ਇੰਡੀਆ ਟੁਡੇ ਗਰੁੱਪ’ ਵੱਲੋਂ ਆਯੋਜਿਤ ‘ਸਫ਼ਾਈ ਗਿਰੀ ਅਵਾਰਡਜ਼’ ਵਿੱਚ ਵੱਖੋ-ਵੱਖ ਮਸ਼ਹੂਰ ਹਸਤੀਆਂ, ਕਾਰਪੋਰੇਟ ਅਦਾਰੇ ਆਦਿ ਨੂੰ “ਸਵੱਛ ਭਾਰਤ” ਬਣਾਉਣ ਲਈ ਸਨਮਾਨਿਤ ਕੀਤਾ ਜਾਂਦਾ ਹੈ| ਇਸ ਸਾਲ ਸਫ਼ਾਈ ਦੇ ਬ੍ਰਾਂਡ ਅੰਬੈਸਡਰ ਦਾ ਇਨਾਮ ਸਚਿਨ ਤੇਂਦੁਲਕਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦਿੱਤਾ| ਸੁਭਾਵਕ ਹੀ ਮਨ ਵਿੱਚ ਖ਼ਿਆਲ ਆਉਂਦਾ ਹੈ ਕਿ ਸਚਿਨ ਤੇਂਦੁਲਕਰ ਵਰਗੀਆਂ ਹਸਤੀਆਂ, ਕਾਰਪੋਰੇਟ ਕੰਪਨੀਆਂ ਦੇ ਮਾਲਕਾਂ ਦਾ ਦੇਸ਼ ਨੂੰ ਸਾਫ਼ ਰੱਖਣ ਵਿੱਚ ਕੀ ਯੋਗਦਾਨ ਹੈ? ਜ਼ਾਹਰ ਹੈ ਕੋਈ ਯੋਗਦਾਨ ਨਹੀਂ| ਸਗੋਂ ਇਹਨਾਂ ਦੇ ਨਿੱਜੀ ਜਹਾਜ਼, ਕਾਰਾਂ, ਸਨਅਤਾਂ, ਵੱਡੀਆਂ-ਵੱਡੀਆਂ ਪਾਰਟੀਆਂ ਵਾਤਾਵਰਨ ਵਿੱਚ ਹੋਰ ਪ੍ਰਦੂਸ਼ਣ ਹੀ ਫੈਲਾਉਂਦੀਆਂ ਹਨ| ਭਾਰਤ ਸਮੇਤ ਪੂਰੇ ਸੰਸਾਰ ਵਿੱਚ ਹੀ ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲ਼ੇ ਤੇ ਵਾਤਾਵਰਨ ਨੂੰ ਨੁਕਸਾਨ ਕਰਨ ਵਾਲ਼ੇ ਇਹ ਧਨਾਢ ਲੋਕ ਹੀ ਹਨ|
ਦੂਜੇ ਪਾਸੇ ਭਾਰਤ ਨੂੰ ਅਸਲ ਵਿੱਚ ਸਾਫ਼ ਰੱਖਣ , ਗਟਰਾਂ, ਨਾਲੀਆਂ ਸਾਫ਼ ਕਰਨ , ਕੂੜਾ-ਕਰਕਟ ਚੱਕਣ ਵਾਲ਼ਿਆਂ ਦਾ ਨਾਂ ਤਾਂ ਸਰਕਾਰ ਨੂੰ ਤੇ ਨਾਂ ‘ਸਫ਼ਾਈ ਗਿਰੀ ਅਵਾਰਡਜ਼’ ਵਾਲ਼ੇ ਇੰਡੀਆ ਟੁਡੇ ਗਰੁੱਪ ਨੂੰ ਭੋਰਾ ਭਰ ਵੀ ਫ਼ਿਕਰ ਹੈ| ਇੱਕ ਪਾਸੇ ਸਰਕਾਰ ਤੇ ਮੀਡੀਆ “ਸਵੱਛ ਭਾਰਤ” ਦੇ ਸੋਹਲੇ ਗਾਣੋਂ ਨਹੀਂ ਥੱਕਦੇ ਤੇ ਦੂਜੇ ਪਾਸੇ ਹਰ ਸਾਲ 600 ਤੋਂ ਵੀ ਵੱਧ ਗਟਰ ਸਾਫ਼ ਕਰਨ ਵਾਲ਼ੇ, ਜ਼ਰੂਰੀ ਸਾਜੋ-ਸਮਾਨ ਦੀ ਘਾਟ ਕਾਰਨ ਮੌਤ ਦੇ ਘਾਟ ਉੱਤਰ ਜਾਂਦੇ ਹਨ| ਇਹਨਾਂ ‘ਸਫ਼ਾਈ ਗਿਰੀ ਅਵਾਰਡਜ਼’ ਵਿੱਚ ਭਾਰਤ ਦੇ ਮੁੱਖਧਾਰਾ ਮੀਡੀਆ ਦੀ ਪੂਰੀ ਵਿਚਾਰਧਾਰਾ ਸਮੋਈ ਹੈ| ਇਹ ਮੀਡੀਆ ਭਾਰਤ ਨੂੰ ਅਸਲ ਵਿੱਚ ਸਾਫ਼ ਰੱਖਣ , ਪੂਰੇ ਦੇਸ਼ ਦਾ ਢਿੱਡ ਭਰਨ , ਸਾਰੇ ਲੋਕਾਂ ਦਾ ਨੰਗ ਢਕਣ ਵਾਲ਼ੀ ਕਿਰਤੀ-ਮਜ਼ਦੂਰ ਅਬਾਦੀ ਨੂੰ ਨਫ਼ਰਤ ਕਰਦਾ ਹੈ ਤੇ ਇਹਨਾਂ ਕਿਰਤੀ ਲੋਕਾਂ ਦੀ ਕਿਰਤ ਉੱਤੇ ਪਲਣ ਵਾਲ਼ੀਆਂ ਜੋਕਾਂ ਦਾ ਸਨਮਾਨ ਤੇ ਗੁਣਗਾਣ ਕਰਦਾ ਹੈ|