ਤਰਨਤਾਰਨ ਪੁਲਿਸ ਨੇ ਨਸ਼ਿਆਂ ਦੇ ਵਪਾਰੀਆਂ ‘ਤੇ ਸ਼ਿਕੰਜਾ ਕੱਸਦੇ ਹੋਏ ਇਨ੍ਹਾਂ ਕੋਲੋਂ ਵੱਡੀ ਤਾਦਾਦ ‘ਚ ਹੈਰੋਇਨ ਤੇ ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਹਨ। ਇਸ ਦੇ ਨਾਲ ਹੀ ਮੁਲਜ਼ਮਾਂ ਤੋਂ ਹੱਥਿਆਰ ਤੇ ਨਸ਼ੇ ਦੀ ਖਰੀਦੋ-ਪਰੋਖਤ ਲਈ ਇਸਤੇਮਾਲ ਤਿੰਨ ਲੱਖ 15 ਹਜ਼ਾਰ ਦੀ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ।
ਪੁਲਿਸ ਨੇ ਮੁਲਜ਼ਮਾਂ ਕੋਲੋਂ ਤਿੰਨ ਲਗਜ਼ਰੀ ਗੱਡੀਆਂ ਤੇ ਇੱਕ ਟਰੈਕਟਰ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ ‘ਚ ਉਨ੍ਹਾਂ ਨੇ ਨਸ਼ੀਲੇ ਪਦਾਰਥਾਂ ਸਣੇ ਇਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕਰਨ ‘ਚ ਕਾਮਯਾਬੀ ਹਾਸਲ ਕੀਤੀ।
ਤਰਨਤਾਰਨ ਪੁਲਿਸ ਦੇ ਅਧਿਕਾਰੀ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਥਾਣਾ ਖੇਮਕਰਨ ਦੀ ਪੁਲਿਸ ਨੇ ਕੰਵਲਜੀਤ ਸਿੰਘ, ਰਣਧੀਰ ਸਿੰਘ ਅਤੇ ਸੁਖਵੰਤ ਸਿੰਘ ਨੂੰ ਕਾਬੂ ਕਰ ਉਨ੍ਹਾਂ ਤੋਂ ਇੱਕ ਕਿਲੋ ਹੈਰੋਇਨ ਅਤੇ ਬਗੈਰ ਨੰਬਰ ਦੇ ਟ੍ਰੈਕਟਰ ਬਰਾਮਦ ਕੀਤਾ ਹੈ।
ਇਸੇ ਦੌਰਾਨ ਤਰਨਤਾਰਨ ਥਾਣਾ ਸਿਟੀ ਪੁਲਿਸ ਵੱਲੋਂ ਵੀ ਜਸਬੀਰ ਸਿੰਘ ਅਤੇ ਕਸ਼ਮੀਰ ਸਿੰਘ ਨਾਂ ਦੇ ਦੋ ਵਿਅਕਤੀਆਂ ਨੂੰ 11,500 ਨਸ਼ੀਲੀਆਂ ਗੋਲ਼ੀਆਂ ਅਤੇ ਤਿੰਨ ਲੱਖ 15 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਦੇ ਨਾਲ ਇੱਕ ਆਲਟੋ ਕਾਰ ਚੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਐਸਪੀ ਧਾਲੀਵਾਰ ਨੇ ਦੱਸਿਆ ਕਿ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਵੀ ਦੋ ਨਸ਼ੇ ਕਾਰੋਬਾਰੀਆਂ ਗੁਮੇਜ ਸਿੰਘ ਅਤੇ ਰਾਜਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਗੁਰਮੇਜ ਕੋਲੋਂ ਇੱਕ ਡਬਲ ਬੋਰ ਰਾਈਫਲ, ਇੱਕ 315 ਬੋਰ ਰਾਈਫਲ, ਇੱਕ ਪਿਸਟਲ, 39 ਜ਼ਿੰਦਾ ਕਾਰਤੂਸ ਸਣੇ ਫੋਰਚੂਨਰ ਅਤੇ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ। ਜਦਕਿ ਗੁਰਮੇਜ ਦਾ ਸਾਥੀ ਰਾਜਵਿੰਦਰ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ।