਊ ਦਾ ਪਿੰਡ ਵਸਾਇਆ। ਵੰਡ ਤੋਂ ਬਾਅਦ ਕੁਝ ਲੋਕ ਬਾਰ ਤੋਂ ਅੰਮ੍ਰਿਤਸਰ ਨੇੜੇ ਪਿੰਡ ਰਡਾਲਾ ਵਿਖੇ ਆ ਬੈਠੇ, ਕੁਝ ਘੁਮਾਣਾਂ ਤੋਂ ਅੱਗੇ ਪਿੰਡ ਮੀਕੇ, ਚਮਿਆਰੀ ਜਲੰਧਰ, ਖੁਣਖੁਣਾ, ਰਾਜਪੁਰ ਜ਼ਮੀਨ ਮਿਲੀ ਕੁਝ ਕੌਲੋਵਾਲ ਅਤੇ ਕੁਝ ਭੋਗਪੁਰ ਤੇ ਪਠਾਨਕੋਟ ’ਚ ਜਾ ਬੈਠੇ। ਇਸੇ ਤਰਾਂ ਦਿਲੀ ਵਿਖੇ ਵੀ ਪਿੰਡ ਖ਼ਿਆਲਾ ਵਸਾਇਆ ਗਿਆ। ਇੱਥੇ ਇਕ ਗਲ ਜ਼ਿਕਰਯੋਗ ਹੈ ਕਿ ਜਿੱਥੇ ਵੀ ਖਿਆਲੇ ਦੇ ਵਸਨੀਕ ਗਏ ਉਨ੍ਹਾਂ ਇੱਥੋਂ ਮੂਲ ਸਥਾਨ ਤੋਂ ਇੱਟਾਂ ਲਿਜਾ ਕੇ ਬਾਬਾ ਦਿਤਮਲ ਸ਼ਹੀਦ ਜੀ ਦਾ ਗੁਰਦੁਆਰਾ ਤਾਮੀਰ ਕਰਾਇਆ। ( ਪਿੰਡ ਦਾ ਇਤਿਹਾਸ ਇਥੇ ਹੀ ਬਸ ਕਰਦੇ ਹਾਂ- ਬਾਕੀ ਫਿਰ )
( ਪ੍ਰੋ: ਸਰਚਾਂਦ ਸਿੰਘ ਖ਼ਿਆਲਾ )